ਬੀਬੀ ਜਗੀਰ ਕੌਰ ਦੀ ਰੈਲੀ ‘ਚ ਅਕਾਲੀ ਆਗੂ ਆਪਸ ‘ਚ ਭਿੜੇ, ਹੋਏ ਧੱਕਮ-ਧੱਕੀ, ਤੇ ਹੱਥੋ ਪਾਈ, ਵਿਰੋਧੀ ਖੁਸ਼

TeamGlobalPunjab
5 Min Read

ਖਡੂਰ ਸਾਹਿਬ : ਚੋਣਾਂ ਦੇ ਇਸ ਮਹੌਲ ਵਿੱਚ ਜਦੋਂ ਸਾਰੀਆਂ ਸਿਆਸੀ ਪਾਰਟੀਆਂ ਜਿੱਥੇ ਆਪਣੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੀਆਂ ਨਾਰਾਜ਼ਗੀਆਂ ਦੂਰ ਕਰਕੇ ਉਨ੍ਹਾਂ ਨੂੰ ਮਨਾਉਣ ਤੇ ਇਕੱਠੇ ਕਰਨ ਲੱਗੀਆਂ ਹੋਈਆਂ ਹਨ, ਉੱਥੇ ਵਿਰੋਧੀ ਪਾਰਟੀਆਂ ਦੇ ਨਰਾਜ਼ ਲੋਕਾਂ ਨੂੰ ਵੀ ਆਪਣੇ ਵੱਲ ਖਿੱਚ ਕੇ ਵੱਧ-ਤੋਂ-ਵੱਧ ਵੋਟਾਂ ਹਾਸਲ ਕਰਨਾ ਉਨ੍ਹਾਂ ਦਾ ਇੱਕੋ ਇੱਕ ਮਕਸਦ ਜਾਪਦਾ ਹੈ। ਅਜਿਹੇ ਵਿੱਚ ਉਸ ਉਮੀਦਵਾਰ ਦੀ ਜਾਨ ਮੁੱਠੀ ‘ਚ ਆ ਜਾਂਦੀ ਹੈ, ਜਿਹੜਾ ਗਿਆ ਤਾਂ ਲੋਕਾਂ ਕੋਲੋਂ ਵੋਟਾਂ ਮੰਗਣ ਲਈ ਹੁੰਦਾ ਹੈ ਤੇ ਉਸ ਦੀ ਰੈਲੀ ਵਿੱਚ ਉਸ ਦੇ ਆਪਣੇ ਹੀ ਵਰਕਰ ਅਤੇ ਆਗੂ ਆਪਸ ਵਿੱਚ ਹੱਥੋਪਾਈ ਹੋ ਜਾਂਦੇ ਹਨ। ਅਜਿਹਾ ਹੀ ਇੱਕ ਨਜ਼ਾਰਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਦੀ ਰੈਲੀ ‘ਚ ਦੇਖਣ ਨੂੰ ਮਿਲਿਆ , ਜਿੱਥੇ ਬੀਬੀ ਜਗੀਰ ਕੌਰ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਦੀ ਮੌਜੂਦਗੀ ਵਿੱਚ ਅਕਾਲੀ ਦਲ ਦੇ ਮਾਝਾ ਜੋਨ ਪ੍ਰਧਾਨ ਪਰਗਟ ਸਿੰਘ ਬਨਵਾਲੀਪੁਰ ਤੇ ਹਲਕਾ ਬਾਬਾ ਬਕਾਲਾ ਤੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਆਪਸ ਵਿੱਚ ਉਲਝ ਕੇ ਹੱਥੋਪਾਈ ਹੋ ਗਏ। ਚੋਣਾਂ ਦੇ ਐਨ ਮੌਕੇ ਘਟੀ ਇਹ ਘਟਨਾ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਅਕਾਲੀ ਦਲ ਲਈ ਇਹ ਬੁਰੀ ਖ਼ਬਰ ਲੈ ਕੇ ਆਈ ਹੈ, ਤੇ ਜੇਕਰ ਅਜਿਹਾ ਚਲਦਾ ਰਿਹਾ ਤਾਂ ਇਸ ਦਾ ਫਾਇਦਾ ਵਿਰੋਧੀਆਂ ਨੂੰ ਮਿਲਣਾ ਲਾਜ਼ਮੀ ਹੈ।

ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਪਰਗਟ ਸਿੰਘ ਬਨਵਾਲੀਪੁਰ ਨੇ ਕਿਹਾ, ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਮੌਜੂਦਾ ਚੋਣਾਂ ਦੇ ਮੱਦੇਨਜ਼ਰ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਪਿੰਡ ਪੱਧਰ ‘ਤੇ ਬੈਠਕਾਂ ਕਰਕੇ ਦਲਿਤ ਵਰਗ ਨੂੰ ਜਾਗਰੁਕ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਇਸੇ ਸਬੰਧ ਵਿੱਚ ਉਨ੍ਹਾਂ ਨੇ ਹਲਕੇ ਵਿੱਚ ਇੱਕ ਰੈਲੀ ਦਾ ਆਯੋਜਨ ਕਰਵਾਇਆ ਸੀ ਜਿਸ ਵਿੱਚ ਬੀਬੀ ਜਗੀਰ ਕੌਰ ਤੋਂ ਇਲਾਵਾ ਗੁਲਜਾਰ ਸਿੰਘ ਰਣੀਕੇ ਵੀ ਮੌਜੂਦ ਸਨ। ਪਰਗਟ ਸਿੰਘ ਬਨਵਾਲੀਪੁਰ ਅਨੁਸਾਰ ਜਦੋਂ ਬੀਬੀ ਜਗੀਰ ਕੌਰ ਸਟੇਜ਼ ਤੋਂ ਬੋਲ ਹਟੇ ਤਾਂ ਉਨ੍ਹਾਂ ਨੇ ਸੋਚਿਆ ਕਿ ਗੁਲਜਾਰ ਸਿੰਘ ਰਣੀਕੇ ਨੇ ਤਾਂ ਅਜੇ ਕੁਝ ਬੋਲਿਆ ਹੀ ਨਹੀਂ ਹੈ। ਇਸ ਲਈ ਉਨ੍ਹਾਂ ਨੇ ਪੰਡਾਲ ਵਿੱਚੋਂ ਉਠ ਕੇ ਜਾ ਰਹੀ ਸੰਗਤ ਨੂੰ ਉੱਚੀ ਉੱਚੀ ਬੋਲ ਕੇ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ ਕਿ ਅਜੇ ਜਾਇਓ ਨਾ ਗੁਲਜਾਰ ਸਿੰਘ ਰਣੀਕੇ ਸਟੇਜ਼ ਤੋਂ ਬੋਲਣ ਵਾਲੇ ਹਨ, ਜਦੋਂ ਉਹ ਸੰਬੋਧਨ ਕਰ ਹਟਣਗੇ, ਤਾਂ ਫਿਰ ਤੁਸੀਂ ਚਲੇ ਜਾਇਓ। ਪਰਗਟ ਸਿੰਘ ਬਨਵਾਲੀਪੁਰ ਨੇ ਦੋਸ਼ ਲਾਇਆ ਕਿ ਇੰਨਾ ਸੁਣ ਕੇ ਮੌਕੇ ‘ਤੇ ਮੌਜੂਦ ਬਾਬਾ ਬਕਾਲਾ ਦੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਉਨ੍ਹਾਂ ਵਿਰੁੱਧ ਭੜਕ ਪਏ ਤੇ ਕਹਿਣ ਲੱਗੇ, ਕਿ ਇੰਨਾ ਉੱਚੀ ਉੱਚੀ ਸੰਘ ਪਾੜ ਕੇ ਬੋਲਣ ਲੱਗਿਆ ਹੈਂ, ਜਾ ਕੇ ਗੇਟ ‘ਤੇ ਕਿਉਂ ਨਹੀਂ ਖਲੋ ਜਾਂਦਾ? ਬਨਵਾਲੀਪੁਰ ਅਨੁਸਾਰ ਇਸ ਗੱਲ ‘ਤੇ ਉਨ੍ਹਾਂ ਨੇ ਮਨਜੀਤ ਸਿੰਘ ਮੰਨਾਂ ਨੂੰ ਕਿਹਾ ਕਿ ਪਿਆਰ ਨਾਲ ਗੱਲ ਕਰੋ। ਜੇ ਗੇਟ ‘ਤੇ ਖੜ੍ਹਨ ਦੀ ਗੱਲ ਹੈ ਤਾਂ ਆਪਾ ਦੋਵੇਂ ਜਾ ਕੇ ਖਲੋ ਜਾਂਦੇ ਹਾਂ ਤੇ ਸੰਗਤਾਂ ਨੂੰ ਰੋਕ ਲੈਂਦੇ ਹਾਂ। ਬਨਵਾਲੀਪੁਰ ਨੇ ਅੱਗੇ ਦੋਸ਼ ਲਾਇਆ ਕਿ ਇੰਨਾ ਸੁਣਦਿਆਂ ਹੀ ਸਾਬਕਾ ਵਿਧਾਇਕ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਭੱਜ ਕੇ ਉਨ੍ਹਾਂ ( ਬਨਵਾਲੀਪੁਰ) ਨੂੰ ਧੱਕ ਮਾਰ ਕੇ ਥੱਲੇ ਸੁੱਟ ਦਿੱਤਾ। ਜਿਸ ‘ਤੇ ਉਹ ਉਨ੍ਹਾ ਨੇ ਉਠ ਕੇ ਆਪਣੇ ਆਪ ਨੂੰ ਸੰਭਾਲਿਆ ਤੇ ਅੱਗੇ ਵਧ ਕੇ ਧੱਕੇ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਮੈਂ ਮੰਨਾ ਨੂੰ ਨਾ ਤਾਂ ਕੋਈ ਗਾਲ੍ਹ ਕੱਢੀ ਤੇ ਨਾ ਹੀ ਕੋਈ ਚਪੇੜ ਮਾਰੀ ਹੈ। ਉਹ ਮੌਕੇ ‘ਤੇ ਹੋਇਆ ਝਗੜਾ ਸੀ। ਹੁਣ ਉਨ੍ਹਾਂ ਨੇ ਨਾ ਤਾਂ ਕਿਸੇ ਨੂੰ ਸ਼ਿਕਾਇਤ ਕਰਨੀ ਹੈ ਤੇ ਨਾ ਹੀ ਉਨ੍ਹਾਂ (ਬਨਵਾਲੀਪੁਰ) ਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਹੈ।

ਹਾਲਾਂਕਿ ਇਸ ਸਬੰਧ ਵਿੱਚ ਮਨਜੀਤ ਸਿੰਘ ਮੰਨਾ ਦਾ ਕੋਈ ਬਿਆਨ ਅਜੇ ਤੱਕ ਸਾਹਮਣੇ ਨਹੀਂ ਆਇਆ, ਪਰ ਝਗੜੇ ਵਾਲੀ ਥਾਂ ‘ਤੇ ਚੱਲ ਰਹੇ ਕੈਮਰੇ ਨੇ ਇਹ ਸਾਰੀ ਘਟਨਾ ਰਿਕਾਰਡ ਕਰ ਲਈ, ਜੋ ਕਿ ਹੁਣ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਕੇ ਆਪਣੀ ਕਹਾਣੀ ਖੁਦ ਬਿਆਨ ਕਰ ਰਹੀ ਹੈ। ਚੋਣਾਂ ਦੇ ਐਨ ਮੌਕੇ ਆ ਕੇ ਪਾਰਟੀ ਆਗੂਆਂ ਦਾ ਇੰਝ ਹੱਥੋਪਾਈ ਅਤੇ ਧੱਕਮਧੱਕੇ ਹੋਣਾ ਕੋਈ ਵਧੀਆ ਸੁਨੇਹਾ ਨਹੀਂ ਦੇ ਰਿਹਾ, ਤੇ ਮਾਹਰ ਕਹਿੰਦੇ ਹਨ ਕਿ ਜੇਕਰ ਅਕਾਲੀਆਂ ਨੇ ਵਾਕਿਆ ਹੀ ਚੋਣਾਂ ਜਿੱਤਣੀਆਂ ਹਨ ਤਾਂ ਰੈਲੀਆਂ ਕਰਕੇ ਲੋਕਾਂ ਨੂੰ ਜਾਗਰੁਕ ਕਰਨ ਦੀ ਥਾਂ ਪਹਿਲਾਂ ਆਪਣੇ ਵਰਕਰਾਂ ਤੇ ਆਗੂਆਂ ਨੂੰ ਇੱਕਜੁਟ ਹੋਣ ਲਈ ਜਾਗਰੁਕ ਕਰਨ, ਨਹੀਂ ਤਾਂ ਲੀਡਰਾਂ ਨੂੰ ਦਿਖਾਉਣ ਲਈ ਭਾਵੇਂ ਇਹ ਲੋਕ ਇਕੱਠੇ ਦਿਖਾਈ ਦੇਣ, ਪਰ ਵੋਟਾਂ ਪੈਣ ਮੌਕੇ ਜੇਕਰ ਇਨ੍ਹਾਂ ਨੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਠਾਣ ਲਈ, ਤਾਂ ਨੁਕਸਾਨ ਇਨ੍ਹਾਂ ਦਾ ਨਹੀਂ ਪਾਰਟੀ ਦਾ ਹੋਵੇਗਾ। ਫਿਰ ਕਹੀ ਜਾਇਓ ਸਾਨੂੰ ਮਾਣ ਹੈ ਅਕਾਲੀ ਹੋਣ ‘ਤੇ।

 

- Advertisement -

Share this Article
Leave a comment