ਮਾਨ ਕੋਲੋਂ ਜੋ ਗੱਦਾਰੀਆਂ ਤੇ ਗੁਨਾਹ ਹੋਏ ਨੇ, ਉਸ ਲਈ ਦਰਬਾਰ ਸਾਹਿਬ ਜਾ ਕੇ ਮਾਫੀ ਮੰਗਣ : ਜੱਸੀ ਜਸਰਾਜ

TeamGlobalPunjab
3 Min Read

ਅੰਮ੍ਰਿਤਸਰ : ਲੋਕ ਇਨਸਾਫ ਪਾਰਟੀ ਅਤੇ ਪੰਜਾਬ ਜਮਹੂਰੀ ਗੱਠਜੋੜ ਦੇ ਹਲਕਾ ਸੰਗਰੂਰ ਤੋਂ ਉਮੀਦਵਾਰ ਤੇ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਜੱਸੀ ਜਸਰਾਜ ਨੇ ਕਿਹਾ ਹੈ ਕਿ ਭਗਵੰਤ ਮਾਨ ਕੋਲੋਂ ਪੰਜਾਬ ਦੇ ਲੋਕਾਂ ਨਾਲ ਹੁਣ ਤੱਕ ਜੋ ਗੱਦਾਰੀਆਂ ਤੇ ਗੁਨਾਹ ਹੋਏ ਹਨ ਉਸ ਲਈ ਉਹ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜਾ ਕੇ ਮਾਫੀ ਮੰਗਣ। ਜੱਸੀ ਜਸਰਾਜ ਨੂੰ ਲੋਕ ਇਨਸਾਫ ਪਾਰਟੀ ਵੱਲੋਂ ਲੋਕ ਸਭਾ ਟਿਕਟ ਮਿਲਣ ਤੋ਼ਂ ਬਾਅਦ ਉਹ ਇੱਥੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਹੋਏ ਸਨ।

ਜੱਸੀ ਜਸਰਾਜ ਨੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਖ਼ੂਬ ਖਰੀਆਂ ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਹੌਲੀ ਹੌਲੀ ਇਮਾਨਦਾਰ ਅਤੇ ਚੰਗੇ ਅਕਸ਼ ਵਾਲੇ ਲੋਕਾਂ ਨੂੰ ਆਮ ਆਦਮੀ ਪਾਰਟੀ  ‘ਚੋਂ ਬਾਹਰ ਕੱਢਿਆ ਜਾਂਦਾ ਰਿਹਾ, ਪਰ ਭਗਵੰਤ ਮਾਨ ਚੁੱਪ ਰਹੇ। ਉਨ੍ਹਾਂ ਕਿਹਾ ਕਿ ਇਹ ਭਗਵੰਤ ਮਾਨ ਦੀਆਂ ਹੀ ਗਲਤੀਆਂ ਸਨ, ਜਿਸ ਕਾਰਨ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਪਤਨ ਹੋਇਆ ਹੈ। ਜੱਸੀ ਜਸਰਾਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ‘ਆਪ’ ਦੇ ਪੰਜਾਬ ਪ੍ਰਧਾਨ ਨੂੰ ਇਹ ਚਿਤਾਵਨੀ ਦਿੱਤੀ ਸੀ ਕਿ ਮਾਨ ਬੀਤੇ ਤੋਂ ਸਬਕ ਲੈ ਕੇ ਆਪਣੀ ਗਲਤੀਆਂ ਸੁਧਾਰ ਲੈਣ ਨਹੀਂ ਤਾਂ ਉਹ (ਜੱਸੀ ਜਸਰਾਜ) ਹਲਕਾ ਸੰਗਰੂਰ ਤੋਂ ਮਾਨ ਦੇ ਖਿਲਾਫ ਆਪ ਖੁਦ ਚੋਣ ਲੜਨਗੇ। ਲੋਕ ਇਨਸਾਫ ਪਾਰਟੀ ਦੇ ਇਸ ਉਮੀਦਵਾਰ ਦਾ ਦੋਸ਼ ਹੈ ਕਿ ਮਾਨ ਨੇ ਆਪਣੇ ਸਾਥੀਆਂ ਦੀ ਬਲੀ ਲਈ ਹੈ। ਉਨ੍ਹਾਂ ਕਿਹਾ ਕਿ ਮਾਨ ਨੇ ਅਜਿਹਾ ਦਿੱਲੀ ਦੇ ਲੀਡਰਾਂ ਦੀ ਚਾਕਰੀ ਕਰਕੇ ਆਪਣੀ ਪੁਜੀਸ਼ਨ ਬਚਾਉਣ ਲਈ ਕੀਤਾ ਸੀ।

ਜੱਸੀ ਦਾ ਦਾਅਵਾ ਹੈ ਕਿ ਦਿੱਲੀ ਪੰਜਾਬ ਦੀ ਕਦੇ ਵੀ ਨਹੀਂ ਹੋਈ। ਇਸ ਲਈ ਭਗਵੰਤ ਮਾਨ ਨੂੰ ਪਹਿਲਾਂ ਪੰਜਾਬ ਅਤੇ ਪੰਜਾਬੀਆਂ ਬਾਰੇ ਸੋਚਣਾ ਚਾਹੀਦਾ ਹੈ। ਜੱਸੀ ਜਸਰਾਜ ਨੇ ਹਿੱਕ ਠੋਕ ਕੇ ਕਿਹਾ ਕਿ ਉਨ੍ਹਾਂ ਨੂੰ ਸੰਗਰੂਰ ਤੋਂ ਕੋਈ ਚੁਣੌਤੀ ਨਹੀਂ ਹੈ ਕਿਉਂਕਿ ਜੇ ਉਹ ਬਠਿੰਡਾ ਤੋਂ ਬਾਦਲਾਂ ਦੇ ਗੜ੍ਹ ‘ਚ ਜਾ ਕੇ ਹਰਸਿਮਰਤ ਦੇ ਖਿਲਾਫ ਚੋਣ ਲੜ ਸਕਦੇ ਹਨ ਤਾਂ ਭਗਵੰਤ ਮਾਨ ਚੀਜ਼ ਹੀ ਕੀ ਹੈ?

ਇਸ ਮੌਕੇ ਉਨ੍ਹਾਂ ਕੈਪਟਨ ਅਤੇ ਕੇਜਰੀਵਾਲ ਨੂੰ ਵੀ ਲਪੇਟਦਿਆਂ ਕਿਹਾ ਕਿ ਸੂਬੇ ‘ਚ ਸਹੁੰ ਖਾਣ ਦਾ ਰਿਵਾਜ਼ ਹੀ ਤੁਰ ਪਿਆ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚੋਂ ਨਸ਼ਾ ਖਤਮ ਕਰਨ ਲਈ ਸਹੁੰ ਖਾਦੀ ਪਰ ਨਸ਼ਾ ਖਤਮ ਨਹੀਂ ਹੋ ਸਕਿਆ। ਕੇਜਰੀਵਾਲ ਨੇ ਬੱਚਿਆਂ ਦੀ ਸਹੁੰ ਖਾਦੀ ਤੇ ਇੰਝ ਹੀ ਭਗਵੰਤ ਮਾਨ ਆਪਣੀ ਮਾਂ ਦੀ ਸਹੁੰ ਖਾ ਕੇ ਸ਼ਰਾਬ ਛੱਡਣ ਦੀਆਂ ਗੱਲਾਂ ਕਰ ਰਿਹਾ ਹੈ ਪਰ ਉਹ ਪੁੱਛਣਾ ਚਾਹੁੰਦੇ ਹਨ ਕਿ ਅਜਿਹੀ ਨੌਬਤ ਹੀ ਕਿਉਂ ਆਉਂਦੀ ਹੈ ਕਿ ਕਿਸੇ ਨੂੰ ਸਹੁੰ ਖਾਣੀ ਪਵੇ।

- Advertisement -

 

Share this Article
Leave a comment