ਲੋਕਾਂ ਸਾਹਮਣੇ ਮੰਤਰੀ ਨੇ ਲਾਹੀ ਸ਼ਰਮ, ਮਹਿਲਾ ਅਫਸਰ ਬੰਨ੍ਹਦੀ ਰਹੀ ਹੱਥ ਮੰਤਰੀ ਨੇ ਫੰਕਸ਼ਨ ‘ਚੋਂ ਕੱਢਿਆ ਬਾਹਰ!

Prabhjot Kaur
5 Min Read

ਲੁਧਿਆਣਾ : ਚੋਣਾਂ ਦਾ ਮੌਸਮ ਹੈ, ਤੇ ਇਸ ਮੌਕੇ ਜਦੋਂ ਕਾਂਗਰਸ ਸਰਕਾਰ ਆਪਣੇ ਚੋਣ ਮਨੋਰਥ ਪੱਤਰ ਵਿਚਲੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ਾਂ ‘ਚ ਘਿਰੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ। ਅਜਿਹੇ ਵਿੱਚ ਜਦੋਂ ਪਾਰਟੀ ਆਗੂ ਲੋਕਾਂ ਵਿਚ ਜਾ ਕੇ ਵੋਟਾਂ ਮੰਗਣ ਦੀਆਂ ਵਖ ਵੱਖ ਤਿਕੜਮਾਂ ਲੜਾ ਰਹੇ ਨੇ, ਉਸ ਵੇਲੇ ਇੰਝ ਲੱਗਦਾ ਹੈ ਜਿਵੇਂ ਪਾਰਟੀ ਦੇ ਕੁਝ ਆਗੂ ਸਰਕਾਰ ਵਲੋਂ ਮਿਲੀਆਂ ਸ਼ਕਤੀਆਂ ਦੇ ਨਸ਼ੇ ਵਿਚੋਂ ਅਜੇ ਵੀ ਬਾਹਰ ਨਹੀਂ ਆਏ । ਕੁਝ ਇਹੋ ਜਿਹਾ ਹੀ ਨਜ਼ਾਰਾ ਤੁਹਾਨੂੰ ਆਪਣੀ ਟੀ.ਵੀ ਸਕਰੀਨ ‘ਤੇ ਵੀ ਦਿਖਾਈ ਦੇ ਰਿਹਾ ਹੈ । ਜੀ ਹਾਂ ਇਹ ਤਸਵੀਰਾਂ ਹਨ ਲੁਧਿਆਣਾ ਦੇ ਇੱਕ ਵਿਦਿਅਕ ਅਦਾਰੇ ਦੀਆਂ ਜਿੱਥੇ ਪੰਜਾਬ ਦੇ ਖ਼ੁਰਾਕ ਤੇ ਸਪਲਾਈ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਸਮਾਗਮ ਵਿਚ ਦੇਰੀ ਨਾਲ ਪਹੁੰਚਣ ‘ਤੇ ਇਸ ਮਹਿਲਾ ਅਧਿਕਾਰੀ ਦੀ ਸ਼ਰੇਆਮ ਬੁਰੀ ਤਰ੍ਹਾਂ ਬੇਇੱਜਤੀ ਕਰਦੇ ਦਿਖਾਈ ਦੇ ਰਹੇ ਹਨ। ਹਾਲਾਤ ਇਹ ਹਨ ਕਿ ਇਸ ਮੌਕੇ ਮੰਤਰੀ ਜੀ ਇਹ ਵੀ ਭੁੱਲ ਗਏ ਹਨ ਕਿ ਉਹ ਆਪਣੇ ਦਫਤਰ ਵਿੱਚ ਨਹੀਂ ਬਲਕਿ ਇੱਕ ਜਨਤਕ ਸਮਾਗਮ ਵਿੱਚ ਮੌਜੂਦ ਹਨ, ਜਿੱਥੇ ਸੈਂਕੜੇ ਲੋਕਾਂ ਦੀ ਹਾਜ਼ਰੀ ਵਿੱਚ ਮੀਡੀਆ ਦੇ ਕੈਮਰੇ ਦੀਆਂ ਅੱਖਾਂ ਵੀ ਖ਼ਬਰ ਦੀ ਝਾਕ ਵਿੱਚ ਬੈਠੀਆਂ ਸਨ।

ਹੋਇਆ ਇੰਝ ਕਿ ਭਾਰਤ ਭੂਸਣ ਆਸ਼ੂ ਨੇ ਅੱਜ ਲੁਧਿਆਣਾ ਦੇ ਇੱਕ ਸਰਕਾਰੀ ਸਕੂਲ ਵੱਲੋਂ ਕਰਵਾਏ ਗਏ ਸਲਾਨਾ ਇਨਾਮ ਵੰਡ ਸਮਾਗਮ ਵਿੱਚ ਸੰਸਦ ਮੈਬਰ ਰਵਨੀਤ ਬਿੱਟੂ ਨਾਲ ਸ਼ਾਮਲ ਹੋਣ ਜਾਣਾ ਸੀ। ਜਿੱਥੇ ਨਿਯਮ ਅਨੁਸਾਰ ਜਿਲ੍ਹੇ ਦੀ ਪ੍ਰਾਇਮਰੀ ਸਿੱਖਿਆ ਅਧਿਕਾਰੀ ਸਵਰਨਜੀਤ ਕੌਰ ਨੇ ਮੰਤਰੀ ਜੀ ਦੇ ਆਉਣ ਤੋਂ ਪਹਿਲਾਂ ਪਹੁੰਚਣਾ ਸੀ, ਪਰ ਮੁੱਖ ਮਹਿਮਾਨਾਂ ਦੇ ਆਉਣ ਅਤੇ ਸਮਾਗਮ ਵਿਚਲੇ ਰੰਗਾਰੰਗ ਪ੍ਰੋਗਰਾਮ ਦਾ ਕਾਫੀ ਹਿੱਸਾ ਲੰਘ ਜਾਣ ਤੋਂ ਬਾਅਦ ਜਦੋਂ ਸਿੱਖਿਆ ਅਧਿਕਾਰੀ ਸਵਰਨਜੀਤ ਕੌਰ 1 ਵਜੇ ਦੇ ਕਰੀਬ ਉੱਥੇ ਪਹੁੰਚੇ, ਤਾਂ ਸਕੂਲ ਵਾਲਿਆਂ ਨੇ ਰੰਗਾਰੰਗ ਪ੍ਰੋਗਰਾਮ ਦਾ ਜਿਹੜਾ ਹਿੱਸਾ ਲੰਘ ਚੁੱਕਾ ਸੀ ਉਸ ਨੂੰ ਮੁੜ ਦੁਹਰਾ ਦਿੱਤਾ। ਇਸ ਨੂੰ ਦੇਖ ਕੇ ਮੰਤਰੀ ਜੀ ਭੜਕ ਗਏ, ਤੇ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਇਹ, ਤਾਂ ਕੀਤਾ ਗਿਆ ਹੈ ਕਿਉਂਕਿ ਸਿੱਖਿਆ ਅਧਿਕਾਰੀ ਹੁਣ ਪਹੁੰਚੀ ਹੈ ਤਾਂ ਉਨ੍ਹਾਂ ਨੇ ਉੱਥੇ ਮੌਜੂਦ ਸਿੱਖਿਆ ਅਧਿਕਾਰੀ ਸਵਰਨਜੀਤ ਕੌਰ ਦੀ ਤੁਰੰਤ ਲਾਹ-ਪਾਹ ਕਰਦਿਆਂ ਉਨ੍ਹਾਂ ਨੂੰ ਉੱਥੋਂ ਜਾਣ ਲਈ ਕਹਿ ਦਿੱਤਾ। ਇਸ ਦੌਰਾਨ ਸਿੱਖਿਆ ਅਧਿਕਾਰੀ ਨੇ ਮੰਤਰੀ ਜੀ ਨੂੰ ਬਥੇਰੇ ਹੱਥ ਜੋੜੇ ਕਿ ਉਨ੍ਹਾਂ ਨੂੰ ਇਸ ਸਮਾਗਮ ਵਿੱਚ ਆਉਣ ਦਾ ਸਮਾਂ ਹੀ 1 ਵਜੇ ਦਿੱਤਾ ਗਿਆ ਸੀ ਪਰ ਭਾਰਤ ਭੂਸ਼ਣ ਆਸ਼ੂ ਨੇ ਆਪਣੇ ਸ਼ਬਦਾਂ ਵਿੱਚੋ ਅੰਗਾਰ ਸੁੱਟਣੇ ਜ਼ਾਰੀ ਰੱਖੇ ਤੇ ਉਸ ਮਹਿਲਾ ਅਧਿਕਾਰੀ ਦੀ ਇੱਕ ਨਾ ਸੁਣੀ।

ਜਿਵੇਂ ਤਿਵੇਂ ਕਰਕੇ ਪ੍ਰੋਗਰਾਮ ਤਾਂ ਖ਼ਤਮ ਹੋ ਗਿਆ, ਪਰ ਮਹਿਲਾ ਅਧਿਕਾਰੀ ਅਜੇ ਵੀ ਮੰਤਰੀ ਦੀਆਂ ਮਿਨਤਾਂ ਕਰ ਦਿਸ ਰਹੀ ਸੀ। ਹਾਲਾਤ ਇਹ ਸਨ ਕਿ ਭਾਰਤ ਭੂਸ਼ਣ ਆਸ਼ੂ ਉਸ ਅਧਿਕਾਰੀ ਨੂੰ ਬਿਨਾਂ ਕੋਈ ਜਵਾਬ ਦਿੱਤਿਆਂ ਆਪਣੀ ਗੱਡੀ ਵਿੱਚ ਜਾ ਬੈਠੇ। ਇਸ ਦੌਰਾਨ ਆਸ਼ੂ ਨੂੰ ਮੀਡੀਆ ਵਾਲਿਆਂ ਨੇ ਆਣ ਘੇਰਿਆ ਤੇ ਉਹ ਪੱਤਰਕਾਰਾਂ ਦੇ ਕਹਿਣ ‘ਤੇ ਇੱਕ ਵਾਰ ਕੈਮਰਿਆਂ ਸਾਹਮਣੇ ਗੱਲਬਾਤ ਕਰਨ ਲਈ ਗੱਡੀ ‘ਚੋਂ ਹੇਠਾਂ ਉਤਰ ਤਾਂ ਆਏ ਪਰ ਜਿਉਂ ਹੀ ਮੀਡੀਆ ਨੇ ਉਨ੍ਹਾਂ ਨੂੰ ਉਸ ਮਹਿਲਾ ਅਧਿਕਾਰੀ ਦੀ ਬੇਇੱਜਤੀ ਕਰਨ ਸਬੰਧੀ ਸਵਾਲ ਕੀਤਾ ਤਾਂ ਉਹ ਇੱਕਦਮ ਕੈਮਰੇ ਵੱਲ ਪਿੱਠ ਕਰਕੇ ਆਪਣੀ ਗੱਡੀ ਵੱਲ ਤੇਜ਼ ਚਾਲ ਤੁਰਦੇ ਉੱਥੋਂ ਪੱਤਰਾ ਵਾਚ ਗਏ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰੋਟੋਕੋਲ ਦੇ ਅਨੁਸਾਰ ਉਸ ਮਹਿਲਾ ਅਧਿਕਾਰੀ ਦਾ ਮੰਤਰੀ ਦੇ ਉੱਥੇ ਆਉਣ ਤੋਂ ਪਹਿਲਾਂ ਪਹੁੰਚਣਾ ਜਰੂਰੀ ਸੀ, ਪਰ ਇੱਕ ਸੱਚਾਈ ਇਹ ਵੀ ਹੈ ਕਿ ਉਹ ਮਹਿਲਾ ਅਧਿਕਾਰੀ ਸਵਰਨਜੀਤ ਕੌਰ, ਮੰਤਰੀ ਜੀ ਨੂੰ ਸਪੱਸ਼ਟ ਤੌਰ ‘ਤੇ ਕਹਿੰਦੀ ਦਿਖਾਈ ਦਿੱਤੀ ਕਿ ਉਸ ਨੂੰ ਸਮਾਗਮ ‘ਚ ਪਹੁੰਚਣ ਦਾ ਸਮਾਂ ਹੀ 1 ਵਜੇ ਦਾ ਦਿੱਤਾ ਗਿਆ ਸੀ। ਲਿਹਾਜ਼ਾ ਚਾਹੀਦਾ ਤਾਂ ਇਹ ਸੀ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਂਦੀ, ਪਰ ਇਸ ਦੀ ਬਜਾਏ ਭਾਰਤ ਭੂਸ਼ਣ ਆਸ਼ੂ ਜਿਸ ਤਰ੍ਹਾਂ ਸਵਰਨਜੀਤ ਕੌਰ ‘ਤੇ ਭੜਕੇ ਉਸ ਨੂੰ ਦੇਖਣ ਵਾਲਿਆਂ ਨੇ ਇਸ ਨੂੰ ਤਾਕਤ ਦੇ ਨਸ਼ੇ ਵਿੱਚ ਚੂਰ ਕਿਸੇ ਹੰਕਾਰੀ ਵਿਅਕਤੀ ਵੱਲੋਂ ਕੀਤਾ ਗਿਆ ਕਾਰਾ ਕਰਾਰ ਦਿੱਤਾ। ਖੁਸਰ-ਮੁਸਰ ਇਹ ਰਹੀ ਕਿ ਮੰਤਰੀ ਜੀ ਇਹ ਕਿਉਂ ਭੁੱਲ ਗਏ ਹਨ, ਕਿ ਸਰਕਾਰ ਹਰ 5 ਸਾਲ ਬਾਅਦ ਬਦਲ ਜਾਂਦੀ ਹੈ, ਪਰ ਇਹ ਅਧਿਕਾਰੀ ਪੱਕੇ ਰਹਿੰਦੇ ਹਨ।  ਸੋ ਹੰਕਾਰ ਛੱਡ ਜੇ ਆਪਣਾ ਅੱਗਾ ਸਵਾਰ ਲਿਆ ਜਾਵੇ ਤਾਂ ਸ਼ਾਇਦ ਵੋਟਾਂ ਮੰਗਣ ਗਿਆਂ ਨੂੰ ਓਨੀਂ ਨਾਮੋਸ਼ੀ ਨਾ ਸਹਿਣੀ ਪਏ ਜਿੰਨੀਂ ਇਸ ਵਾਰ ਸਹਿਣ ਦੀ ਉਮੀਦ ਕੀਤੀ ਜਾ ਰਹੀ ਹੈ।

- Advertisement -

Share this Article
Leave a comment