ਪੈ ਗਿਆ ਪਟਾਕਾ, ਐਮਪੀ ਹਰਿੰਦਰ ਸਿੰਘ ਖਾਲਸਾ ਹੋਣਗੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ, ਕਿਹਾ ਮੋਦੀ ਜੈਸਾ ਕੋਈ ਨਹੀਂ

Prabhjot Kaur
5 Min Read

ਫਤਿਹਗੜ੍ਹ ਸਾਹਿਬ : ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਮੁਅੱਤਲ ਕੀਤੇ ਜਾ ਚੁਕੇ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਜਾ ਰਹੇ ਹਨ। ਜੀ ਹਾਂ ! ਇਹ ਸੱਚ ਹੈ ਤੇ ਇਹ ਉਹ ਹਰਿੰਦਰ ਸਿੰਘ ਖਾਲਸਾ ਹਨ ਜਿਨ੍ਹਾਂ ਨੇ ਨਾਰਵੇ ‘ਚ ਭਾਰਤ ਦਾ ਰਾਜਦੂਤ ਹੁੰਦੇ ਹੋਏ ਉਸ ਵੇਲੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਦੋਂ 1984 ਵੇਲੇ ਇੰਦਰਾ ਗਾਂਧੀ ਸਰਕਾਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਹਮਲਾ ਕਰਨ ਦਾ ਹੁਕਮ ਦਿੱਤਾ ਸੀ ਤੇ ਬੀਜੇਪੀ ਦੇ ਆਗੂਆਂ ਅਟੱਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਸੀ ਕਿ ਇਹ ਸਰਕਾਰ ਵਲੋਂ ਦੇਰੀ ਨਾਲ ਲਿਆ ਗਿਆ ਸਹੀ ਕਦਮ ਹੈ। ਪਤਾ ਲੱਗਾ ਹੈ ਕਿ ਭਾਰਤੀ ਜਨਤਾ ਪਾਰਟੀ ਹਰਿੰਦਰ ਸਿੰਘ ਖਾਲਸਾ ਨੂੰ ਉਸ ਅੰਮ੍ਰਿਤਸਰ ਦੇ ਲੋਕ ਸਭਾ ਹਲਕੇ ਤੋਂ ਚੋਣ ਲੜਾਉਣ ਦੀ ਤਿਆਰੀ ਵਿੱਚ ਹੈ ਜਿੱਥੋਂ ਉਹ ਇੱਕ ਸਿੱਖ ਚਿਹਰੇ ਨੂੰ ਤਲਾਸ਼ ਕਰ ਰਹੀ ਹੈ।

ਦੱਸ ਦਈਏ ਕਿ ਹਲਕਾ ਫਤਹਿਗੜ੍ਹ ਸਾਹਿਬ ਤੋਂ ਸਾਲ 2014 ਦੌਰਾਨ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਲੜ ਕੇ ਮੈਂਬਰ ਪਾਰਲੀਮੈਂਟ ਬਣੇ ਹਰਿੰਦਰ ਸਿੰਘ ਖਾਲਸਾ ਨੂੰ ‘ਆਪ’ ਨੇ ਇੱਕ ਸਾਲ ਬਾਅਦ 2015 ਵਿੱਚ ਡਾ. ਧਰਮਵੀਰ ਗਾਂਧੀ ਦੇ ਨਾਲ ਹੀ ਮੁਅੱਤਲ ਕਰ ਦਿੱਤਾ ਸੀ, ਤੇ ਉਦੋਂ ਤੋਂ ਲੈ ਕੇ ਹੁਣ ਤੱਕ ਖਾਲਸਾ ਪਾਰਟੀ ਵਿੱਚੋਂ ਮੁਅੱਤਲ ਚੱਲੇ ਆ ਰਹੇ ਹਨ। ਸੂਤਰਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਖਾਲਸਾ ਨੂੰ ਆਪਣੀ ਪਾਰਟੀ ‘ਚ ਇਸ ਲਈ ਵੀ ਲੈਣ ਲਈ ਉਤਾਵਲੀ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਖਾਲਸਾ ਉਨ੍ਹਾਂ ਸਿੱਖ ਵੋਟਰਾਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰਨ ਵਿੱਚ ਕਾਮਯਾਬ ਰਹਿਣਗੇ ਜਿਹੜੇ ਅਕਾਲੀ ਦਲ ਤੋਂ ਟੁੱਟ ਚੁੱਕੇ ਹਨ ਜਾਂ ਅਕਾਲੀਆਂ ਨੂੰ ਚੰਗਾ ਨਹੀਂ ਸਮਝਦੇ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਰਿੰਦਰ ਸਿੰਘ ਖਾਲਸਾ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਦੇ ਨਜ਼ਦੀਕੀ ਮੰਨੇ ਜਾਂਦੇ ਹਨ ਤੇ ਇਹ ਦੋਵੇਂ ਭਾਰਤੀ ਵਿਦੇਸ਼ ਸੇਵਾਵਾਂ ਦੇ 1974 ਬੈਚ ਦੇ ਅਧਿਕਾਰੀ ਵੀ ਰਹਿ ਚੁਕੇ ਹਨ। ਪਤਾ ਲੱਗਾ ਹੈ ਕਿ ਖਾਲਸਾ ਨੂੰ ਬੀਜੇਪੀ ਵਿੱਚ ਸ਼ਾਮਲ ਕਰਵਾਉਣ ਤੋਂ ਪਹਿਲਾਂ ਪਾਰਟੀ ਨੇ ਕਾਫੀ ਵਿਚਾਰ ਚਰਚਾ ਕੀਤੀ, ਕਿਉਂਕਿ ਬੀਜੇਪੀ ਵਿੱਚ ਅਜਿਹੇ ਸਿੱਖ ਚਿਹਰੇ ਦੀ ਘਾਟ ਸੀ, ਜਿਹੜਾ ਕਿ ਸਿੱਖ ਮਸਲਿਆਂ ਤੇ ਬੇਬਾਕ ਹੋ ਕੇ ਗੱਲ ਕਰ ਸਕੇ ਤੇ ਉਸ ਦੀ ਸਮਾਜਿਕ ਦਿੱਖ ਵੀ ਪੰਥਕ ਹੋਵੇ। ਇਸ ਤੋਂ ਬਾਅਦ ਇਸੇ ਸਾਲ ਜਨਵਰੀ ਮਹੀਨੇ ਦੌਰਾਨ ਆਪਣੇ ਵਿਰੋਧੀਆਂ ਦੀ ਮੁਖਾਲਫਤ ਦੇ ਬਾਵਜੂਦ ਖਾਲਸਾ ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਦਿੱਲੀ ਵਿੱਚ ਆਯੋਜਿਤ ਕੀਤੇ ਗਏ ਭਾਸ਼ਣਾਂ ਦੌਰਾਨ ਵੀ ਉਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਏ। ਇਸ ਬਾਰੇ ਖਾਲਸਾ ਦਾ ਕਹਿਣਾ ਹੈ ਕਿ ਉਹ ਉੱਥੇ ਆਰਐਸਐਸ ਦੇ ਕਈ ਉੱਘੇ ਆਗੂਆਂ ਨਾਲ ਵੀ ਮਿਲੇ ਤੇ ਉੱਥੇ ਉਨ੍ਹਾਂ ਆਗੂਆਂ ਦੀ ਭਾਰਤ ਨੂੰ ਵਧੀਆ ਮੁਲਕ ਬਣਾਉਣ ਵਾਲੀ ਸੋਚ ਨੇ ਉਨ੍ਹਾਂ (ਖਾਲਸਾ) ਨੂੰ ਬਹੁਤ ਪ੍ਰਭਾਵਿਤ ਕੀਤਾ।

ਅਜਿਹੇ ਵਿੱਚ ਹਰਿੰਦਰ ਸਿੰਘ ਖਾਲਸਾ ਨੂੰ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਲਈ ਮਨਾਉਣ ਵਾਸਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅਹਿਮ ਰੋਲ ਅਦਾ ਕੀਤਾ ਹੈ। ਦੱਸ ਦਈਏ ਕਿ ਹਰਿੰਦਰ ਸਿੰਘ ਖਾਲਸਾ ਬਹੁਤ ਜਲਦ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਮਿਲਣ ਜਾ ਰਹੇ ਹਨ, ਜਿੱਥੇ ਦੋਵੇਂ ਆਗੂ ਵਿਚਾਰ ਵਟਾਂਦਰਾ ਕਰਕੇ ਅੱਗੇ ਦੀ ਰਣਨੀਤੀ ਤਹਿ ਕਰਨਗੇ।

- Advertisement -

ਹਰਿੰਦਰ ਸਿੰਘ ਖਾਲਸਾ ਇਸ ਤੋਂ ਪਹਿਲਾਂ ਸਾਲ 1996 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਬਠਿੰਡਾ ਤੋਂ ਸੰਸਦ ਮੈਂਬਰ ਰਹਿ ਚੁਕੇ ਹਨ, ਤੇ ਉਨ੍ਹਾਂ ਨੂੰ ਕੇਂਦਰ ਦੀ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਵੱਲੋਂ ਰਾਸ਼ਟਰੀ ਐਸਸੀਐਸਟੀ ਕਮਿਸ਼ਨ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ ਸੀ। ਹੁਣ ਖਾਲਸਾ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੇ ਮੁੱਦੇ ਨੇ ਕਈ ਨਵੀਆਂ ਚਰਚਾਵਾਂ ਅਤੇ ਸਵਾਲਾਂ ਨੂੰ ਜਨਮ ਦੇਣਾ ਸ਼ੁਰੂ ਕਰ ਦਿੱਤਾ ਹੈ।

ਇਸ ਸਬੰਧ ਵਿੱਚ ਜਦੋਂ ਹਰਿੰਦਰ ਸਿੰਘ ਖਾਲਸਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਉਹ ਜ਼ਿਆਦਾ ਕੁਝ ਤਾਂ ਨਹੀਂ ਕਹਿ ਸਕਦੇ ਪਰ ਇੰਨਾਂ ਜਰੂਰ ਕਹਿਣਗੇ ਕਿ ਉਹ ਨਰਿੰਦਰ ਮੋਦੀ ਦੀ ਗੱਡ ਕੇ ਹਮਾਇਤ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਬੀਜੇਪੀ ਦੇ ਤਿੰਨੋਂ ਉਮੀਦਵਾਰਾਂ ਦੇ ਹੱਕ ਵਿੱਚ ਕੰਮ ਕਰਨਗੇ, ਕਿਉਂਕਿ ਉਹ ਚਾਹੁੰਦੇ ਹਨ ਕਿ ਨਰਿੰਦਰ ਮੋਦੀ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਵਜੋਂ ਵਾਪਸੀ ਕਰਨ। ਖਾਲਸਾ ਅਨੁਸਾਰ ਮੋਦੀ ਇੱਕ ਇਮਾਨਦਾਰ ਅਤੇ ਮਜਬੂਤ ਆਗੂ ਹਨ। ਹਰਿੰਦਰ ਸਿੰਘ ਖਾਲਸਾ ਕਹਿੰਦੇ ਹਨ ਕਿ ਮੌਜੂਦਾ ਸਮੇਂ ‘ਚ ਤਾਂ ਉਨ੍ਹਾਂ ਦੀ ਚੋਣ ਲੜਨ ਦੀ ਕੋਈ ਮਨਸ਼ਾ ਨਹੀਂ ਹੈ ਪਰ ਜੇਕਰ ਭਾਰਤੀ ਜਨਤਾ ਪਾਰਟੀ ਉਨ੍ਹਾਂ ਨੂੰ ਭਵਿੱਖ ਵਿੱਚ ਕੋਈ ਅਜਿਹਾ ਪ੍ਰਸਤਾਵ ਪੇਸ਼ ਕਰਦੇ ਹਨ ਤਾਂ ਉਹ ਇਸ ਬਾਰੇ ਜਰੂਰ ਵਿਚਾਰ ਕਰਨਗੇ।

 

Share this Article
Leave a comment