ਮਾਮਲਾ ਬੋਰਾਂ ‘ਚ ਗੰਦਾ ਪਾਣੀ ਪਾਉਣ ਦਾ, ਚੋਣਾਂ ਨੇੜੇ ਨਗਰ ਕੌਂਸਲ ਪ੍ਰਧਾਨ ਕਹਿੰਦੇ ਗਲਤੀ ਹੋ ਗਈ, ਵਿਰੋਧੀ ਕਹਿੰਦੇ ਚੋਣ ਮੁੱਦਾ ਬਣਾਵਾਂਗੇ

TeamGlobalPunjab
9 Min Read

ਮਲੇਰਕੋਟਲਾ:- ਅੰਗਰੇਜ਼ੀ ਦਾ ਇਕ ਅੱਖਰ ਹੈ ਗੁਡ ਗਵਰਨੈਸ ਜਿਸ ਦਾ ਪੰਜਾਬੀ ਅਨੁਵਾਦ ਹੁੰਦਾ ਹੈ ਚੰਗਾ ਪ੍ਰਸਾਸ਼ਨ ਇਹ ਅੱਖਰ ਇੰਨ੍ਹੀਂ ਦਿਨੀਂ ਸਿਆਸਤਦਾਨਾਂ ਵਿੱਚ ਬੇਹੱਦ ਹਰਮਨ ਪਿਆਰਾ ਹੋ ਚੁੱਕਾ ਹੈ। ਆਪਣੇ ਭਾਸ਼ਣਾਂ ‘ਚ ਹਰ ਦੂਜਾ ਲੀਡਰ ਤੁਹਾਨੂੰ ਇਹ ਅੱਖਰ ਬੋਲਦਾ ਆਮ ਸੁਣਾਈ ਦੇ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸਾਨੂੰ ਵੋਟ ਪਾਉ ਅਸੀਂ ਤੁਹਾਨੂੰ ਚੰਗਾ ਪ੍ਰਸਾਸ਼ਨ ਦਿਆਂਗੇ ਕੁਝ  ਇਹੋ ਜਿਹਾ ਜ਼ੁਮਲਾ ਕਾਂਗਰਸ ਪਾਰਟੀ ਨੇ ਵੀ ਸੱਤਾ ਹਾਸਿਲ ਕਰਨ ਲਈ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਛੱਡਿਆ ਸੀ। 10 ਸਾਲਾ ਦੇ ਅਕਾਲੀ-ਬੀਜੇਪੀ ਰਾਜ ਤੋਂ ਅੱਕੇ ਬੈਠੇ ਲੋਕਾਂ ਨੂੰ ਜਦੋਂ ਚੰਗੇ ਪ੍ਰਸਾਸ਼ਨ ਦਾ ਸੁਪਨਾ ਦਿਖਾਇਆ ਗਿਆ ਤਾਂ ਕਾਂਗਰਸ ਨੂੰ ਦੱਬਕੇ ਵੋਟਾਂ ਪਈਆਂ ਤੇ 77 ਸੀਟਾਂ ਨਾਲ ਪੰਜਾਬ ਵਿਚ ਕਾਂਗਰਸ ਦਾ ਰਾਜ ਆ ਗਿਆ ਜਿਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਣੋ। ਇਸ ਤੋਂ ਬਾਅਦ ਕਿਹੋ ਜਿਹਾ ਚੰਗਾ ਰਾਜ ਆਇਆ ਹੈ। ਇਸ ਦੀ ਇਕ ਵੱਡੀ ਉਦਾਹਰਨ ਪੰਜਾਬ ਦੇ ਮੁਸਲਿਮ ਬਹੁਗਿਣਤੀ ਵਾਲੇ ਹਲਕਾ ਮਲੇਰਕੋਟਲਾ ਤੋਂ ਮਿਲਦੀ ਹੈ। ਜਿੱਥੇ ਸੜਕਾਂ , ਗਲੀਆਂ, ਬਾਜ਼ਾਰਾਂ ਵਿਚ ਫੈਲਦੇ ਸੀਵਰੇਜ ਦੇ ਗੰਦੇ ਪਾਣੀ ਤੋਂ ਦੁਖੀ ਹੋਏ ਲੋਕਾਂ ਦੀ ਪਹਿਲੇ ਡੇਢ ਸਾਲ ਕੋਈ ਸਾਰ ਨਾ ਲਈ ਗਈ ਤੇ ਜਦੋਂ ਲੋਕ ਸਭਾ ਚੋਣਾਂ ‘ਚ 6 ਮਹੀਨੇ ਰਹਿ ਗਏ ਤਾਂ ਚੰਗਾ ਪ੍ਰਸਾਸ਼ਨ ਦੇਣ ਦੀ ਮਲੇਰਕੋਟਲਾ ਕੌਂਸਲ ਨੇ ਇਕ ਅਜਿਹੀ ਤਰਕੀਬ ਲੜਾਈ ਕਿ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ‘ਨਾ ਰਹੇਗਾ ਬਾਂਸ ਨਾ ਵੱਜੇਗੀ ਬਾਂਸਰੀ।

ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕੀ ਨਗਰ ਕੌਂਸਲ ਨੇ ਸ਼ਹਿਰ ਦੇ ਵੱਖ ਵੱਖ ਇਕਾਲਿਆਂ ਵਿਚ ਧਰਤੀ ਹੇਠ 190 ਤੋਂ ਲੈਕੇ 400 ਫੁੱਟ ਤੱਕ ਡੂੰਘੇ ਬੋਰ ਕਰਕੇ ਸੀਵਰੇਜ ਦਾ ਗੰਦਾ ਪਾਣੀ ਧਰਤੀ ਵਿੱਚ ਗਰਕ ਕਰਨਾ ਸ਼ੁਰੂ ਕਰ ਦਿੱਤਾ। ਇਹ ਕੰਮ ਸ਼ਰੇਆਮ ਹੋ ਰਿਹਾ ਸੀ ਕੁਝ ਦਿਨਾਂ ਵਿੱਚ ਹੀ ਗੰਦੇ ਪਾਣੀ ਦੀ ਸਮੱਸਿਆ ਖਤਮ ਹੋ ਗਈ ਪਰ ਲੋਕ ਹੋਲੀ ਹੋਲੀ ਆ ਰਹੀ ਉਸ ਪਰਲੋਂ ਤੋਂ ਵਾਕਫ ਨਹੀਂ ਸਨ। ਜਿਸ ਰਾਹੀ ਸ਼ਹਿਰ ਸਾਜ਼ਿਸ਼ਣ ਮਹਾਂਮਾਰੀ ਵੱਲ ਵੱਧ ਰਿਹੈ ਉਸ ਮਹਾਂਮਾਰੀ ਵੱਲ, ਜਿਸ ਨਾਲ ਸ਼ਹਿਰ ਵਾਸੀਆਂ ਦੀਆਂ ਆਉਣ ਵਾਲੀਆਂ ਨਸਲਾਂ ਖਤਮ ਹੋ ਜਾਣਗੀਆਂ । ਇਸ ਗੱਲ ਦਾ ਅਹਿਸਾਸ ਹੁੰਦਿਆਂ ਇਲਾਕੇ ਦੇ ਇਕ ਜਾਗਰੂਕ ਸ਼ਹਿਰੀਂ ਕਾਸਿਫ ਫਾਰੂਕੀ ਨੇ ਇਹ ਮੁੱਦਾ ਸ਼ਹਿਰ ਦੇ ਕਈ ਮੋਹਤਬਰ ਬੰਦਿਆਂ ਨਾਲ ਸਾਂਝਾ ਕੀਤਾ। ਪਰ ਤ੍ਰਾਸਦੀ ਇਹ ਰਹੀ ਕੀ ਕਿਸੇ ਅਣਜਾਣ ਡਰ ਜਾਂ ਆਪਣੀ ਨਿੱਜੀ ਲਾਲਸਾ ਵਸ ਉਹ ਲੋਕ ਆਪ  ਤਾਂ ਵਾਟਰ ਫਿਲਟਰ ਲਗਾਉਣ ਨੂੰ ਤਿਆਰ ਹੋ ਗਏ ਪਰ  ਉਨ੍ਹਾਂ ਲੋਕ ਜਾਣ ਜਾਣ ਢੱਡੇ ਖੂਹ ‘ਚ ਵਾਲੀ ਆਪਣੀ ਨੀਤੀ ਨਹੀਂ ਛੱਡੀ। ਇਸ ਤੋਂ ਬਾਅਦ ਮਾਮਲਾ 29 ਜੁਲਾਈ 2018 ਨੂੰ ਮੁੱਖ ਮੰਤਰੀ ਦਰਬਾਰ ਵਿੱਚ ਚੁੱਕਿਆ ਗਿਆ।

ਉੱਥੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਅਗਲੇ ਦਿਨ 30 ਜੁਲਾਈ  ਨੂੰ ਹਦਾਇਤਾਂ ਵੀ ਜਾਰੀ ਹੋਈਆਂ। ਉਨ੍ਹਾਂ ਅਧਿਕਾਰੀਆਂ ਨੇ ਹਦਾਇਤਾਂ ‘ਤੇ ਲਿਪਾ-ਪੋਚੀ ਵਾਲੀ ਕੁਝ ਕਾਰਵਾਈ ਕਰਦਿਆਂ ਨਗਰ ਕੌਂਸਲ ਮਲੇਰਕੋਟਲਾ ਦੇ ਅਧਿਕਾਰੀਆਂ ਨਾਲ ਇਸ ਮਸਲੇ ਨੂੰ ਲੈਕੇ 31 ਜਨਵਰੀ 2019 ਨੂੰ ‘ਚਾਹ ‘ਤੇ ਚਰਚਾ’ ਵੀ ਕੀਤੀ। ਫੇਰ ਲੋਕਾਂ ‘ਚ ਬਦਨਾਮੀ ਦੇ ਡਰ ਤੋਂ ਗਾਜ਼ ਆਪਣੇ ‘ਤੇ ਡਿੱਗਦੀ ਦੇਖ ਤੇ ਮਹਿਕਮੇ ਨੂੰ ਫਜ਼ਿਹਤ ਤੋਂ ਬਚਾਉਣ ਲਈ 5 ਫਰਵਰੀ 2019 ਨੂੰ  ਕੌਂਸਲ ਅਧਿਕਾਰੀਆਂ ਨੂੰ ਇਕ ਚਿੱਠੀ ਭੇਜਕੇ ਕਾਨੂੰਨੀ ਸ਼ਿਕੰਜੇ ‘ਚ ਵੀ ਫਸਾ ਲਿਆ। ਇਸ ਚਿੱਠੀ ‘ਚ ਕੌਂਸਲ ਅਧਿਕਾਰੀਆਂ ਨੂੰ ਧਰਤੀ ‘ਚ ਕੀਤੇ ਬੋਰ ਬੰਦ ਕਰਨ ਲਈ 2 ਦਿਨ ਦਾ ਸਮਾਂ ਦਿੱਤਾ ਗਿਆ।

ਪਰ ਜਿਵੇਂ ਕਹਿੰਦੇ ਨੇ ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ’ , ਬੱਸ ਇਹੋ ਕੁਝ ਹੋਇਆ। ਇਸ ਤੋਂ ਬਾਅਦ ਜਿੱਥੇ ਕੌਂਸਲ ਅਧਿਕਾਰੀਆਂ ਨੇ ਉਹ ਚਿੱਠੀ ਰੱਦੀ ਵਾਲੀ ਟੋਕਰੀ ‘ਚ ਸੁੱਟ ਦਿੱਤੀ ਉੱਥੇ ਸਾਡਾ ਕੰਮ ਹੋ ਗਿਆ ਹੈ ਵਾਲੀ ਨੀਤੀ ਅਪਣਾਉਦਿਆਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਸਿਰਹਾਣੇ ਹੇਠਾਂ ਬਾਹ ਦੇਕੇ ਸੌਂ ਗਏ। ਨਾ ਕਿਸੇ ‘ਤੇ ਕੋਈ ਕਾਰਵਾਈ ਤੇ ਨਾਹੀ ਕੋਈ ਬੋਰ ਬੰਦ ਕੀਤੇ ਗਏ। ਹਾਲਾਤ ਇਹ ਨੇ ਕਿ ਆਪਣੇ ਸ਼ਹਿਰ ਵਾਸੀਆਂ ਨੂੰ ਮੌਤ ਦੇ ਮੂੰਹ ਤੋਂ ਬਚਾਉਣ ਲਈ ਦਿਨ ਰਾਤ ਕਦੇ ਇਨ੍ਹਾਂ ਅਧਿਕਾਰੀਆਂ ਨਾਲ, ਕਦੇ ਮੁੱਖ ਮੰਤਰੀ ਦਫਤਰ ਕੋਲ ਫਰਿਆਦ ਲੰਘਾਉਂਦਾ ਰਿਹਾ। ਪਰ ਉਹ ਚੰਗਾ ਪ੍ਰਸਾਸ਼ਨ ਅੱਜ ਕਿਤੇ ਲੱਭੇ ਨਹੀਂ ਲੱਭ ਰਿਹਾ। ਜਿਸ ਦੀ ਆਸ ‘ਤੇ ਸਾਲ 2017 ਦੌਰਾਨ ਮਲੇਰਕੋਟਲਾ ਵਾਸੀਆਂ ਨੇ ਆਪਣੀ ਰਜ਼ੀਆ ਸੁਲਤਾਨਾ ਨੂੰ ਵੋਟਾਂ ਪਈਆਂ ਸਨ।  ਇਸਦੀ ਉਦਾਹਰਨ ਇੱਥੋਂ ਮਿਲਦੀ ਹੈ ਕੀ ਕਾਗਜ਼ੀ ਸਬੂਤ ਹੋਣ ਦੇ ਬਾਵਜੂਦ ਨਗਰ ਕੌਂਸਲ ਮਲੇਰਕੋਟਲਾ ਦੇ ਈ.ਓ. ਕੇ,ਐਸ. ਬਰਾੜ ਇਹ ਮੰਨਣ ਲਈ ਤਿਆਰ ਹੀ ਨਹੀਂ ਕੀ ਅਜਿਹਾ ਕੋਈ ਮਸਲਾ ਸ਼ਹਿਰ ‘ਚ ਹੈ ਵੀ ਹੈ ਜਾਂ ਨਹੀਂ।

- Advertisement -

ਇਸੇ ਕੌਂਸਲ ਦੇ ਪ੍ਰਧਾਨ ਮੁਹੰਮਦ ਇਕਬਾਲ ਫੌਜੀ ਜਿਹੜੇ ਸ਼ੁਰੂ ‘ਚ ਤਾਂ ਇਹ ਮੰਨੇ ਹੀ ਨਹੀਂ ਕੀ ਉਨ੍ਹਾਂ ਨੇ ਧਰਤੀ ‘ਚ ਬੋਰ ਕਰਕੇ ਉਸ ‘ਚ ਸੀਵਰੇਜ ਤੇ ਸੜਕ ਦਾ ਗੰਦਾ ਪਾਣੀ ਸੁੱਟ ਕੋਈ ਗਲਤ ਕੰਮ ਕੀਤਾ ਹੈ। ਪਰ ਜਦੋਂ ਪ੍ਰਦੂਸ਼ਣ ਕੰਟਰੋਲ ਬੋਰਡ ਅਧਿਕਾਰੀ ਨੇ ਉਨ੍ਹਾਂ ਨੂੰ ਲਿਖਤੀ ਤੌਰ ਸਮਝਾਇਆ ਕੀ ਪ੍ਰਧਾਨ ਜੀ ਤੁਹਾਨੂੰ ਜੇਲ੍ਹ ਵੀ ਹੋ ਸਕਦੀ ਹੈ ਤਾਂ ਕੁਝ ਗਲਤ ਹੋਏ ਦਾ ਅਹਿਸਾਸ ਕਰਕੇ ਪ੍ਰਧਾਨ ਜੀ ਤੁਰੰਤ ਹਰਕਤ ‘ਚ ਆਏ ਤੇ ਆਪਣੇ ਅਧੀਨ ਕਰ ਕਰਨ ਵਾਲੇ ਬਾਬੂਆਂ ਨੂੰ ਹਿਦਾਇਤਾਂ ਜਾਰੀ ਕਰਕੇ ਮੁੜ ਉਸੇ ਸਥਿਤੀ ‘ਚ ਆ ਗਏ ਜਿਸ ‘ਚ ਪਹਿਲਾਂ ਬੈਠੇ ਸੀ। ਪਰ ਕਹਿੰਦੇ ਨੇ ਜਿਹੋ ਜੀ ਕੋਕੋ ਉਹ ਜਿਹੇ ਉਹਦੇ ਬੱਚੇ ਯਾਨਿਕਿ ਜਿਵੇਂ ਦੇ ਉੱਪਰਲੇ ਉਸੇ ਤਰ੍ਹਾਂ ਦੇ ਹੇਠਲੇਂ ਅਧਿਕਾਰੀ ਮਾਮਲਾ ਹੇਠਲੇਂ ਬਾਬੂਆਂ ਨੇ ਸ਼ਾਇਦ ਇਹ ਸੋਚਕੇ ਦਬ ਲਿਆ ਕਿ ਜੇਲ੍ਹ ਕਿਹੜਾ ਅਸੀਂ ਜਾਣਾ ਜੇ ਗਏ ਤਾਂ ਪ੍ਰਧਾਨ ਜੀ ਜਾਣਗੇ   ਉਨ੍ਹਾਂ ਦੀ ਆਪਣੀ ਸਰਕਾਰ ਐਂ ਮਾਮਲਾ ਮੈਡਮ ਆਪੇ ਸਾਂਭ ਲੈਣਗੇ।

ਹੁਣ ਹਾਲਾਤ ਇਹ ਨੇ ਕਿ ਬਰਸਾਤਾਂ ਨੇੜੇ ਆਉਂਦੀਆਂ ਦੇਖ ਸ਼ਹਿਰ ਦਾ ਭਲਾ ਚਾਹੁੰਣ ਵਾਲੇ ਲੋਕ ਦਿਨ ਰਾਤ ਇਸ ਫਿਕਰ ‘ਚ ਹਨ, ਕਿ ਕਿਸੇ ਤਰ੍ਹਾਂ ਇਹ ਬੋਰ ਬੰਦ ਹੋਣ । ਮਾਮਲਾ ਮੀਡੀਆ ਦੇ ਧਿਆਨ ਡੀ.ਫਾਇਵ ਚੈਲਨ ਪੰਜਾਬੀ ਦੇ ਧਿਆਨ ‘ਚ ਆਉਣ ‘ਤੇ ਜਦੋਂ ਸਾਡੇ ਸੀਨੀਅਰ ਸਹਿਯੋਗੀ ਕੁਲਵੰਤ ਸਿੰਘ ਨੇ ਪਹਿਲਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਹਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਹਿਣਾ ਸੀ ਕੀ ਅਸੀਂ ਸਬੰਧਤ ਮਾਮਲੇ ‘ਚ ਕਾਰਵਾਈ ਲਈ ਲਿਖ ਚੁੱਕੇ ਹਾਂ ਤੇ ਅੱਗੇ ਕੀ ਹੋਇਆ ਇਸ ਬਾਰ ਅਸੀਂ ਫਾਇਲ ਦੇਖਕੇ ਹੀ ਦੱਸ ਸਕਦੇ ਹਾਂ।

ਨਗਰ ਕੌਂਸਲ ਮਲੇਰਕੋਟਲਾ ਦੇ ਈ.ਓ. ਕੇ.ਐਸ. ਬਰਾੜ ਨੇ ਤਾਂ ਅਜਿਹਾ ਕੋਈ ਮਾਮਲਾ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਤੇ ਉਨ੍ਹਾਂ ਇਸ ਗੱਲੋਂ ਵੀ ਸਾਫ ਤੌਰ ‘ਤੇ ਇਨਕਾਰ ਕਰ ਦਿੱਤਾ ਕੀ ਪ੍ਰਦੂਸ਼ਣ ਵਿਭਾਗ  ਨੇ ਉਨ੍ਹਾਂ ਨੂੰ ਕੋਈ ਚੇਤਾਵਨੀ ਚਿੱਠੀ ਵੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕੀ ਸ਼ਹਿਰ ਦੀ ਧਰਤੀ ‘ਚ ਬੋਰ ਕਰਕੇ ਸੀਵਰੇਜ ਤੇ ਸੜਕਾਂ ਦਾ ਗੰਦਾ ਪਾਣੀ ਪਾਇਆ ਜਾ ਰਿਹੈ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਪੱਤਰਕਾਰ ਵੱਲੋਂ ਇਸ ਤੋਂ ਪਹਿਲਾਂ ਕਿ 05 ਫਰਵਰੀ 2019 ਵਾਲੀ ਉਹ ਚਿੱਠੀ ਬਾਰੇ ਦੱਸਿਆ ਜਾਂਦਾ ਤਾਂ ਈ.ਓ. ਨੇ ਫੋਨ ਕੱਟਕੇ ਹੀ ਸਵਾਲਾਂ  ਜਾਨ ਬਚਾਉਣ ‘ਚ ਹੀ ਭਲੀ ਸਮਝੀ। ਇੱਧਰ ਦੂਜੇ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਮੁਹੰਮਦ ਇਕਬਾਲ ਫੌਜੀ ਇਹ ਤਾਂ ਮੰਨੇ ਕਿ ਪ੍ਰਦੂਸ਼ਣ ਵਿਭਾਗ ਨੇ ਉਨ੍ਹਾਂ ਨੂੰ ਇਹ ਬੋਰ ਬੰਦ ਕਰਨ ਦੀ ਚੇਤਾਵਨੀ ਚਿੱਠੀ ਭੇਜੀ ਸੀ ਤੇ ਉਨ੍ਹਾਂ ਨੇ ਇਸ ‘ਤੇ ਕਾਰਵਾਈ ਕਰਨ ਲਈ  ਲੱਖਾਂ ਰੁਪਏ ਤਨਖਾਹ ਲੈਣ ਵਾਲੇ ਸਬੰਧਤ ਬਾਬੂਆਂ ਨੂੰ ਹਿਦਾਇਤਾਂ ਵੀ ਜਾਰੀ ਕਰ ਦਿੱਤੀਆਂ ਸੀ ਪਰ ਸਾਰੀ ਦਿਹਾੜੀ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ ਤੇ ਸੜਕਾਂ ਤੋਂ ਲੰਘਕੇ ਕਮੇਟੀ ਆਉਣ ਵਾਲਾ ਪ੍ਰਧਾਨ ਵੀ ਅਖੀਰ ‘ਚ ਇਹ ਕਹਿ ਗਿਆ ਅੱਗੇ ਕੀ ਹੋਇਆ ਉਹ ਉਸ  ਨੂੰ ਵੀ ਨਹੀਂ ਪਤਾ। ਪਰ ਪ੍ਰਧਾਨ ਜੀ ਨੇ ਸਿਆਸੀ ਪੈਂਤੜਾਂ ਖੇਡਦਿਆਂ ਕਿਹਾ ਕਿ ਇਹ ਕਿਵੇਂ ਹੋ ਗਿਆ, ਮੈਂ ਬੋਰ ਬੰਦ ਕਰਨ ਦੇ ਹੁਕਮ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਚਿੱਠੀ ਦੇ ਆਧਾਰ ‘ਤੇ ਦੇ ਚੁੱਕਾ ਹਾਂ। ਫੇਰ ਕਾਰਵਾਈ ਕਿਉਂ ਨਹੀਂ ਹੋਈ ਤੇ ਕਿਸ ਨੇ ਮੇਰੇ ਹੁਕਮਅਦੁਲੀ ਕੀਤੀ ਮੈਂ ਇਸ ਦਾ ਪਤਾ ਕਰਕੇ ਨਾਫਰਾਮਾਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਂਗਾ।

ਸੋ ਕੁੱਲ ਮਿਲਾਕੇ ਇਹ ਹੈ ਮੋਜੂਦਾ ਸਰਕਾਰ ਦਾ ਚੰਗਾ ਪ੍ਰਸਾਸ਼ਨ । ਜਿਸ ‘ਚ ਲੋਕਾਂ ‘ਤੇ ਤਾਂ ਮੌਤ ਦਾ ਖਤਰਾ ਮੰਡਰਾ ਰਿਹਾ ਹੈ ਤੇ ਪ੍ਰਸਾਸ਼ਨਿਕ ਅਧਿਕਾਰੀ ਬਿਆਨ ਬਿਆਨ ਖੇਡ ਰਹੇ ਹਨ। ਇਕ ਵਾਰ ਫੇਰ ਚੋਣਾਂ ਸਿਰ ‘ਤੇ ਹਨ ਉਹੀ ਜਿਹੀਆਂ ਹੀ ਚੋਣਾਂ ਜਿਸ ‘ਚ ਚੰਗਾ ਪ੍ਰਸਾਸ਼ਨ ਦੇਣ ਦਾ ਵਾਅਦਾ ਕਰਕੇ ਵੋਟਾਂ ਬਟੋਰੀਆਂ ਗਈਆਂ ਸਨ। ਹੁਣ ਦੇਖਣਾ ਇਹ ਹੋਏਗਾ ਕਿ ਮਲੇਰਕੋਟਲਾ ਵਾਸੀ ਇਸ ਵਾਰ ਆਪਣਾ ਦਿਮਾਗ ਵਰਤਕੇ ਵੋਟਾਂ ਪਾਉਣਗੇ ਜਾਂ ਅੱਖਾਂ ਬੰਦ ਕਰਕੇ ਪਹਿਲਾਂ ਵਾਂਗ ਹੀ ਕਿਸੇ ਸਿਆਸੀ ਜ਼ੁਮਲੇ ਦੇ ਵਿਸ਼ਵਾਸ਼ ਕਰਕੇ।

ਇਸ ਸਬੰਧ ‘ਚ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ਼ਫੀਕ ਚੌਹਾਨ ਕਹਿੰਦੇ ਹਨ ਕਿ ਹੁਣ ਤੱਕ ਤਾਂ ਇਸ ਆਸ ‘ਚ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਮਿਲਕੇ ਇਸ ਮਸਲੇ ਨੂੰ ਹੱਲ ਕਰਵਾਉਣ ‘ਚ ਲੱਗੇ ਹੋਏ ਸਨ।  ਪਰ ਹੁਣ ਉਨ੍ਹਾਂ ਨੂੰ ਇਹ ਸਮਝ ਆ ਚੁੱਕੀ ਹੈ ਕਿ ਇਹ ਸਭ ਕੁਝ ਮਲੇਰਕੋਟਲਾ ਦੇ ਸੱਤਾਧਿਰ ਦੀ ਸ਼ਹਿ ‘ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਤ ਛੇਤੀ ਉਹ ਇਸ ਮਸਲੇ ‘ਤੇ ਆਪਣੀ ਪਾਰਟੀ ਹਾਈਕਮਾਂਡ ਨਾਲ ਗੱਲ ਕਰਕੇ ਵੱਡੇ ਪੱਧਰ ‘ਤੇ ਅੰਦੋਲਨ ਛੇੜਣਗੇ ਤੇ ਇਸ ਮਸਲੇ ਨੂੰ ਲੋਕ ਸਭਾ ਚੋਣਾਂ ਦੌਰਾਨ ਸ਼ਹਿਰ ਦਾ ਇਕ ਪ੍ਰਮੁੱਖ ਮੁੱਦਾ ਬਣਾਇਆ ਜਾਏਗਾ ਤੇ ਘਰ ਘਰ ਜਾਕੇ ਦੱਸਿਆ ਜਾਏਗਾ ਕੀ ਸੱਤਾਧਿਰ ਲੋਕ ਕਿਵੇਂ ਸ਼ਹਿਰ ਵਾਸੀਆਂ ਨੂੰ ਅਣਆਈ ਮੌਤ ਮਰਨ ਲਈ ਮਜਬੂਰ ਕਰ ਰਹੇ ਹਨ।

- Advertisement -

 

Share this Article
Leave a comment