ਸਟੇਜ ਤੋਂ ਕਾਂਗਰਸੀ ਵਿਧਾਇਕ ਨੇ ਮਨਪ੍ਰੀਤ ਬਾਦਲ ਨੂੰ ਸੁਣਾਈਆਂ ਖਰੀਆਂ ਖਰੀਆਂ ਕੀਤੀ ਲਾਹ-ਪਾਹ, ਫਿਰ ਸਟੇਜ ਛੱਡਕੇ ਭੱਜਿਆ

Prabhjot Kaur
3 Min Read

ਫਿਰੋਜ਼ਪੁਰ : ਅੱਜ ਇੱਥੇ ਕਾਂਗਰਸ ਪਾਰਟੀ ਅਤੇ ਸਰਕਾਰ ਦੀ ਹਾਲਤ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਉਸ ਵੇਲੇ ਖਰਾਬ ਹੋ ਗਈ ਜਦੋਂ ਪੰਚਾਂ ਸਰਪੰਚਾਂ ਨੂੰ ਸਹੁੰ ਚੁਕਾਉਣ ਲਈ ਰੱਖੇ ਗਏ ਇੱਕ ਵਿਸ਼ਾਲ ਸਮਾਗਮ ਦੌਰਾਨ ਸੱਤਾ ਧਾਰੀ ਪਾਰਟੀ ਦੇ ਹਲਕਾ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਅੰਦਰ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਮਹੀਨਿਆਂ ਤੋਂ ਦਬਿਆ ਗੁੱਸੇ ਤੇ ਖਿੱਝ ਦਾ ਲਾਵਾ ਸਟੇਜ਼ ‘ਤੇ ਹੀ ਫੁੱਟ ਪਿਆ। ਇਸ ਦੌਰਾਨ ਜ਼ੀਰਾ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਸਟੇਜ਼ ‘ਤੇ ਜਾ ਕੇ ਮਾਇਕ ਫੜ ਲਿਆ ਤੇ ਆਪਣੀ ਹੀ ਸਰਾਕਰ ਦੇ ਖਿਲਾਫ ਤਾਬੜਤੋੜ ਹਮਲੇ ਕਰਦਿਆਂ ਪੈਂਦਿਆਂ ਹੀ ਪਹਿਲਾ ਸਵਾਲ ਪੁੱਛਿਆ ਕਿ ਇਹ ਪੰਚ ਤੇ ਸਰਪੰਚ ਸਹੁੰ ਕਿਸ ਚੀਜ਼ ਦੀ ਖਾਣ? ਕਿਉਂਕਿ ਅੱਜ ਤੱਕ ਨਾ ਤਾ ਪੰਜਾਬ ਚੋਂ ਨਸ਼ਾ ਖਤਮ ਹੋਇਆ ਹੈ ਤੇ ਨਾ ਹੀ ਭ੍ਰਿਸ਼ਟਾਚਾਰ।

ਇੱਥੇ ਬੋਲਦਿਆਂ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਅੱਜ ਜਿਸ ਪਾਸੇ ਵੀ ਨਿਗਾਹ ਮਾਰੋ ਕੋਈ ਵੀ ਪੈਸੇ ਲਏ ਬਿਨ੍ਹਾਂ ਕੰਮ ਨਹੀਂ ਕਰਦਾ। ਆਪਣੇ ਨਾਲ ਕਾਗਜਾਂ ਤੇ ਤਸਵੀਰਾਂ ਦਾ ਪੁਲੰਦਾ ਚੁੱਕੀ ਫਿਰਦੇ ਜ਼ੀਰਾ ਨੇ ਪੱਤਰਕਾਰਾਂ ਨੂੰ ਤਸਵੀਰਾਂ ਵਿਖਾਉਂਦਿਆਂ ਕਿਹਾ ਕਿ ਕੁਰਸੀਆਂ ਤੇ ਬੈਠੇ ਲੋਕ ਅੱਜ ਸ਼ਰੇਆਮ ਭ੍ਰਿਸ਼ਟਾਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਆਪਣੀ ਪੁਲਿਸ ਵਿੱਚ ਹੀ ਅਜਿਹੀਆਂ ਕਾਲੀਆਂ ਭੇਡਾਂ ਬੈਠੀਆਂ ਹਨ ਜੋ ਨਸ਼ਾ ਵਿਕਵਾਉਣ ਲਈ ਤਸ਼ਕਰਾਂ ਤੋਂ ਮਹੀਨੇ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨ੍ਹਾਂ ਲੋਕਾਂ ਦੇ ਖਿਲਾਫ ਸਰਕਾਰ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਉਹ ਅਜਿਹੇ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੋਣਗੇ। ਇਹ ਕਹਿ ਕੇ ਉਹ ਸਮਾਗਮ ਦਾ ਬਾਈਕਾਟ ਕਰਕੇ ਉੱਥੋਂ ਬਾਹਰ ਚਲੇ ਗਏ। ਜੀਰਾ ਨੇ ਜਿਉਂ ਹੀ ਭਾਸਨ ਖਤਮ ਕਰਕੇ ਬਾਈਕਾਟ ਦਾ ਐਲਾਨ ਕੀਤਾ, ਐਲਾਨ ਸੁਣਦਿਆਂ ਹੀ ਪੰਡਾਲ ‘ਚ ਕੁਲਬੀਰ ਸਿੰਘ ਜ਼ੀਰਾ ਦੇ ਸਮਰਥਕ ਅਤੇ ਹਲਕਾ ਜ਼ੀਰਾ ਨਾਲ ਸਬੰਧਤ ਪੰਚ ਸਰਪੰਚ ਵੀ ਉੱਥੋਂ ਉੱਠ ਕੇ ਬਾਹਰ ਚਲੇ ਗਏ।

ਇਸ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰਨ ਬਾਰੇ ਮੀਡੀਆ ਨਾਲ ਗਲਬਾਤ ਕਰਦਿਆਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਉਹ ਝੂਠੀ ਸਹੁੰ ਨਹੀਂ ਚੁੱਕ ਸਕਦੇ ਕਿਉਕਿ ਜ਼ੀਰਾ ਹਲਕੇ ਵਿੱਚ ਉਨ੍ਹਾਂ ਦੇ ਕਾਂਗਰਸੀ ਸਮਰਥਕਾਂ ਨਾਲ ਹੀ ਕਈ ਤਰ੍ਹਾਂ ਦੀਆਂ ਵਧੀਕੀਆਂ ਤੇ ਤਸ਼ਦਦ ਹੋਏ ਹਨ । ਇੱਥੋਂ ਤੱਕ ਕਿ ਕਤਲੇਆਮ ਤੱਕ ਕੀਤੇ ਗਏ ਹਨ । ਉਨ੍ਹਾਂ ਦੋਸ਼ ਲਾਇਆ ਕਿ ਆਈ ਜੀ ਫਿਰੋਜ਼ਪੁਰ ਵੱਲੋਂ ਕਤਲ ਕਰਨ ਵਾਲਿਆਂ ਨੂੰ ਪਰਚੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸਮਰਥਕ ਕਾਂਗਰਸੀਆਂ ਉੱਪਰ ਵੀ ਕਈ ਪ੍ਰਕਾਰ ਦੇ ਝੂਠੇ ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਜਿੰਨਾ ਚਿਰ ਇਹੋ ਜਿਹੀਆਂ ਕਾਲੀਆਂ ਭੇਡਾਂ ਪੰਜਾਬ ਪੁਲਸ ਅੰਦਰ ਹਨ, ਉਹ ਝੂਠੀ ਸੰਹੁ ਨਹੀਂ ਚੁੱਕਣਗੇ । ਕੁੱਲ ਮਿਲਾ ਕੇ ਫਿਰੋਜ਼ਪੁਰ ਜ਼ਿਲ੍ਹਾ ਕਾਂਗਰਸ ਪਾਰਟੀ ਦੀ ਸਿਆਸਤ ਵਿੱਚ ਇਹ ਇੱਕ ਵੱਡਾ ਧਮਾਕਾ ਮੱਨਿਆ ਜਾ ਰਿਹਾ ਹੈ।

Share this Article
Leave a comment