ਮੋਬਾਈਲ ਨਾਲ ਖੇਡ੍ਹਦੀ ਔਰਤ ਬੱਚਾ ਹਵਾਈ ਅੱਡੇ ‘ਤੇ ਭੁੱਲੀ, ਉੱਡ ਗਿਆ ਜਹਾਜ਼ ਤੇ ਪੈ ਗਿਆ ਰੌਲਾ

Prabhjot Kaur
3 Min Read
ਚੰਡੀਗੜ੍ਹ : ਸਫਰ ਦੌਰਾਨ ਅਕਸਰ ਹੀ ਲੋਕ ਆਪਣਾ ਕੋਈ ਨਾ ਕੋਈ ਸਮਾਨ ਭੁੱਲ ਜਾਂਦੇ ਹਨ, ਤੇ ਇਸ ਦੇ ਲਈ ਉਹ ਸਮਾਨ ਵਾਪਸ ਲੈਣ ਲਈ ਮੁੜ ਕੇ ਵੀ ਜਾਂਦੇ ਨੇ। ਪਰ ਜੇ ਇਹੀ ਸਫ਼ਰ ਹਵਾਈ ਜਹਾਜ ਦਾ ਹੋਵੇ ਤਾਂ ਵਾਪਸ ਮੁੜ ਕੇ ਜਾਣਾ ਲੱਗਭਗ ਅਸੰਭਵ ਹੀ ਹੁੰਦਾ ਹੈ। ਕਹਿੰਦੇ ਨੇ ਹਵਾਈ ਜਹਾਜ ਰਾਹੀਂ ਇਹ ਵਾਪਸੀ ਸਿਰਫ ਐਂਮਰਜੈਂਸੀ ਸਮੇਂ ਹੀ ਹੋ ਸਕਦੀ ਹੈ ਨਾ ਕਿ ਕਿਸੇ ਦੇ ਕੋਈ ਸਮਾਨ ਭੁੱਲ ਜਾਣ ‘ਤੇ। ਪਰ ਅੱਜ ਇਹ ਗੱਲ ਗਲਤ ਹੋ ਗਈ ਜਾਪਦੀ ਹੈ ਕਿਉਂਕਿ ਇੱਕ ਹਵਾਈ ਜਹਾਜ ਦੀ ਕੁਝ ਹੀ ਪਲਾਂ ‘ਚ ਉਸੇ ਹੀ ਏਅਰਪੋਰਟ ‘ਤੇ ਵਾਪਸੀ ਹੋਈ ਜਿਸ ਜਗ੍ਹਾ ਤੋਂ ਉਸ ਨੇ ਉਡਾਣ ਭਰੀ ਸੀ। ਦਰਅਸਲ ਇਹ ਮਾਮਲਾ ਹੈ ਹਵਾਈ ਜਹਾਜ ਐਸ ਵੀ 832 ਦਾ, ਬੀਤੇ ਹਫਤੇ ਇਹ ਹਵਾਈ ਜਹਾਜ ਇੱਕ ਮਾਂ ਵੱਲੋਂ ਆਪਣਾ ਬੱਚਾ ਹਵਾਈ ਅੱਡੇ ‘ਤੇ ਭੁੱਲ ਜਾਣ ਕਾਰਨ ਵਾਪਸ ਲਿਆਉਣਾ ਪਿਆ।
ਦੱਸ ਦਈਏ ਕਿ ਇਹ ਐਸ ਵੀ 832 ਹਵਾਈ ਜਹਾਜ ਜੇਦਾਹ ਤੋਂ ਕੁਆਲਾਲੰਪੁਰ ਜਾ ਰਿਹਾ ਸੀ, ਇਸ ਜਹਾਜ ਨੂੰ ਉਡਾਣ ਭਰਿਆਂ ਅਜੇ ਕੁਝ ਹੀ ਸਮਾਂ ਹੋਇਆ ਸੀ ਕਿ ਜਹਾਜ ‘ਚ ਸਵਾਰ ਇੱਕ ਸਾਊਦੀ ਅਰਬ ਦੀ ਮਹਿਲਾ ਨੇ ਪਾਇਲਟ ਦਲ ਨੂੰ ਦੱਸਿਆ ਕਿ ਉਹ ਆਪਣਾ ਬੱਚਾ ਕਿੰਗ ਅਬਦੁਲ ਅਜੀਜ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬੋਰਡਿੰਗ ਇਲਾਕੇ ‘ਚ ਭੁੱਲ ਆਈ ਹੈ, ਇਸ ਲਈ ਜਹਾਜ ਨੂੰ ਵਾਪਸ ਲਿਆਂਦਾ ਜਾਵੇ।
ਇਸ ਤੋਂ ਬਾਅਦ ਪਾਇਲਟ ਦਲ ਦੇ ਅਧਿਕਾਰੀਆਂ ਨੇ ਹਵਾਈ ਅੱਡੇ ‘ਤੇ ਸੰਪਰਕ ਕਰਕੇ ਇਸ ਸਬੰਧੀ ਮਨਜੂਰੀ ਲਈ। ਇਸ ਸਬੰਧੀ ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ‘ਚ ਹਵਾਈ ਜਹਾਜ ਦਾ ਪਾਇਲਟ ਇਹ ਸਾਰਾ ਮਾਮਲਾ ਦਸਦਿਆਂ ਪ੍ਰੋਟੋਕਾਲ ਰਾਹੀਂ ਆਪਣੇ ਸਾਥੀਆਂ ਤੋਂ ਜਹਾਜ ਵਾਪਸ ਲਿਆਉਣੀ ਦੀ ਮਨਜ਼ੂਰੀ ਲੈਂਦਾ ਹੈ ਤਾਂ ਅਧਿਕਾਰੀ ਉਸ ਨੂੰ ਪੂਰਾ ਮਾਮਲਾ ਦੁਬਾਰਾ ਦੱਸਣ ਲਈ ਕਹਿੰਦੇ ਹਨ। ਇਸ ਤੋਂ ਬਾਅਦ ਪਾਇਲਟ ਦਸਦਾ ਹੈ ਕਿ ਇੱਕ ਸਾਉਦੀ ਔਰਤ ਆਪਣਾ ਬੱਚਾ ਕਿੰਗ ਅਬਦੁਲ ਅਜੀਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਭੁੱਲ ਗਈ ਹੈ ਅਤੇ ਹੁਣ ਯਾਤਰਾ ਨੂੰ ਜਾਰੀ ਰੱਖਣ ਤੋਂ ਇਨਕਾਰ ਕਰ ਰਹੀ ਹੈ। ਇਹ ਸਾਰਾ ਮਾਮਲਾ ਦਸਦਿਆਂ ਪਾਇਲਟ ਕਹਿੰਦਾ ਹੈ ਕਿ ਹੁਣ ਅਸੀਂ ਜਹਾਜ ਨੂੰ ਵਾਪਸ ਲਿਆ ਸਕਦੇ ਹਾਂ ਜਾਂ ਫਿਰ ਕੀ ਕਰੀਏ?
ਇਸ ਤੋਂ ਬਾਅਦ ਪਾਇਲਟ ਜਹਾਜ ਨੂੰ ਵਾਪਸ ਲਿਆਉਣ ਲਈ ਮਨਜ਼ੂਰੀ ਲੈ ਲੈਂਦਾ ਹੈ। ਇਸ ਤੋਂ ਬਾਅਦ ਹੁਣ ਪਾਇਲਟ ਵੱਲੋਂ ਮਾਨਵਤਾ ਦਾ ਪੱਖ ਲੈਣ ‘ਤੇ ਪਾਇਲਟ ਦੀ ਕਾਫੀ ਪ੍ਰਸ਼ੰਸ਼ਾ ਹੋ ਰਹੀ ਹੈ।

Share this Article
Leave a comment