ਫਸ ਗਿਆ ਐਸ ਪੀ ਬਿਕਰਮਜੀਤ, ਨਜ਼ਦੀਕੀ ਨੇ ਕਿਹਾ ਪੁਲਿਸ ਜਿਪਸੀ ‘ਤੇ ਫਾਇੰਰਗ ਖੁਦ ਬਿਕਰਮਜੀਤ ਨੇ ਕੀਤੀ ?

Prabhjot Kaur
3 Min Read

ਚੰਡੀਗੜ੍ਹ :ਬੇਅਦਬੀ ਅਤੇ ਗੋਲੀ ਕਾਂਡ ਸਬੰਧੀ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਸ ਆਈ ਟੀ ਆਪਣੀ ਜਾਂਚ ਦਾ ਸ਼ਿਕੰਜ਼ਾ ਜਿਉਂ ਜਿਉਂ ਕਸਦੀ ਜਾ ਰਹੀ ਹੈ ਤਿਉਂ ਤਿਉਂ ਨਿੱਤ ਨਵੇਂ ਖੁਲਾਸੇ ਹੁੰਦੇ ਜਾ ਰਹੇ ਹਨ। ਇਸੇ ਕੜੀ ਤਹਿਤ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਹੁਣ ਬਹਿਬਲ ਕਲਾਂ ਗੋਲੀ ਕਾਂਡ ਮੌਕੇ ਪੁਲਿਸ ਦੀ ਜਿਸ ਜਿਪਸੀ‘ਤੇ ਪ੍ਰਦਰਸ਼ਨਕਾਰੀਆਂ ਵੱਲੋਂ ਗੋਲੀਆਂ ਚਲਾਏ ਦਾ ਜੋ ਦਾਅਵਾ ਪੁਲਿਸ ਐਫ ਆਈ ਆਰ ਵਿੱਚ ਕੀਤਾ ਗਿਆ ਸੀ ਉਸ ਦਾਅਵੇ ਦਾ ਵੀ ਪੋਸਟ ਮਾਰਟਮ ਕਰਨ ਦੀ ਵੀ ਠਾਣ ਲਈ ਹੈ। ਸੂਤਰਾਂ ਅਨੁਸਾਰ ਐਸ ਆਈ ਟੀ ਨੇ ਇਸ ਮਾਮਲੇ ਵਿੱਚ ਮੌਕੇ ‘ਤੇ ਮੌਜੂਦ ਐਸ ਪੀ ਬਿਕਰਮਜੀਤ ਸਿੰਘ ਦੇ ਇੱਕ ਨਜਦੀਕੀ ਨੂੰ ਵੀ ਇਸ ਜਾਂਚ ਵਿੱਚ ਸ਼ਾਮਲ ਕੀਤਾ ਹੈ ਜਿਸ ਦਾ ਕਹਿਣਾ ਹੈ ਕਿ ਮੋਗਾ ਦੇ ਸਾਬਕਾ ਐਸ ਐਸ  ਪੀ ਚਰਨਜੀਤ ਸ਼ਰਮਾਂ ਦੀ ਜਿਪਸੀ ‘ਤੇ ਫਰਜ਼ੀ ਗੋਲੀਬਾਰੀ ਐਸ ਪੀ ਬਿਕਰਮਜੀਤ ਸਿੰਘ ਨੇ ਕੀਤੀ ਸੀ। ਇਸ ਗਵਾਹ ਦੇ ਬਿਆਨ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਹੈ ਐਸ ਪੀ ਬਿਕਰਮਜੀਤ ਸਿੰਘ ਦਾ ਵੀ ਇਸ ਮਾਮਲੇ ‘ਚ ਫਸਣਾ ਤੈਅ ਹੈ।

ਮਿਲੀ ਜਾਣਕਾਰੀ ਅਨੁਸਾਰ ਐਸ ਪੀ ਬਿਕਰਮਜੀਤ ਸਿੰਘ ਦੇ ਜਿਸ ਨਜਦੀਕੀ ਨੂੰ ਇਸ ਮਾਮਲੇ ਵਿੱਚ ਜਾਂਚ ਲਈ ਸ਼ਾਮਲ ਕੀਤਾ ਗਿਆ ਹੈ ਉਹ ਫਰੀਦਕੋਟ ਦੇ ਰਹਿਣ ਵਾਲੇ ਇੱਕ ਕਾਰ ਡੀਲਰ ਦਾ ਨਿੱਜੀ ਸੁਰੱਖਿਆ ਕਰਮੀ ਦੱਸਿਆ ਜਾਂਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸੇ ਮਾਮਲੇ ਵਿੱਚ ਐਸਆਈ ਟੀ ਨੇ ਐਸ ਐਸ ਪੀ ਚਰਨਜੀਤ ਸ਼ਰਮਾ ਦੇ ਉਸ ਡਰਾਇਵਰ ਗੁਰਨਾਮ ਸਿੰਘ ਨੂੰ ਵੀ ਜਾਂਚ‘ਚ ਸ਼ਾਮਲ ਕੀਤਾ ਸੀ, ਜਿਸ ਬਾਰੇ ਕਿਹਾ ਗਿਆ ਹੈ, ਕਿ ਉਸ ਦੇ ਬਿਆਨਾਂ  ਦੇ ਅਧਾਰ‘ਤੇ ਹੀ ਪੁਲਿਸ ਨੇ ਕਰਾਸ ਐਫ ਆਈ ਆਰ ਦਰਜ਼ ਕਰਕੇ ਇਹ ਦੋਸ਼ ਲਾਇਆ ਸੀ, ਕਿ ਪ੍ਰਦਰਸ਼ਨਕਾਰੀਆਂ ਨੇ ਪਹਿਲਾਂ 12 ਬੋਰ ਦੀ ਸੌਟਗੰਨ ਨਾਲ ਐਸ ਐਸ ਪੀ ਚਰਨਜੀਤ ਸ਼ਰਮਾਂ ਦੀ ਜਿਪਸੀ‘ਤੇ ਗੋਲੀਆਂ ਚਲਾਈਆਂ ਸਨ, ਉਸ ਤੋਂ ਬਾਅਦ ਹੀ ਪੁਲਿਸ ਨੂੰ ਆਪਣੇ ਬਚਾਅ‘ਚ ਫਾਇਰਿੰਗ ਕਰਨੀ ਪਈ। ਪਰ ਜਦੋਂ ਇਸ  ਮਾਮਲੇ‘ਚ ਐਸ ਆਈ ਟੀ ਨੇ ਗੁਰਨਾਮ  ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਉਹ ਆਪਣੇ ਬਿਆਨ ਤੋਂ ਪਲਟ ਗਿਆ ਤੇ ਕਹਿਣ ਲੱਗਾ ਕਿ ਐਸ ਐਸ ਪੀ ਸ਼ਰਮਾਂ ਦੀ ਜਿਪਸੀ‘ਤੇ ਭੀੜ ਵੱਲੋਂ ਕੋਈ ਫਾਇਰਿੰਗ ਨਹੀਂ ਹੋਈ। ਇਸ ਗਵਾਹ ਨੂੰ ਪੱਕਾ ਕਰਨ ਲਈ ਐਸ ਆਈ ਟੀ ਗੁਰਨਾਮ ਸਿੰਘ ਨੂੰ ਲੈ ਕੇ ਤੁਰੰਤ ਅਦਾਲਤ ਪਹੁੰਚ ਗਈ, ਜਿੱਥੇ ਉਨ੍ਹਾਂ ਨੇ ਇਸ ਡਰਾਇਵਰ ਦਾ ਬਿਆਨ ਸੀਆਰਪੀਸੀ ਦੀ ਧਾਰਾ164 ਤਹਿਤ ਜੱਜ ਦੇ ਸਾਹਮਣੇ ਦਰਜ਼ ਕਰਵਾ ਦਿੱਤਾ ਤਾਂ ਕਿ ਗੁਰਨਾਮ ਸਿੰਘ ਬਾਅਦ ਵਿੱਚ ਆਪਣੇ ਇਸ ਬਿਆਨ ਤੋਂ ਪਲਟ ਨਾ ਜਾਵੇ ।

ਐਸਪੀ ਬਿਕਰਮਜੀਤ ਸਿੰਘ ਦੇ ਨਜ਼ਦੀਕੀ ਸੁਰੱਖਿਆ ਕਰਮੀ ਵੱਲੋਂ ਕੀਤੇ ਗਏ ਇਸ ਕਥਿਤ ਖੁਲਾਸੇ ਤੋਂ ਬਾਅਦ ਮਾਮਲਾ ਲਗਾਤਾਰ ਦਿਲਚਸਪ ਹੁੰਦਾ ਜਾ ਰਿਹਾ ਹੈ, ਤੇ ਹੁਣ ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਆਪਸ ਵਿੱਚ ਸ਼ਰਤਾਂ ਲਾਉਣੀਆਂ ਵੀ ਸ਼ੁਰੂ ਹੋ ਗਏ ਹਨ ਕਿ ਉਹ ਦਿਨ ਦੂਰ ਨਹੀਂ ਜਦੋਂ ਐਸ ਆਈ ਟੀ ਦੀ ਜਾਂਚ ਦਾ ਸ਼ਿਕੰਜਾ ਸਾਬਕਾ ਡੀਜੀਪੀ ਸੈਣੀ ਅਤੇ ਬਾਦਲਾਂ ਦੁਆਲੇ ਵੀ ਕਸਿਆ ਜਾਵੇਗਾ। ਪਰ ਸਿਆਣੇ ਅਤੇ ਸਿਆਸਤ ਦੀ ਡੂੰਘੀ ਸਮਝ ਰੱਖਣ ਵਾਲੇ ਲੋਕ ਇਨ੍ਹਾਂ ਨੂੰ ਸਲਾਹ ਦਿੰਦੇ ਹਨ ਕਿ ਅਜੇ ਸਬਰ ਰੱਖੋ, ਕਾਹਲੀ ਨਾ ਕਰੋ,ਸਿਆਸਤ ਕਿਸ ਵੇਲੇ ਪਲਟਾ ਮਾਰ ਜਾਵੇ ਕੋਈ ਪਤਾ ਨਹੀਂ।

 

- Advertisement -

Share this Article
Leave a comment