ਫਤਹਿਵੀਰ ਤੋਂ ਬਾਅਦ ਹੁਣ ਜੰਮੂ ਦੇ ਬੋਰਵੈੱਲ ‘ਚ ਡਿੱਗਾ ਬੱਚਾ, ਸਰਕਾਰ ਤੇ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

TeamGlobalPunjab
2 Min Read

ਪਠਾਨਕੋਟ : ਸੁਨਾਮ ਦੇ ਪਿੰਡ ਭਗਵਾਨਪੁਰਾ ਅੰਦਰ ਸਵਾ ਸੌ ਫੁੱਟ ਡੂੰਗੇ ਬੋਰਵੈੱਲ ‘ਚ ਡਿੱਗੇ 2 ਸਾਲਾ ਮਾਸੂਮ ਬੱਚੇ ਫਤਹਿਵੀਰ ਦੀ ਮੌਤ ਦੀਆਂ ਖ਼ਬਰਾਂ ਵਾਲੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਸੂਬੇ ਦੇ ਦੂਜੇ ਕੋਨੇ ‘ਚ ਪੈਂਦੇ ਜਿਲ੍ਹਾ ਪਠਾਨਕੋਟ ਅੰਦਰ ਇੱਕ ਹੋਰ ਅਜਿਹੇ ਬੱਚੇ ਨੂੰ ਇਲਾਜ਼ ਲਈ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ ਹੈ ਜਿਹੜਾ ਕਿ ਜੰਮੂ ‘ਚ ਇੱਕ ਖੇਤ ‘ਚ ਪੈਂਦੇ ਮੋਟਰ ਵਾਲੇ ਡੂੰਘੇ ਖੂਹ ‘ਚ ਜਾ ਡਿੱਗਾ। ਇਸ ਮਾਮਲੇ ਵਿੱਚ ਮਿਲ ਰਹੀਆਂ ਮੁੱਢਲੀਆਂ ਰਿਪੋਰਟਾਂ ਅਨੁਸਾਰ ਮੌਕੇ ‘ਤੇ ਮੌਜੂਦ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਬੱਚੇ ਨੂੰ ਸਖਤ ਮਿਹਨਤ ਤੋਂ ਬਾਅਦ ਬਾਹਰ ਕੱਢ ਲਿਆ ਹੈ ਤੇ ਪਤਾ ਲਗਾ ਹੈ ਕਿ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਤੇ ਉਸ ਨੂੰ ਮੁੱਢਲੀ ਸਿਹਤ ਸਹਾਇਤਾ ਦੇਣ ਤੋਂ ਬਾਅਦ ਪਠਾਨਕੋਟ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਠਾਨਕੋਟ ਤੋਂ ਸਾਡੇ ਪੱਤਰਕਾਰ ਜਤਿਨ ਸ਼ਰਮਾਂ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਮੁੱਢਲੀਆਂ ਰਿਪੋਰਟਾਂ ਇਹ ਆਈਆਂ ਸਨ ਕਿ ਇਹ ਬੱਚੇ ਪਠਾਨਕੋਟ ‘ਚ ਪੈਂਦੇ ਕਿਸੇ ਬੋਰਵੈੱਲ ਅੰਦਰ ਡਿੱਗਿਆ ਹੈ ਜਿਸ ਬਾਰੇ ਪਤਾ ਲਗਦਿਆਂ ਹੀ ਜਿਲ੍ਹਾ ਪ੍ਰਸ਼ਾਸਨ ਅਤੇ ਸਰਕਾਰੀ ਅਮਲੇ ਨੂੰ ਭਾਜੜਾਂ ਪੈ ਗਈਆਂ ਹਨ ਤੇ ਉਨ੍ਹਾਂ ਦੇ ਹਰ ਪਾਸੇ ਇਹ ਗੱਲ ਸੋਚ ਕੇ ਸਾਹ ਸੁੱਕੇ ਗਏ ਕਿ ਇੰਨੀ ਸਖਤੀ ਦੇ ਬਾਵਜੂਦ ਇਹ ਹਾਦਸਾ ਵਾਪਰਨ ਦੀ ਗਾਜ਼ ਹੁਣ ਉਨ੍ਹਾਂ ‘ਤੇ ਵੀ ਡਿੱਗ ਸਕਦੀ ਹੈ। ਪਰ ਉਨ੍ਹਾਂ ਨੂੰ ਬਾਅਦ ਵਿੱਚ ਇਹ ਸੋਚ ਕੇ ਸੁੱਖ ਦਾ ਸਾਹ ਆਇਆ ਕਿ ਬੱਚੇ ਦੀ ਜਾਨ ਬਚ ਗਈ ਤੇ ਇਹ ਬੱਚਾ ਡਿੱਗਿਆ ਵੀ ਜੰਮੂ ਵਿੱਚ ਸੀ। ਖ਼ਬਰ ਲਿਖੇ ਜਾਣ ਤੱਕ ਜ਼ਖਮੀ ਬੱਚੇ ਦਾ ਇਲਾਜ ਜਾਰੀ ਸੀ।

ਪਤਾ ਲੱਗਾ ਹੈ ਕਿ ਬੱਚੇ ਦੀ ਉਮਰ 4 ਸਾਲ ਹੈ ਤੇ ਜਿਸ ਖੂਹ ਵਿੱਚ ਉਹ ਡਿੱਗਾ ਹੈ ਉਸ ਖੂਹ ਦੀ ਡੂੰਘਾਈ 20 ਫੁੱਟ ਸੀ। ਹਸਪਤਾਲ ‘ਚੋਂ ਮਿਲੀ ਜਾਣਕਾਰੀ ਅਨੁਸਾਰ ਬੱਚੇ ਦੀ ਲੱਤ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਜਿਸ ਦਾ ਡਾਕਟਰ ਇਲਾਜ ਕਰ ਰਹੇ ਹਨ।

https://www.youtube.com/watch?v=Nmh4bik2Z2I&t=59s

 

- Advertisement -

Share this Article
Leave a comment