ਮਜੀਠੀਆ ਦੀ ਇਸ ਹਰਕਤ ਨੇ ਕਾਨੂੰਨ ਦਾ ਸ਼ਰੇਆਮ ਉਡਾਇਆ ਮਜ਼ਾਕ !

Prabhjot Kaur
2 Min Read

ਗੋਰਾਇਆ : ਚੋਣਾਂ ਦਾ ਮੌਸਮ ਹੈ ਤੇ ਹਰ ਪਾਸੇ ਇਸ ਨੂੰ ਧਿਆਨ ‘ਚ ਰੱਖਦਿਆਂ ਸਿਆਸੀ ਪਾਰਟੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਰੈਲੀਆਂ ਕਰਨ ਲੱਗੀਆਂ ਹੋਈਆਂ ਨੇ । ਇਸੇ ਮਾਹੌਲ ‘ਚ ਅਕਾਲੀ ਆਗੂ ਵੀ ਆਪਣੇ ਵਰਕਰਾਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਨੇ।ਇਸੇ ਤਹਿਤ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਲਗਾਤਾਰ ਪੰਜਾਬ ‘ਚ ਵੱਖ ਵੱਖ ਥਾਈਂ ਦੌਰੇ ਕੀਤੇ ਜਾ ਰਹੇ ਹਨ। ਇਸ ਦੌਰਾਨ ਮਜੀਠੀਆ ਬੀਤੇ ਸ਼ਨੀਵਾਰ ਗੋਰਾਇਆ ਹਲਕੇ ਦੇ ਲੋਕਾਂ ਨਾਲ ਸੰਪਰਕ ਸਾਧਿਆ ਗਿਆ।  ਇੱਥੇ ਖਾਸ ਗੱਲ ਇਹ ਰਹੀ ਕਿ ਬਿਕਰਮ ਸਿੰਘ ਮਜੀਠੀਆ ਨੇ ਇਹ ਦੌਰਾ ਆਪਣੀ ਗੱਡੀ ਰਾਹੀਂ ਨਹੀਂ ਬਲਕਿ ਕਾਕਿਆਂ ਦੀ ਸਵਾਰੀ ਮੰਨੀ ਜਾਂਦੀ  ਬੁਲਟ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕੀਤਾ। ਇਸ ਮੌਕੇ ਭਾਵੇਂ ਮਜੀਠੀਆ ਦੀ ਤਾਂ ਟੌਹਰ ਬਰਕਰਾਰ ਰਹੀ, ਪਰ ਸ਼ਾਇਦ ਉਹ ਇਹ ਗੱਲ ਭੁੱਲ ਗਏ ਕਿ ਭਾਰਤ ‘ਚ ਵਾਹਨ ਚਲਾਉਂਣ ਲਈ ਬਣੇ ਮੋਟਰ ਵਹੀਕਲ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਕਰਕੇ ਉਸ ਕਨੂੰਨ ਦੀ ਟੌਹਰ ਵੀ ਬਰਕਰਾਰ ਰੱਖਣੀ ਹੁੰਦੀ ਹੈ।

ਹੋਇਆ ਇੰਝ ਕਿ ਇਸੇ ਰੈਲੀ ਦੌਰਾਨ ਉਨ੍ਹਾਂ ਦੇ ਨਾਲ ਬੁਲਟ ‘ਤੇ ਬਿਨਾਂ ਹੈਲਮਟ ਪਹਿਨੇ ਇੱਕ ਹੋਰ ਬੰਦਾ ਵੀ ਸਵਾਰ ਹੋ ਗਿਆ। ਜਿਸ ਨਾਲ ਕਾਨੂੰਨ ਦੀ ਸ਼ਰੇਆਮ ਉਲੰਘਣਾ ਹੋਈ। ਇੱਥੇ ਹੀ ਬਸ ਨਹੀਂ ਇਸ ਦੌਰਾਨ ਕੱਢੀ ਗਈ ਮੋਟਰਸਾਈਕਲ ਰੈਲੀ ‘ਚ ਉਨ੍ਹਾਂ ਦੇ ਨਾਲ ਹੋਰ ਵੀ ਕਈ ਨੌਜਵਾਨ ਆਪੋ ਆਪਣੇ ਮੋਟਰ ਸਾਈਕਲਾਂ ‘ਤੇ ਸਵਾਰ ਹੋਕੇ ਸ਼ਾਮਲ ਹੋਏ । ਪਰ ਦੁੱਖ ਦੀ ਗੱਲ ਇਹ ਸੀ ਕਿ ਉਨ੍ਹਾਂ ‘ਚੋਂ ਵੱਡੀ ਤਾਦਾਦ ‘ਚ ਲੋਕਾਂ ਨੇ ਹੈਲਮਟ ਨਹੀਂ ਪਾਈ । ਉਹ ਲੋਕ ਇੱਕ ਇੱਕ ਮੋਟਰ ਸਾਈਕਲ ‘ਤੇ ਤਿੰਨ-ਤਿੰਨ ਬੰਦੇ ਸਵਾਰ ਹੋ ਕੇ ਸ਼ਰੇਆਮ ਕਾਨੂੰਨ ਦਾ ਮਜ਼ਾਕ ਉਡਾਉਂਦੇ ਰਹੇ । ਲੋਕਾਂ ਵੱਲੋਂ ਇਸ ਕੰਮ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਜਾ ਰਹੀ ਹੈ। ਸਵਾਲ ਚੁੱਕੇ ਜਾ ਰਹੇ ਨੇ ਕਿ ਜੇਕਰ ਕੋਈ ਆਮ ਇੰਨਸਾਨ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਸਜ਼ਾ ਮਿਲਦੀ ਹੈ ਪਰ ਹੁਣ ਕਾਨੂੰਨ ਦੀ ਉਲੰਘਣਾ ਕਿਸੇ ਆਮ ਇੰਨਸਾਨ ਨੇ ਨਹੀਂ ਬਲਕਿ ਇੱਕ ਵਿਧਾਇਕ ਯਾਨੀ ਕਿ ਕਾਨੂੰਨ ਬਣਾਉਣ ਵਾਲੇ ਵਿਧਾਨਕਾਰ ਨੇ ਕੀਤੀ ਹੈ, ਕੀ ਇਸ ਤੇ ਵੀ ਕਾਰਵਾਈ ਕਰਨ ਲਈ ਕਾਨੂੰਨ ਆਪਣਾ ਕੰਮ ਆਪਣੇ ਆਪ ਕਰੇਗਾ ?

Share this Article
Leave a comment