ਰੇਲ ਗੱਡੀ ਚਲਾਉਂਦੇ ਸਮੇਂ ਡਰਾਈਵਰ ਨੇ ਕੀਤੀ ਗਲਤੀ, ਰੇਲਵੇ ਵਿਭਾਗ ਨੇ ਸੁਣਾਇਆ ਅਜਿਹਾ ਫੈਸਲਾ ਸਾਰੇ ਰਹਿ ਗਏ ਹੈਰਾਨ

Prabhjot Kaur
2 Min Read

ਰਾਜਸਥਾਨ : ਰੇਲ ਗੱਡੀ ਦਾ ਸਫ਼ਰ ਲਗਭਗ ਹਰ ਕਿਸੇ ਨੂੰ ਹੀ ਪਸੰਦ ਹੁੰਦਾ ਹੈ ਤੇ ਸਫ਼ਰ ਕਰਨ ਲਈ ਵੀ ਲਗਭਗ ਹਰ ਇਨਸਾਨ ਹੀ ਉਤਸੁਕ ਹੁੰਦਾ ਹੈ ਪਰ ਕੀ ਕਦੀ ਤੁਹਾਡੇ ਨਾਲ ਇੰਝ ਹੋਇਆ ਹੈ ਕਿ ਤੁਸੀਂ ਰੇਲਵੇ ਸਟੇਸ਼ਨ ‘ਤੇ ਗੱਡੀ ਦਾ ਇੰਤਜ਼ਾਰ ਕਰ ਰਹੇ ਹੋਵੋ ਤੇ ਗੱਡੀ ਦਾ ਡਰਾਇਵਰ ਉਸ ਸਟੇਸ਼ਨ ‘ਤੇ ਸਟਾਪ ਹੰਦੇ ਹੋਏ ਵੀ ਤੁਹਾਡੇ ਕੋਲ ਗੱਡੀ ਰੋਕਣੀ ਹੀ ਭੁੱਲ ਜਾਵੇ। ਜੇ ਨਹੀਂ ਤਾਂ ਆਓ ਅੱਜ ਤੁਹਾਨੂੰ ਇੱਕ ਅਜਿਹੇ ਹੀ ਮਾਮਲੇ ਬਾਰੇ ਜਾਣੂ ਕਰਵਾਉਂਦੇ ਹਾਂ। ਦਰਅਸਲ ਇਹ ਮਾਮਲਾ ਹੈ ਰਾਜਸਥਾਨ ‘ਚ ਪੈਂਦੇ ਖਾਟੂ ਰੇਲਵੇ ਸਟੇਸ਼ਨ ਦਾ। ਇੱਥੇ ਇੱਕ ਲੋਕਲ ਰੇਲ ਗੱਡੀ ਦਾ ਸਟਾਪ ਹੈ ਪਰ ਬੀਤੀ 25 ਫਰਵਰੀ ਨੂੰ ਡਰਾਇਵਰ ਇੱਥੇ ਗੱਡੀ ਰੋਕਣਾ ਹੀ ਭੁੱਲ ਗਏ ਤੇ ਇਸ ਗਲਤੀ ਦੀ ਸਜ਼ਾ ਵਜੋਂ ਰੇਲਵੇ ਵੱਲੋਂ ਉਨ੍ਹਾਂ ਦੇ ਕਾਰਜਕਾਲ ਤੱਕ ਸਿਰਫ ਇੰਜਣ ਚਲਾਉਣ ਅਤੇ ਖਾਲੀ ਗੱਡੀਆਂ ਦੀ ਸੈਟਿੰਗ ਕਰਨ ਦੇ ਹੁਕਮ ਦਿੱਤੇ ਹਨ।

ਜਾਣਕਾਰੀ ਮੁਤਾਬਕ ਜੋਧਪੁਰ ਰੇਲਵੇ ਸਟੇਸ਼ਨ ਤੋਂ ਰੇਲ ਨੰ: 22481 ਲੋਕੋ ਡਰਾਇਵਰ ਅਬਦੁਲ ਵਾਹਿਦ ਅਤੇ ਸਹਾਇਕ ਲੋਕੋ ਡਰਾਇਵਰ ਓਮਕਾਰ ਕਟਾਰੀਆ ਵੱਲੋਂ ਚਲਾਈ ਜਾ ਰਹੀ ਸੀ। ਇਸ ਰਸਤੇ ਦੌਰਾਨ ਗੱਡੀ ਨੇ ਖਾਟੂ ਦੇ ਸਟੇਸ਼ਨ ‘ਤੇ ਰੁਕਣਾ ਸੀ ਪਰ ਦੋਨੋ ਹੀ ਡਰਾਇਵਰ ਗੱਡੀ ਨੂੰ ਰੋਕਣਾ ਹੀ ਭੁੱਲ ਗਏ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਯਾਦ ਆਇਆ ਤਾਂ ਤਕਰੀਬਨ 10 ਕਿੱਲੋਮੀਟਰ ਅੱਗੇ ਜਾ ਕੇ ਦੋਵਾਂ ਡਰਾਇਵਰਾਂ ਨੇ ਗੱਡੀ ਨੂੰ ਰੋਕਿਆ।

ਇਸ ਸਬੰਧੀ ਜਦੋਂ ਰੇਲਵੇ ਵਿਭਾਗ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਕਾਰਵਾਈ ਕਰਦਿਆਂ ਦੋਵਾਂ ਡਰਾਇਵਰਾਂ ਨੂੰ ਯਾਤਰੀ ਰੇਲ ਗੱਡੀ ਚਲਾਉਣ ਤੋਂ ਮਨ੍ਹਾ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਧਪੁਰ ਡਵੀਜ਼ਨ ਦੇ ਪੀਆਰਓ ਨੇ ਦੱਸਿਆ ਕਿ ਦਰਅਸਲ ਖਾਟੂ ਰੇਲਵੇ ਸਟੇਸ਼ਨ ‘ਤੇ ਕੋਈ ਵੀ ਸਿਗਨਲ ਦੀ ਵਿਵਸਥਾ ਨਹੀਂ ਹੈ ਅਤੇ ਨਾ ਹੀ ਕੋਈ ਕਰਮਚਾਰੀ ਤਾਇਨਾਤ ਹੈ ਜਿਸ ਕਾਰਨ ਗੱਡੀ ਨੂੰ ਰੋਕਣ ਦੀ ਸਾਰੀ ਜ਼ਿੰਮੇਵਾਰੀ ਰੇਲ ਗੱਡੀ ਦੇ ਲੋਕੋ ਡਰਾਇਵਰ ਸਹਇਕ ਲੋਕੋ ਡਰਾਇਵਰ ਦੀ ਹੁੰਦੀ ਹੈ। ਇਸ ਦੇ ਬਾਵਜੂਦ ਵੀ ਦੋਨਾਂ ਡਰਾਇਵਰਾਂ ਨੇ ਗੱਡੀ ਨਹੀਂ ਰੋਕੀ।

Share this Article
Leave a comment