ਪੁਲਵਾਮਾ ਹਮਲੇ ਦੇ ਸ਼ਹੀਦ ਪਰਿਵਾਰ ‘ਤੇ ਡਿੱਗਿਆ ਇੱਕ ਹੋਰ ਦੁੱਖਾਂ ਦਾ ਪਹਾੜ, ਇੱਕ ਦਰਿੰਦਾ ਕੁਰੇਦ ਗਿਆ ਬੁੱਢੇ ਮਾਂ-ਬਾਪ ਦੇ ਜ਼ਖ਼ਮ

TeamGlobalPunjab
4 Min Read

ਰੂਪਨਗਰ : ਕਹਿੰਦੇ ਨੇ ਦੁਸ਼ਮਣ ਦੀ ਗੋਲੀ ਵੀ ਸ਼ਾਇਦ ਉਨਾ ਦਰਦ ਨਹੀਂ ਦਿੰਦੀ ਜਿੰਨਾ ਗੁੱਸੇ ‘ਚ ਆ ਕੇ ਆਪਣਿਆਂ ਵੱਲੋਂ ਫੁੱਲ ਵੀ ਮਾਰ ਦਿੱਤਾ ਜਾਵੇ। ਕੁਝ ਅਜਿਹੀ ਹੀ ਘਟਨਾ ਪੁਲਵਾਮਾ ਹਮਲੇ ਦੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਰਿਵਾਰ ਨਾਲ ਵੀ ਵਾਪਰੀ ਹੈ। ਜਿਨ੍ਹਾਂ ਤੋਂ ਦੁਸ਼ਮਣ ਨੇ ਜਦੋਂ ਉਸ ਹਮਲੇ ਵਿੱਚ ਉਨ੍ਹਾਂ ਦਾ ਪੁੱਤਰ ਖੋਹ ਲਿਆ ਤਾਂ ਸਰਕਾਰ, ਗੈਰ ਸਰਕਾਰੀ ਸੰਸਥਾਵਾਂ ਤੇ ਲੋਕਾਂ ਨੇ ਇਹੋ ਜਿਹੇ ਪਰਿਵਾਰਾਂ ਦੀ ਦਿਲ ਖੋਲ੍ਹ ਕੇ ਆਰਥਿਕ ਮਦਦ ਕੀਤੀ। ਪਰ ਅਜਿਹੇ ਮੌਕੇ ਕੁਝ ਇਹੋ ਜਿਹੇ ਵੀ ਲੋਕ ਹਨ ਜੋ ਇਨ੍ਹਾਂ ਸ਼ਹੀਦ ਪਰਿਵਾਰਾਂ ਨੂੰ ਵੀ ਨਹੀਂ ਬਖ਼ਸ਼ ਰਹੇ। ਇਸ ਸ਼ਹੀਦ ਦੇ ਪਰਿਵਾਰ ਨੂੰ ਇੱਕ ਨੌਸਰਬਾਜ਼ ਨੇ ਸੀਆਰਪੀਐਫ ਦੀ ਵਰਦੀ ਪਾ ਕੇ ਅਜਿਹਾ ਭੰਵਲਭੂਸਾ ਪਾਇਆ ਕਿ ਪਰਿਵਾਰ ਵਾਲੇ ਉਸ ਦੇ ਝਾਂਸੇ ਵਿੱਚ ਆ ਕੇ ਡੇਢ ਲੱਖ ਰੁਪਿਆ, ਮੋਟਰ ਸਾਇਕਲ ਅਤੇ ਮੋਬਾਇਲ ਗਵਾ ਬੈਠੇ। ਉਹ ਤਾਂ ਗਨੀਮਤ ਇਹ ਰਹੀ ਕਿ ਚੋਣਾਂ ਕਾਰਨ ਬੈਂਕ ਵਾਲਿਆਂ ਨੇ ਪੈਸੇ ਦੇਣ ਤੋਂ ਹੀ ਇਨਕਾਰ ਕਰ ਦਿੱਤਾ ਨਹੀਂ ਤਾਂ ਇਹ ਭੋਲੇ-ਭਾਲੇ ਲੋਕ ਇਸ ਨੌਸਰਬਾਜ਼ ਹੱਥੋਂ ਪੂਰੀ ਤਰ੍ਹਾਂ ਲੁੱਟੇ ਪੱਟੇ ਜਾਂਦੇ।

https://youtu.be/v_BbUhdrUYE

ਹੋਇਆ ਇੰਝ ਕਿ ਸੀ.ਆਰ.ਪੀ.ਐਫ ਦੀ ਵਰਦੀ ਚ ਨਕਲੀ ਫੌਜੀ ਬਣ ਕੇ ਇੱਕ ਵਿਅਕਤੀ ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਆਉਦਾ ਹੈ ਅਤੇ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੂੰ ਕਹਿੰਦਾ ਹੈ ਕਿ ਉਹ ਦਿੱਲੀ ਤੋਂ ਆਇਆ ਹੈ ਤੇ ਸਰਕਾਰ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੈਟਰੋਲ ਪੰਪ ਜਾਂ ਗੈਸ ਏਜੰਸੀ ਦੇਣ ਦੇ ਐਲਾਨ ਤੋਂ ਬਾਅਦ ਉਸ ਦੀ ਡਿਉਟੀ ਪੈਟਰੋਲ ਪੰਪ ਜਾਂ ਗੈਸ ਏਜੰਸੀ ਦੇਣ ਲਈ ਫਾਰਮ ਭਰਨ ‘ਤੇ ਲਾਈ ਗਈ ਹੈ। ਜਿਸ ਲਈ ਕੁਲਵਿੰਦਰ ਸਿੰਘ ਦੇ ਪਰਿਵਾਰ ਨੂੰ ਐਚਡੀਐਫਸੀ ਬੈਂਕ ‘ਚ ਕੁਝ ਪੈਸੇ ਜਮ੍ਹਾਂ ਕਰਵਾਉਣੇ ਪੈਣਗੇ। ਇਸ ਤੋਂ ਬਾਅਦ ਉਹ ਨਕਲੀ ਫੌਜੀ ਫਾਰਮ ਭਰਨ ਦਾ ਹਵਾਲਾ ਦੇ ਕੇ ਸ਼ਹੀਦ ਦੇ ਪਿਤਾ ਅਤੇ ਉਸ ਦੀ ਮਾਤਾ ਨੂੰ ਕਾਗਜ਼ੀ ਕਰਵਾਈ ਲਈ ਕਚਿਹਰੀਆਂ ‘ਚ ਲੈ ਜਾਂਦਾ ਹੈ।

ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਠੱਗ ਨੇ ਉਨ੍ਹਾਂ ਨੂੰ ਝੂਠਾ ਝਾਂਸਾ ਦਿੱਤਾ ਅਤੇ ਆਪਣੇ ਬੈਂਕ ਖਾਤੇ ‘ਚੋਂ 5 ਲੱਖ ਰੁਪਏ ਕਢਵਾਉਣ ਲਈ ਕਿਹਾ। ਪਰ ਚੋਣਾ ਜ਼ਾਬਤਾ ਲੱਗਿਆ ਹੋਣ ਕਾਰਨ ਬੈਂਕ ਨੇ ਇੰਨੀ ਵੱਡੀ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਦਰਸ਼ਨ ਸਿੰਘ ਨੇ ਕਿਹਾ ਕਿ ਉਸ ਨੇ 50-50 ਹਜ਼ਾਰ ਰੁਪਏ ਆਪਣੀਆਂ 3 ਬੈਂਕਾਂ ਦੇ ਖਾਤਿਆਂ ‘ਚੋਂ ਕੱਢਵਾ ਕੇ ਉਸ ਨੂੰ ਦੇ ਦਿੱਤੇ ਅਤੇ ਫਿਰ ਉਹ ਕੁਝ ਕਾਗਜੀ ਕਾਰਵਾਈ ਕਰਨ ਦਾ ਝਾਂਸਾ ਦੇ ਕੇ ਉਸ ਨੂੰ ਨਾਲ ਲੈ ਗਿਆ । ਦਰਸ਼ਨ ਸਿੰਘ ਨੇ ਕਿਹਾ ਕਿ ਉਸ (ਠੱਗ) ਦੀ ਵਰਦੀ ਦੇਖ ਕੇ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੋਇਆ। ਸ਼ਹੀਦ ਦੇ ਪਿਤਾ ਅਨੁਸਾਰ ਕੁਝ ਅਸ਼ਟਾਮਾਂ ‘ਤੇ ਉਸ ਨੂੰ ਦਸਤਖਤ ਕਰਵਾ ਕੇ ਉਸ ਠੱਗ ਨੇ ਕਿਹਾ ਕਿ ਇਨ੍ਹਾਂ ਅਸ਼ਟਾਮਾਂ ‘ਤੇ ਉਸ ਦੀ ਪਤਨੀ ਦੇ ਦਸਤਖਤ ਵੀ ਹੋਣੇ ਹਨ ਤੇ ਉਹ ਉਸ(ਦਰਸ਼ਨ ਸਿੰਘ) ਦੀ ਪਤਨੀ ਨੂੰ ਲੈ ਆਉਂਦਾ ਹੈ। ਇਸ ਲਈ ਉਹ ਇਹ ਝੂਠ ਬੋਲ ਕੇ ਦਰਸ਼ਨ ਸਿੰਘ ਦਾ ਮੋਟਰ ਸਾਇਕਲ, ਮੋਬਾਇਲ ਤੇ ਪੈਸੇ ਵੀ ਲੈ ਗਿਆ। ਪੀੜਤ ਅਨੁਸਾਰ ਕੁਝ ਸਮੇਂ ਬਾਅਦ ਉਸ ਨਕਲੀ ਫੌਜੀ ਦੇ ਨਾ ਆਉਣ ‘ਤੇ ਜਦੋਂ ਉਸ (ਦਰਸ਼ਨ ਸਿੰਘ) ਨੂੰ ਸ਼ੱਕ ਹੋਇਆ ਤਾਂ ਉਸ ਨੇ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਰਜ਼ ਕਰਵਾਈ ਤੇ ਪੁਲਿਸ ਵੱਲੋਂ ਸ਼ਿਕਾਇਤ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ।

- Advertisement -

ਹੁਣ ਸਵਾਲ ਇਹ ਉਠਦਾ ਹੈ ਕਿ ਫੌਜੀਆਂ ਦੀ ਵਰਦੀ ਖਰੀਦਣ ਅਤੇ ਵੇਚਣ ‘ਤੇ ਸਰਕਾਰੀ ਰੋਕ ਹੈ, ਪਰ ਇਸ ਦੇ ਬਾਵਜੂਦ ਇਹ ਵਰਦੀ ਉਹ ਨੌਸਰਬਾਜ ਕਿੱਥੋਂ ਲਿਆਇਆ? ਕੀ ਉਹ ਫੌਜ ‘ਚੋਂ ਕੱਢਿਆ ਹੋਇਆ ਕੋਈ ਵਿਅਕਤੀ ਸੀ? ਜਾਂ ਉਸ ਨੇ ਇਹ ਵਰਦੀ ਬਜਾਰੋਂ ਖਰੀਦੀ ਹੈ? ਖੈਰ! ਇਹ ਮਾਮਲਾ ਤਾਂ ਪੁਲਿਸ ਆਪੇ ਦੇਖੀ ਜਾਊ, ਪਰ ਇੰਨਾ ਜਰੂਰ ਹੈ ਕਿ ਇੱਕ ਸ਼ਹੀਦ ਦੇ ਪਰਿਵਾਰ ਨਾਲ ਮਾਰੀ ਗਈ ਠੱਗੀ ਦੀ ਖ਼ਬਰ ਨੇ ਸਮਾਜ ਦੇ ਹਰ ਵਰਗ ਦੇ ਵਿਅਕਤੀ ਨੂੰ ਠੇਸ ਪਹੁੰਚਾਈ ਹੈ, ਤੇ ਪਰਿਵਾਰ ਦੇ ਨਾਲ ਨਾਲ ਲੋਕਾਂ ਨੇ ਇਹ ਮੰਗ ਕੀਤੀ ਹੈ ਕਿ ਅਜਿਹੇ ਵਿਅਕਤੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸ਼ਹੀਦ ਪਰਿਵਾਰ ਦਾ ਪੈਸਾ ਵਾਪਸ ਕਰਵਾਇਆ ਜਾਵੇ ਤੇ ਨੌਸਰਬਾਜ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ।

Share this Article
Leave a comment