ਬੰਬ ਧਮਾਕਿਆਂ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ, ਫੇਸਬੁੱਕ ਤੇ ਇੰਸਟਾਗ੍ਰਾਮ ‘ਤੇ ਪਾਬੰਦੀ

TeamGlobalPunjab
2 Min Read

ਸ੍ਰੀ ਲੰਕਾ : ਸ੍ਰੀ ਲੰਕਾ ਸਰਕਾਰ ਨੇ ਹਮਲਿਆਂ ਤੋਂ ਬਾਅਦ ਉਸ ਸਬੰਧੀ ਫੈਲਣ ਵਾਲੀਆਂ ਝੂਠੀਆਂ ਖਬਰਾਂ ‘ਤੇ ਰੋਕ ਲਾਉਣ ਲਈ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਐਪਜ਼ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਰਾਸ਼ਟਰਪਤੀ ਸਕੱਤਰੇਤ ਨੇ ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਪਾਬੰਦੀ ਦਾ ਫੈਸਲਾ ਝੂਠੀ ਖਬਰਾਂ ਫੈਲਣ ਤੋਂ ਬਾਅਦ ਲਿਆ ਗਿਆ ਹੈ।

ਦੱਸ ਦਈਏ ਕਿ ਸਕੱਤਰੇਤ ਨੇ ਆਪਣੇ ਬਿਆਨ ‘ਚ ਕਿਹਾ ਕਿ ਫੌਜੀ ਦਸਤੇ ਇਨ੍ਹਾਂ ਹਮਲਿਆਂ ਸਬੰਧੀ ਜਾਂਚ ਕਰ ਰਹੇ ਹਨ ਅਤੇ ਜਦੋਂ ਤੱਕ ਇਹ ਜਾਂਚ ਪੂਰੀ ਨਹੀਂ ਹੋ ਜਾਂਦੀ, ਤਦੋਂ ਤੱਕ ਸੋਸ਼ਲ ਮੀਡੀਆ ‘ਤੇ ਪਾਬੰਦੀ ਲੱਗੀ ਰਹੇਗੀ। ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਦੇ ਦਫ਼ਤਰ ਨੇ ਇੱਕ ਟਵੀਟ ਜਾਰੀ ਕਰਦਿਆਂ, ਦੇਸ਼ ਨੂੰ ਸੰਜਮ ਅਤੇ ਧੀਰਜ ਰੱਖਦਿਆਂ ਬੇਬੁਨਿਆਦ ਝੂਠੀਆਂ ਖ਼ਬਰਾਂ ਤੋਂ ਗੁਮਰਾਹ ਨਾ ਹੋਣ ਦੀ ਅਪੀਲ ਕੀਤੀ ਹੈ। ਇੱਕ ਖ਼ਬਰ ਮੁਤਾਬਕ ਇਸ ਤੋਂ ਬਾਅਦ ਫੇਸਬੁੱਕ ਨੇ ਆਪਣੀ ਸੰਕਟ ਪ੍ਰਤੀਕਿਰਿਆ ਵਿਵਸਥਾ ਨੂੰ ਲਾਗੂ ਕਰ ਦਿੱਤਾ ਹੈ ਅਤੇ ਇਹ ਵਿਵਸਥਾ ਲੋਕਾਂ ਨੂੰ ਦਸਦੀ ਹੈ ਕਿ ਉਹ ਸੁਰੱਖਿਅਤ ਹਨ। ਸ੍ਰੀਲੰਕਾ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ‘ਚ ਹੀ ਰਹਿਣ, ਅਤੇ ਵਿਸਫੋਟ ਵਾਲੇ ਸਥਾਨਾਂ ‘ਤੇ ਨਾ ਜਾਣ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਕੱਲ੍ਹ ਸ੍ਰੀਲੰਕਾ ‘ਚ ਹਮਲਿਆਂ ਦੌਰਾਨ ਹੋਟਲਾਂ ਅਤੇ ਚਰਚਾਂ ਨੂੰ ਕੁਝ ਅਣਜਾਣ ਅਤੇ ਆਤਮਘਾਤੀ ਹਮਲਾਵਰਾਂ ਵੱਲੋਂ ਨਿਸ਼ਾਨਾਂ ਬਣਾਇਆ ਗਿਆ ਸੀ। ਜਾਣਕਾਰੀ ਮੁਤਾਬਕ ਇਹ ਹਮਲਾ ਬੀਤੇ ਕੱਲ੍ਹ ਸ੍ਰੀਲੰਕਾ ਦੇ ਸਮੇਂ ਅਨੁਸਾਰ ਸਵੇਰੇ 8 ਵੱਜ ਕੇ 45 ਮਿੰਟ ਦੇ ਕਰੀਬ ਹੋਇਆ ਸੀ। 6 ਥਾਵਾਂ ‘ਤੇ ਕੀਤੇ ਗਏ ਇਨ੍ਹਾਂ ਹਮਲਿਆਂ ਦੌਰਾਨ 35 ਵਿਦੇਸ਼ੀਆਂ ਸਣੇ 215 ਦੇ ਕਰੀਬ ਲੋਕਾਂ ਦੀ ਮੌਤ ਹੋਣ ਅਤੇ 500 ਕੇ ਕਰੀਬ ਲੋਕਾਂ ਦੇ ਜਖਮੀ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ। ਜਿਨ੍ਹਾਂ ਵਿੱਚੋਂ 4 ਭਾਰਤੀ ਵੀ ਦੱਸੇ ਜਾ ਰਹੇ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਨ੍ਹਾਂ ਵਿੱਚੋਂ 3 ਲੋਕਾਂ ਦੀ ਅਧਿਕਾਰਿਤ ਤੌਰ ‘ਤੇ ਪੁਸ਼ਟੀ ਕਰ ਦਿੱਤੀ ਹੈ ਜਿਨ੍ਹਾਂ ਵਿੱਚ ਲਕਸ਼ਮੀ, ਨਾਰਾਇਣ ਚੰਦਰ ਸੇਖਰ ਤੇ ਰਮੇਸ਼ ਦੇ ਨਾਮ ਸ਼ਾਮਲ ਹਨ।

Share this Article
Leave a comment