ਪਰਮਿੰਦਰ ਢੀਂਡਸਾ ਆਪਣੇ ਪਿਤਾ ਤੋਂ ਬਾਹਰ ਹੋ ਕੇ, ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਜਾ ਰਹੇ ਹਨ ?

Prabhjot Kaur
5 Min Read

ਸੰਗਰੂਰ : ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਤੋਂ ਬਾਅਦ ਵਿਵਾਦਾਂ ‘ਚ ਘਿਰ ਕੇ ਸਾਲ 2017 ਵਿੱਚ ਸੱਤਾ ਗਵਾ ਚੁੱਕੀ ਸ਼੍ਰੋਮਣੀ ਅਕਾਲੀ ਦਲ ਤੋਂ ਟਕਸਾਲੀ ਅਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਵੀ ਸਾਰੇ ਆਹੁਦਿਆਂ ਤੋਂ ਅਸਤੀਫਾ ਦੇ ਕੇ ਕਿਨਾਰਾ ਕਰ ਲਿਆ ਹੈ। ਇੱਥੋਂ ਤੱਕ ਕਿ ਵੱਡੇ ਢੀਂਡਸਾ ਆਉਂਦੀਆਂ ਲੋਕ ਸਭਾ ਚੋਣਾਂ ਵੀ ਨਾ ਲੜਨ ਦਾ ਐਲਾਨ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਢੀਂਡਸਾ ਪਰਿਵਾਰ ਦੇ ਮੈਂਬਰ ਨੂੰ ਹੀ ਲੋਕ ਸਭਾ ਚੋਣ ਲੜਾਉਣਾ ਚਾਹੁੰਦੇ ਹਨ। ਪਤਾ ਲੱਗਾ ਹੈ ਕਿ ਸੁਖਬੀਰ ਬਾਦਲ ਨੇ ਤਾਂ ਪਰਮਿੰਦਰ ਸਿੰਘ ਢੀਂਡਸਾ ਨੂੰ ਹਲਕਾ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਲਈ ਕਹਿ ਵੀ ਦਿੱਤਾ ਹੈ, ਪਰ ਇੱਥੇ ਸਵਾਲ ਇਹ ਉਠਦਾ ਹੈ ਕਿ, ਕੀ ਪਰਮਿੰਦਰ ਢੀਂਡਸਾ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੇ ਹੁਕਮ ਅਤੇ ਸਲਾਹ ਨੂੰ ਅਣਦੇਖਿਆਂ ਕਰਕੇ ਉਨ੍ਹਾਂ ਦੇ ਵਚਨਾਂ ਨੂੰ ਝੂਠਿਆਂ ਪਾਉਂਦਿਆਂ ਇਹ ਚੋਣ ਲੜਨਗੇ? ਕਿਉਂਕਿ ਵੱਡੇ ਢੀਂਡਸਾ ਜਿੱਥੇ ਇਹ ਐਲਾਨ ਕਰ ਚੁੱਕੇ ਹਨ ਕਿ ਨਾ ਤਾਂ ਉਹ ਆਪ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਚੋਣ ਲੜੇਗਾ ਉੱਥੇ ਉਨ੍ਹਾਂ ਨੇ ਆਪਣੇ ਸਪੁੱਤਰ ਪਰਮਿੰਦਰ ਸਿੰਘ ਨੂੰ ਵੀ ਚੋਣ ਨਾ ਲੜਨ ਦੀ ਸਲਾਹ ਦਿੱਤੀ ਹੈ।

ਇੱਥੇ ਦੱਸ ਦਈਏ ਕਿ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜਨ ਲਈ ਢੀਂਡਸਾ ਦੇ ਚਿਰ ਸਿਆਸੀ ਵਿਰੋਧੀ ਮੰਨੇ ਜਾਂਦੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਹਲਕਾ ਸਨਾਮ ਦੇ ਆਗੂ ਤੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਆਗੂ  ਵਨਿੰਦਰਜੀਤ ਸਿੰਘ ਗੋਲਡੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਜੀਤ ਸਿੰਘ ਬਰਨਾਲਾ ਦੇ ਪੁੱਤਕ ਗਗਨਜੀਤ ਸਿੰਘ ਬਰਨਾਲਾ ਵੀ ਆਪੋ ਆਪਣੇ ਦਾਅਵੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਗੇ ਪੇਸ਼ ਕਰ ਚੁੱਕੇ ਹਨ। ਹੁਣ ਸਵਾਲ ਇਹ ਉਠਦਾ ਹੈ ਕਿ ਜਦੋਂ ਸੁਖਦੇਵ ਸਿੰਘ ਢੀਂਡਸਾ ਆਪ ਅਸਤੀਫਾ ਦੇ ਕੇ ਇਹ ਐਲਾਨ ਹੀ ਕਰ ਚੁੱਕੇ ਹਨ ਕਿ ਨਾ ਤਾਂ ਉਹ ਆਪ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ 2019 ਦੀ ਲੋਕ ਸਭਾ ਚੋਣ ਲੜੇਗਾ ਫਿਰ ਇਸ ਦੇ ਬਾਵਜੂਦ ਵੀ ਸੁਖਬੀਰ ਬਾਦਲ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਤੋਂ ਚੋਣ ਲੜਾਉਣ ਦੇ ਚਾਹਵਾਨ ਕਿਉਂ ਹਨ? ਸਿਆਸੀ ਮਾਹਰ ਇਸ ਦਾ ਜਵਾਬ ਇਸ ਤਰਕ ਦੇ ਨਾਲ ਦਿੰਦੇ ਹਨ ਕਿ ਜਿਲ੍ਹਾ ਸੰਗਰੂਰ ਅਤੇ ਬਰਨਾਲਾ ਅੰਦਰ ਢੀਂਡਸਾ ਪਰਿਵਾਰ ਦਾ ਬਹੁਤ ਵੱਡਾ ਅਧਾਰ ਹੈ ਤੇ ਢੀਂਡਸਿਆਂ ਦੇ ਸਮਰਥਕਾਂ ਦੀ ਤਦਾਦ ਉਨ੍ਹਾਂ ਬਾਕੀ ਅਕਾਲੀ ਧੜ੍ਹਿਆਂ ਤੋਂ ਵੱਡੀ ਹੈ ਜਿਨ੍ਹਾਂ ਨੇ ਸੁਖਬੀਰ ਬਾਦਲ ਕੋਲ ਚੋਣ ਲੜਨ ਲਈ ਆਪਣੇ ਦਾਅਵੇ ਪੇਸ਼ ਕੀਤੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਦੋਂ ਤੋਂ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਆਹੁਦਿਆਂ ਤੋਂ ਅਸਤੀਫਾ ਦੇ ਕੇ ਸਿਆਸਤ ਤੋਂ ਕਿਨਾਰਾ ਕੀਤਾ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਢੀਂਡਸਿਆਂ ਦੇ ਹਿਮਾਇਤੀਆਂ ਵਿੱਚ ਕਿਸੇ ਇੱਕ ਨੇ ਵੀ ਨਾ ਤਾਂ ਕਿਸੇ ਹੋਰ ਆਗੂ ਦਾ ਪੱਲਾ ਫੜਿਆ ਹੈ ਤੇ ਨਾ ਹੀ ਪਾਲਾ ਬਦਲ ਕੇ ਕਿਸੇ ਹੋਰ ਪਾਰਟੀ ਵਿੱਚ ਗਏ ਹਨ।

ਇੱਧਰ ਪੱਤਰਕਾਰਾਂ ਨੇ ਜਦੋਂ ਪਰਮਿੰਦਰ ਸਿੰਘ ਢੀਂਡਸਾ ਨਾਲ ਅਕਾਲੀ ਦਲ ਦੀ ਟਿਕਟ ‘ਤੇ ਹਲਕਾ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਖ਼ਬਰ ਸਬੰਧੀ ਪੁਸ਼ਟੀ ਕਰਨੀ ਚਾਹੀ ਤਾਂ ਉਹ ਇਹ ਗੱਲ ਤਾਂ ਮੰਨ ਗਏ ਕਿ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਸੰਗਰੂਰ ਤੋਂ ਚੋਣ ਲੜਨ ਲਈ ਕਿਹਾ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਉਹ ਇਸ ਸਬੰਧੀ ਕੋਈ ਅੰਤਿਮ ਫੈਸਲਾ ਆਪਣੇ ਪਰਿਵਾਰ ਨਾਲ ਸਲਾਹ ਮਸ਼ਵਰਾ ਕਰਕੇ ਹੀ ਕਰਨਗੇ। ਹੁਣ ਸਵਾਲ ਇਹ ਉਠਦਾ ਹੈ ਕਿ ਜੇਕਰ ਵੱਡੇ ਢੀਂਡਸਾ ਪਹਿਲਾਂ ਹੀ ਸਾਫ ਕਰ ਚੁੱਕੇ ਹਨ ਕਿ ਨਾ ਤਾਂ ਉਹ ਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਆਉਂਦੀਆਂ ਲੋਕ ਸਭਾ ਚੋਣਾਂ ਲੜੇਗਾ ਤਾਂ ਫਿਰ ਇਸ ਦੇ ਬਾਵਜੂਦ ਪਰਮਿੰਦਰ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ ਵੱਲੋਂ ਸੰਗਰੂਰ ਤੋਂ ਚੋਣ ਲੜਨ ਬਾਰੇ ਕਹਿਣ ‘ਤੇ ਮੌਕੇ ‘ਤੇ ਹੀ ਜਵਾਬ ਕਿਉਂ ਨਹੀਂ ਦੇ ਦਿੱਤਾ? ਕੀ ਉਹ ਆਪਣੇ ਪਿਤਾ ਵੱਲੋਂ ਕੀਤੇ ਐਲਾਨ ਅਤੇ ਦਿੱਤੀ ਗਈ  ਸਲਾਹ ਨੂੰ ਅੱਖੋ ਪਰੋਖੇ ਕਰਦਿਆਂ ਉਨ੍ਹਾਂ ਤੋਂ ਬਾਹਰ ਹੋ ਕੇ ਚੋਣ ਲੜਨ ਜਾ ਰਹੇ ਹਨ? ਇਹ ਸਵਾਲ ਅੱਜ ਹਲਕਾ ਸੰਗਰੂਰ ਅਤੇ ਅਕਾਲੀ ਹਲਕਿਆਂ ਵਿੱਚ ਆਮ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ ਜਿਸ ਦਾ ਜਵਾਬ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਮਿਲ ਪਾਏਗਾ।

 

- Advertisement -

Share this Article
Leave a comment