ਬਾਬੇ ਨਾਨਕ ਦੀ ਸੇਵਾ ‘ਚ ਲੱਗੇ ਟਰੱਕ ਤੇ ਜੇਸੀਬੀ ਡਰਾਇਵਰ ਮਰ ਰਹੇ ਸਨ ਭੁੱਖੇ, ਫਿਰ ਕਰਤਾ ਕੰਮ ਬੰਦ, ਲਾ ਤਾ ਸੜਕ ‘ਤੇ ਧਰਨਾ

TeamGlobalPunjab
3 Min Read

ਗੁਰਦਾਸਪੁਰ : ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਇੰਨੀ ਦਿਨੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਜਾਣ ਲਈ ਉਸਾਰੇ ਜਾ ਰਹੇ ਲਾਂਘੇ ‘ਤੇ ਸੜਕ ਬਣਾਉਣ ਦਾ ਕੰਮ ਜੋਰਾਂ-ਸ਼ੋਰਾਂ ਨਾਲ ਜਾਰੀ ਹੈ। ਸੀਗਲ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਇਹ ਕੰਮ ਪਿਛਲੇ 2 ਮਹੀਨਿਆਂ ਤੋਂ ਦਰਜ਼ਨਾਂ ਟਰੱਕ ਅਤੇ ਜੇਸੀਬੀ ਮਸ਼ੀਨਾਂ ਲਾ ਕੇ ਲਗਾਤਾਰ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ। ਪਰ ਤੁਸੀਂ ਜਾਣ ਕੇ ਹੈਰਾਨ ਹੋਵੋਂਗੇ ਕਿ ਸਿੱਖ ਪੰਥ ਦੇ ਜਿਸ ਬਾਨੀ ਬਾਬਾ ਨਾਨਕ ਵੱਲੋਂ ਚਲਾਈ ਗਈ ਲੰਗਰ ਦੀ ਪ੍ਰਥਾ ਅੱਜ ਵੀ ਬਾਦਸਤੂਰ ਜਾਰੀ ਹੈ, ਉਸ ਬਾਬੇ ਨਾਨਕ ਦੇ ਘਰ ਨੂੰ ਜਾਣ ਵਾਲੇ ਰਸਤੇ ਦੀ ਉਸਾਰੀ ਦਾ ਕੰਮ ਕਰਨ ਲਈ ਲੱਗੇ ਹੋਏ ਟਰੱਕ ਅਤੇ  ਜੇਸੀਬੀ ਡਰਾਇਵਰਾਂ ਨੂੰ ਸੀਗਲ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਪਿਛਲੇ 2 ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਇਨ੍ਹਾਂ ਲੋਕਾਂ ਦੇ ਪਰਿਵਾਰਾਂ ਦੀ ਭੁੱਖੇ ਮਰਨ ਤੱਕ ਨੌਬਤ ਆ ਗਈ ਹੈ। ਜਿਸ ਕਾਰਨ ਅੱਕੇ ਹੋਏ ਇਨ੍ਹਾਂ ਡਰਾਇਵਰਾਂ ਨੇ, “ਭੂਖੇ ਭਗਤ ਨਾ ਕੀਜੇ, ਇਹ ਮਾਲਾ ਆਪਣੀ ਲੀਜੇ” ਵਾਲੇ ਦੋਹੇ ਨੂੰ ਸੱਚ ਕਰ ਵਿਖਾਉਂਦਿਆਂ ਕਰਤਾਰਪੁਰ ਸਾਹਿਬ ਲਾਂਘੇ ਲਈ ਉਸਾਰੀ ਜਾ ਰਹੀ ਸੜਕ ਦਾ ਕੰਮ ਰੋਕ ਕੇ ਧਰਨਾ ਲਾ ਦਿੱਤਾ ਹੈ। ਇਹ ਪਤਾ ਲਗਦਿਆਂ ਹੀ ਕੰਪਨੀ  ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ ਤੇ ਉਨ੍ਹਾਂ ਨੇ ਇਨ੍ਹਾਂ ਟਰੱਕ ਤੇ ਜੇਸੀਬੀ ਡਰਾਇਵਰਾਂ ਨਾਲ ਮੀਟਿੰਗ ਕਰਕੇ ਮਸਲੇ ਦਾ ਹੱਲ ਜਲਦ ਕੱਢਣ ਦਾ ਭਰੋਸਾ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਨ੍ਹਾਂ ਟਰੱਕ ਅਤੇ ਜੇਸੀਬੀ ਡਰਾਇਵਰਾਂ ਵੱਲੋਂ ਇਸ ਸੜਕ ਦੀ ਉਸਾਰੀ ਦਾ ਕੰਮ ਕੀਤਾ ਜਾ ਰਿਹਾ ਹੈ, ਉਹ ਲੋਕ ਦੂਰ ਦੂਰ ਤੋਂ ਆਪਣੇ ਘਰ-ਵਾਰ ਛੱਡ ਕੇ ਇੱਥੇ ਕੰਮ ਕਰਨ ਆਏ ਹੋਏ ਹਨ, ਤੇ ਕੰਪਨੀ ਵੱਲੋਂ 2 ਮਹੀਨਿਆਂ ਤੋਂ ਇਨ੍ਹਾਂ ਨੂੰ ਤਨਖਾਹਾਂ ਨਾ ਦਿੱਤੇ ਜਾਣ ਕਾਰਨ ਜਿੱਥੇ ਇਨ੍ਹਾਂ ਲੋਕਾਂ ਨੂੰ ਆਪਣੇ ਨਿੱਜੀ ਖਰਚੇ ਕਰਨੇ ਹੋਏ ਪਏ ਹਨ, ਉੱਥੇ ਇਨ੍ਹਾਂ ਦੇ ਪਰਿਵਾਰ ਵੀ ਇਨ੍ਹਾਂ ਨੂੰ ਤੋੜ ਤੋੜ ਕੇ ਖਾਹ ਰਹੇ ਹਨ ਕਿ, “ਕੰਮ ਕਰ ਰਹੇ ਹੋ ਤਾਂ ਪੈਸਾ ਦਿਓ ਤਾਂ ਕਿ ਘਰ ਦੇ ਖਰਚੇ ਕੀਤੇ ਜਾ ਸਕਣ।” ਲਿਹਾਜਾ ਅੱਕੇ ਹੋਏ ਇਨ੍ਹਾਂ ਲੋਕਾਂ ਨੇ 2 ਦਿਨ ਪਹਿਲਾਂ ਕੰਪਨੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਆਪਣੀ ਸਮੱਸਿਆ ਦਾ ਹੱਲ ਕੱਢਣ ਲਈ ਕੰਪਨੀ ਵਾਲਿਆਂ ਨੂੰ 2 ਦਿਨ ਦਾ ਸਮਾਂ ਦਿੱਤਾ ਤੇ  ਜਦੋਂ ਇਨ੍ਹਾਂ ਲੋਕਾਂ ਨੂੰ ਫਿਰ ਵੀ ਇਨ੍ਹਾਂ ਦੀ ਮਿਹਨਤ ਦਾ ਪੈਸਾ ਨਹੀਂ ਮਿਲਿਆ ਤਾਂ ਇਨ੍ਹਾਂ ਨੇ ਪਿੰਡ ਠੇਠਰਕੇ ਵਿੱਚ ਬਣੇ ਪਲਾਂਟ ‘ਤੇ ਧਰਨਾ ਦਿੱਤਾ ਤੇ ਸੜਕ ਦੀ ਉਸਾਰੀ ਦਾ ਕੰਮ ਬੰਦ ਕਰ ਦਿੱਤਾ।

ਇਹ ਪਤਾ ਲਗਦਿਆਂ ਹੀ ਕੰਪਨੀ ਦੇ ਵਾਈ ਪ੍ਰੈਜ਼ੀਡੈਂਟ ਜਤਿੰਦਰ ਸਿੰਘ ਦੇ ਹੁਕਮਾਂ ‘ਤੇ ਟਰੱਕ ਅਤੇ ਜੇਸੀਬੀ ਡਰਾਇਵਰਾਂ ਨਾਲ ਕੰਪਨੀ ਅਧਿਕਾਰੀਆਂ ਨੇ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ 2 ਦਿਨਾਂ ਅੰਦਰ ਉਨ੍ਹਾਂ ਦੇ ਬਣਦੇ ਪੈਸੇ ਦੇ ਦਿੱਤੇ ਜਾਣਗੇ।

ਇਸ ਸਬੰਧ ਵਿੱਚ ਜਤਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਦੀਆਂ ਤਨਖਾਹਾਂ ਦੇਣ ਵਿੱਚ ਦੇਰੀ ਇਸ ਲਈ ਹੋਈ  ਕਿਉਂਕਿ ਸੀਗਲ ਇੰਡੀਆ ਪਾਈਵੇਟ ਲਿਮਟਿਡ ਕੰਪਨੀ ਦੇ ਸਾਰੇ ਅਧਿਕਾਰੀ ਸੜਕ ਦੀ ਉਸਾਰੀ ਦੇ ਕੰਮ ਵਿੱਚ ਰੁੱਝੇ  ਹੋਏ ਸਨ ਤੇ ਇਸ ਦੌਰਾਨ ਜਿਹੜੇ ਟਰੱਕ ਅਤੇ ਜੇਸੀਬੀ ਡਰਾਇਵਰਾਂ ਨੂੰ ਨੌਕਰੀ ‘ਤੇ  ਰੱਖਿਆ ਗਿਆ ਸੀ ਉਨ੍ਹਾਂ ਦੀ ਕਾਗਜੀ ਕਾਰਵਾਈ ਸਮੇਂ ਸਿਰ ਮੁਕੰਮਲ ਨਹੀਂ ਹੋ ਸਕੀ। ਇਸੇ ਲਈ ਦੇਰੀ ਹੋਈ।  

- Advertisement -

https://youtu.be/vok2QRvN9So

Share this Article
Leave a comment