ਮਜੀਠੀਏ ਤੋਂ ਮਦਦ ਲੈਣੀ ਮਹਿੰਗੀ ਪਈ, ਬੁੱਧ ਸਿੰਘ ਨੂੰ ਢਾਹ ਢਾਹ ਕੁੱਟਿਆ ਕਾਂਗਰਸੀਆਂ ਨੇ, ਦੇਖੋ ਵੀਡੀਓ

TeamGlobalPunjab
4 Min Read

ਡੇਰਾ ਬਾਬਾ ਨਾਨਕ : ਸੂਬੇ ‘ਚ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਿੰਡ ਕੋਟਲੀ ਸੂਰਤ ਮੱਲੀ ਦੇ ਰਹਿਣ ਵਾਲੇ ਬੁੱਧ ਸਿੰਘ ਨਾਮਕ ਜਿਸ ਕਿਸਾਨ ਦੀਆਂ ਤਸਵੀਰਾਂ ਕਰਜ਼ਾ ਮਾਫੀ ਸਕੀਮ ਵਾਲੇ ਫਾਰਮਾਂ ‘ਤੇ ਲਾ ਕੇ ਕਾਂਗਰਸ ਪਾਰਟੀ ਨੇ ਪੰਜਾਬ ‘ਚ ਇਹ ਮੁਹਿੰਮ ਚਲਾਈ ਸੀ, ਸਰਕਾਰ ਆਉਣ ‘ਤੇ ਸੱਤਾਧਾਰੀ ਉਸ ਦਾ ਕਰਜਾ ਮਾਫ ਕਰਨ ‘ਚ ਤਾਂ ਨਾਕਾਮ ਸਾਬਤ ਹੋਏ, ਹਾਂ ਇੰਨਾ ਜਰੂਰ ਹੈ ਕਿ ਉਸ ਦਾ ਕੁਟਾਪਾ ਜਰੂਰ ਚੜ੍ਹ ਗਿਆ, ਤੇ ਤ੍ਰਾਸਦੀ ਇਹ ਹੈ ਕਿ ਬੁੱਧ ਸਿੰਘ ਆਪਣੇ ਉੱਤੇ ਹਮਲਾ ਕਰਨ ਵਾਲੇ ਲੋਕਾਂ ਦੀ ਪਛਾਣ ਕਾਂਗਰਸੀਆਂ ਵਜੋਂ ਕਰ ਰਹੇ ਹਨ। ਬੁੱਧ ਸਿੰਘ ਦੋਸ਼ ਲਾਉਂਦਾ ਹੈ ਕਿ ਹਮਲਾ ਕਰਨ ਵਾਲੇ  ਕਾਂਗਰਸੀ ਉਸ ਕੋਲੋਂ ਇਸ ਗੱਲੋਂ ਚਿੜ੍ਹੇ ਹੋਏ ਸਨ ਕਿਉਂਕਿ ਕਾਂਗਰਸ ਦੀ ਬਜਾਏ ਉਸ ਦਾ ਕਰਜਾ ਅਕਾਲੀਆਂ ਨੇ ਮਾਫ ਕੀਤਾ ਸੀ।

ਦੱਸ ਦਈਏ ਕਿ ਹੈ ਕਿ ਬੁੱਧ ਸਿੰਘ ਉਹ ਹੀ ਕਿਸਾਨ ਹੈ ਜਿਸ ਕੋਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਪਹੁੰਚ ਕੇ ਉਸ ਦਾ ਕਰਜਾ ਮਾਫ ਕਰਨ ਲਈ ਫਾਰਮ ਭਰਿਆ ਸੀ, ਤੇ ਇੱਥੋਂ ਹੀ ਕਰਜਾ ਮਾਫੀ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਤੋਂ ਬਾਅਦ ਬੁੱਧ ਸਿੰਘ ਦੀਆਂ ਤਸਵੀਰਾਂ ਵੀ ਕਾਂਗਰਸ ਪਾਰਟੀ ਵੱਲੋਂ ਇਸ਼ਤਿਹਾਰਾਂ ‘ਤੇ ਲਾਈਆਂ ਗਈਆਂ ਸਨ। ਜਿਸ ਨਾਲ ਬੁੱਧ ਸਿੰਘ ਅੱਜ ਇੰਨਾ ਕੁ ਮਸ਼ਹੂਰ ਹੋ ਚੁਕਾ ਹੈ ਕਿ ਉਸ ਨੂੰ ਹਰ ਉਹ ਬੰਦਾ ਜਾਣਦਾ ਹੈ ਜਿਹੜਾ ਪੰਜਾਬ ਦੀ ਸਿਆਸਤ ‘ਚ ਥੋੜੀ ਬਹੁਤ ਵੀ ਦਿਲਚਸਪੀ ਰਖਦਾ ਹੈ। ਪਰ ਬੁੱਧ ਸਿੰਘ ਕਹਿੰਦਾ ਹੈ ਕਿ ਸ਼ਾਇਦ ਇਹੋ ਮਸ਼ਹੂਰੀ ਉਸ ਦੀ ਜੀਅ ਦਾ ਜੰਜਾਲ ਬਣ ਗਈ। ਸਰਕਾਰ ਨੇ ਉਸ ਦਾ ਕਰਜਾ ਤਾਂ ਕੀ ਮਾਫ ਕਰਨਾ ਸੀ ਜੇਕਰ ਅਕਾਲੀਆਂ ਨੇ ਇਹ ਕਰਜਾ ਉਤਾਰਨ ਲਈ ਉਸ ਦੀ ਆਰਥਿਕ ਮਦਦ ਵੀ ਕੀਤੀ ਤਾਂ ਅੱਜ ਕਾਂਗਰਸੀ ਉਸ ਗੱਲ ਦੀ ਵੀ ਉਸ ਨਾਲ ਖਾਰ ਖਾਈ ਬੈਠੇ ਹਨ।

ਇਸ ਕੁੱਟਮਾਰ ਸਬੰਧੀ ਜਦੋਂ ਕਿਸਾਨ ਬੁੱਧ ਸਿੰਘ ਦੋਸ਼ ਲਾਉਂਦੇ ਹੋਏ ਦੱਸਦਾ ਹੈ ਕਿ ਉਸ ਦੇ ਹਲਕੇ ਦੇ ਕਾਂਗਰਸੀ ਉਸ ਤੋਂ ਇੰਨਾ ਜਿਆਦਾ ਚਿੜ੍ਹੇ ਹੋਏ ਸਨ, ਕਿ ਉਨ੍ਹਾਂ ਨੇ ਉਸ ਦੀ ਭਰੇ ਬਾਜ਼ਾਰ ‘ਚ ਕੁੱਟਮਾਰ ਕਰ ਦਿੱਤੀ। ਬੁੱਧ ਸਿੰਘ ਅਨੁਸਾਰ ਉਹ ਬੀਤੀ ਕੱਲ੍ਹ ਨੇੜਲੇ ਬਿਜਲੀ ਦਫਤਰ ‘ਚ ਆਪਣੇ ਘਰ ਦਾ ਬਿਜਲੀ ਬਿੱਲ ਭਰਨ ਗਿਆ ਸੀ, ਪਰ ਦਫਤਰ ਬੰਦ ਹੋਣ ਕਾਰਨ ਜਦੋਂ ਉਹ ਵਾਪਸ ਮੁੜਿਆ ਆ ਰਿਹਾ ਸੀ ਤਾਂ ਇੱਥੋਂ ਦਾ ਬਲਾਕ ਕਾਂਗਰਸ ਪ੍ਰਧਾਨ ਹਰਦੇਵ ਸਿੰਘ ਅਤੇ ਕੁਝ ਹੋਰ ਉਸ ਨੂੰ ਕੁੱਟਣ ਦੀ ਨੀਅਤ ਨਾਲ ਪਹਿਲਾਂ ਹੀ ਨੇੜਲੇ ਇੱਕ ਆੜ੍ਹਤੀਏ ਦੀ ਦੁਕਾਨ ਅੰਦਰ ਘਾਤ ਲਾ ਕੇ ਬੈਠ ਗਏ ਸਨ। ਬੁੱਧ ਸਿੰਘ ਦੋਸ਼ ਲਾਉਂਦਾ ਹੈ ਕਿ ਜਦੋਂ ਉਹ ਉਸ ਦੁਕਾਨ ਦੇ ਨੇੜੇ ਪਹੁੰਚਿਆ ਤਾਂ ਅੰਦਰ ਲੁਕੇ ਬੈਠੇ ਲੋਕ ਇਕਦਮ ਬਾਹਰ ਆ ਗਏ ਤੇ ਉਨ੍ਹਾਂ ਨੇ ਉਸ ਨੂੰ ਧੱਕਾ ਮਾਰ ਕੇ ਸਾਈਕਲ ਤੋਂ ਥੱਲੇ ਸੁੱਟ ਦਿੱਤਾ ਤੇ ਘੇਰਾ ਪਾ ਲਿਆ। ਬੁੱਧ ਸਿੰਘ ਦੱਸਦਾ ਹੈ ਕਿ ਜਦੋਂ ਉਹ ਉਸ ਨਾਲ ਕੁੱਟਮਾਰ ਕਰ ਰਹੇ ਸਨ ਤਾਂ ਬਟਾਲਾ ਵਿਖੇ ਤੈਨਾਤ ਇੱਕ ਸਬ ਇੰਸਪੈਕਟਰ ਉੱਥੋਂ ਲੰਘਿਆ ਜਿਸ ਨੇ ਜਦੋਂ ਉਸ (ਬੁੱਧ ਸਿੰਘ) ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਲੋਕਾਂ ਨੇ ਵੀ ਉਸ ਸਬ ਇੰਸਪੈਕਟਰ ਨੂੰ ਵੀ ਢਾਹ ਲਿਆ, ਤੇ ਇਸ ਕੁੱਟਮਾਰ ਦੌਰਾਨ ਉਸ ਦੇ ਵੀ  ਸੱਟਾਂ ਲੱਗੀਆਂ ਹਨ।

ਇੱਧਰ ਦੂਜੇ ਪਾਸੇ ਇਸ ਮਾਮਲੇ ‘ਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਬੁੱਧ ਸਿੰਘ ਵੱਲੋਂ ਕੁੱਟਮਾਰ ਸਬੰਧੀ ਉਨ੍ਹਾਂ ਨੂੰ ਦਰਖਾਸਤ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਤੋਂ ਬਾਅਦ ਜੋ ਕੋਈ ਵੀ ਕਸੂਰਵਾਰ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

- Advertisement -

ਕੀ ਹੈ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

https://youtu.be/075ta6WqH24

Share this Article
Leave a comment