ਪੁਲਿਸ ਹਿਰਾਸਤ ‘ਚ ਮਰੇ ਜਸਪਾਲ ਦੀ ਲਾਸ਼ ਦੇਖ ਪੈ ਗਿਆ ਰੌਲਾ, ਪੁਲਿਸ ਨੂੰ ਫਿਰ ਪਈਆਂ ਭਾਜੜਾਂ

TeamGlobalPunjab
3 Min Read

ਫ਼ਰੀਦਕੋਟ : ਜਿਲ੍ਹਾ ਪੁਲਿਸ ਦੀ ਹਿਰਾਸਤ ‘ਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੀ ਜਿਸ ਲਾਸ਼ ਨੂੰ ਪੁਲਿਸ ਨੇ ਰਾਜਸਥਾਨ ਪੰਜਾਬ ਦੀ ਸਰਹੱਦ ਨੇੜਿਓਂ ਬਰਾਮਦ ਕਰ ਲੈਣ ਦਾ ਦਾਅਵਾ ਕੀਤਾ ਸੀ ਉਸ ਲਾਸ਼ ਦੀ ਸਨਾਖਤ ਕਰਨ ਤੋਂ ਬਾਅਦ ਇੱਕ ਵਾਰ ਫਿਰ ਰੌਲਾ ਪੈ ਗਿਆ ਹੈ। ਇਸ ਮਾਮਲੇ ਵਿੱਚ ਇਨਸਾਫ ਲੈਣ ਲਈ ਬਣਾਈ ਗਈ ਐਕਸ਼ਨ ਕਮੇਟੀ ਅਤੇ ਜਸਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਦੀ ਸ਼ਨਾਖਤ ਕਰਕੇ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਇਹ ਲਾਸ਼ ਜਸਪਾਲ ਸਿੰਘ ਦੀ ਨਹੀਂ ਹੈ । ਨਵੇਂ ਹੋਏ ਇਸ ਖੁਲਾਸੇ ਤੋਂ ਬਾਅਦ ਜਿਸ ਪੰਜਾਬ ਪੁਲਿਸ ਨੇ ਜਸਪਾਲ ਦੀ ਲਾਸ਼ ਮਿਲਣ ਤੋਂ ਬਾਅਦ ਥੋੜਾ ਸੁੱਖ ਦਾ ਸਾਹ ਲਿਆ ਸੀ, ਉਸ ਨੂੰ ਇੱਕ ਵਾਰ ਫਿਰ ਭਾਜੜਾਂ ਪੈ ਗਈਆਂ ਹਨ।

ਦੱਸ ਦਈਏ ਕਿ ਬੀਤੀ 23 ਮਈ ਤੋਂ ਜਸਪਾਲ ਦੀ ਮ੍ਰਿਤਕ ਦੇਹ ਤਲਾਸ਼ ਰਹੀ ਪੁਲਿਸ ਨੇ ਬੀਤੀ ਕੱਲ੍ਹ ਇਹ ਦਾਅਵਾ ਕੀਤਾ ਸੀ, ਕਿ ਰਾਜਸਥਾਨ ਫੀਡਰ ‘ਤੇ ਭਾਲ ਅਤੇ ਤਲਾਸ਼ੀ ਦੌਰਾਨ ਉੱਥੋਂ ਥੋੜੀ ਦੂਰ ਪੈਂਦੇ ਹਨੂਮਾਨਗੜ੍ਹ ਦੇ ਨੇੜਲੇ ਪਿੰਡ ਮਸੀਤਾਂ ਕੋਲੋਂ ਇੱਕ ਇਨਸਾਨੀ ਲਾਸ਼ ਬਰਾਮਦ ਕੀਤੀ ਗਈ ਹੈ, ਤੇ ਦੇਖਣ ਵਿੱਚ ਇਹ ਜਸਪਾਲ ਸਿੰਘ ਦੀ ਲਾਸ਼ ਜਾਪਦੀ ਹੈ। ਇਸ ਬਰਾਮਦਗੀ ਤੋਂ ਬਾਅਦ ਰਾਜਸਥਾਨ ਦੀ ਹਨੂੰਮਾਨਗੜ੍ਹ ਪੁਲਿਸ ਵੱਲੋਂ ਕਬਜ਼ੇ ‘ਚ ਲਈ ਗਈ ਇਸ ਲਾਸ਼ ਦੀ ਜਾਣਕਾਰੀ ਉੱਥੋਂ ਦੇ ਐਸਐਸਪੀ ਨੇ ਫ਼ਰੀਦਕੋਟ ਰੇਂਜ ਦੇ ਆਈਜੀ ਲਖਵਿੰਦਰ ਸਿੰਘ ਛੀਨਾ ਨੂੰ ਦਿੱਤੀ। ਜਿਸ ਤੋਂ ਤੁਰੰਤ ਬਾਅਦ ਇਸ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਅਤੇ ਜਿਲ੍ਹਾ ਮੁਕਤਸਰ ਦੇ ਐਸਐਸਪੀ ਮਨਜੀਤ ਸਿੰਘ ਢੇਸੀ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਲਾਸ਼ ਜਸਪਾਲ ਸਿੰਘ ਦੀ ਹੋ ਸਕਦੀ ਹੈ। ਪਰ ਜਦੋਂ ਉਸ ਲਾਸ਼ ਦੇ ਸ਼ਰੀਰ ਦੇ ਨਿਸ਼ਾਨਾ ਨੂੰ ਦਿਖਾ ਕੇ ਇਸ ਦੀ ਸ਼ਨਾਖਤ ਜਸਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਕਰਵਾਈ ਗਈ ਤਾਂ ਉਨ੍ਹਾਂ ਨੇ ਇਸ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ। ਪਰਿਵਾਰਕ  ਮੈਂਬਰਾਂ ਅਨੁਸਾਰ ਜਸਪਾਲ ਦਾ ਕੱਦ ਪੰਜ ਫੁੱਟ ਤਿੰਨ ਇੰਚ ਹੈ ਤੇ ਇਹ ਲਾਸ਼ ਪੰਜ ਫੁੱਟ ਦਸ ਇੰਚ ਦੀ ਹੈ ਦੂਸਰੀ ਗੱਲ ਡਾਕਟਰਾਂ ਅਨੁਸਾਰ ਇਸ ਦੀ ਮੌਤ ਚਾਰ ਤੋਂ ਛੇ ਦਿਨ ਪਹਿਲਾਂ ਹੋਈ ਹੈ, ਤੇ ਲਾਸ਼ ਦੇ ਸ਼ਰੀਰ ਨੂੰ ਕੰਬਲ ਨਾਲ ਜ਼ੋਰ ਜ਼ੋਰ ਦੀ ਰਗੜ ਕੇ ਵੀ ਚਮੜੀ ਨਹੀ ਲਹਿੰਦੀ, ਇਸ ਤੋਂ ਸਪੱਸ਼ਟ ਹੈ ਕਿ ਇਹ ਲਾਸ਼ ਪਿਛਲੇ ਗਿਆਰਾਂ ਦਿਨਾਂ ਤੋਂ ਪਾਣੀ ਵਿੱਚ ਨਹੀਂ ਸੀ । ਤੇ ਪਰਿਵਾਰਕ ਮੈਂਬਰਾ ਦਾ ਦਾਅਵਾ ਹੈ ਕਿ ਕਈ ਹੋਰ ਪੱਖਾਂ ਤੋਂ ਵੀ ਕਿਸੇ ਤਰ੍ਹਾਂ ਇਹ ਲਾਸ਼ ਜਸਪਾਲ ਸਿੰਘ ਦੀ ਨਹੀਂ ਹੈ। ਇਸ ਮੌਕੇ ਜਸਪਾਲ ਸਿੰਘ ਪੁਲਿਸ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਫ਼ਰੀਦਕੋਟ ਨੇ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਜਾਰੀ ਰੱਖਣ ਦੀ ਚੇਤਾਵਨੀ ਦਿੱਤੀ ਹੈ

https://youtu.be/apiJ5g80A_g

Share this Article
Leave a comment