ਨਹੀਂ ਚੱਲਿਆ ਡੇਰਾ ਸਿਰਸਾ ਦਾ ਪ੍ਰਭਾਵ, ਮੀਟਿੰਗਾਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ, ਮੁਕਾਬਲਾ ਰਾਜਾ ਵੜਿੰਗ ਤੇ ਹਰਸਿਮਰਤ ਵਿਚਾਲੇ

TeamGlobalPunjab
4 Min Read

ਬਠਿੰਡਾ : ਜਿਵੇਂ ਕਿ ਤੁਹਾਨੂੰ ਯਾਦ ਹੋਵੇਗਾ ਕਿ ਲੋਕ ਸਭਾ ਚੋਣਾਂ ਦੀਆਂ ਵੋਟਾਂ ਪਾਏ ਜਾਣ ਦਾ ਦਿਨ ਜਿਉਂ ਜਿਉਂ ਨਜਦੀਕ ਆਉਂਦਾ ਗਿਆ, ਤਿਉਂ ਤਿਉਂ ਡੇਰਾ ਸਿਰਸਾ ਪ੍ਰੇਮੀਆਂ ਨੇ ਪੰਜਾਬ ਅਤੇ ਹਰਿਆਣਾ ਦੀ ਰਾਜਨੀਤੀ ‘ਤੇ ਆਪਣਾ ਪ੍ਰਭਾਵ ਦਿਖਾਉਣ ਲਈ ਡੇਰਿਆਂ ਅੰਦਰ ਮੀਟਿੰਗਾਂ ਦਾ ਦੌਰ ਤੇਜ ਕਰ ਦਿੱਤਾ ਸੀ, ਪਰ ਅੱਜ ਜਿਉਂ ਜਿਉਂ ਵੋਟਾਂ ਦੇ ਰੁਝਾਨ ਆਉਂਦੇ ਜਾ ਰਹੇ ਹਨ ਉਸ ਨੂੰ ਦੇਖਦਿਆਂ ਪੰਜਾਬ ਦੀ ਕਿਸੇ ਇੱਕ ਸੀਟ ‘ਤੇ ਵੀ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦਾ ਪ੍ਰਭਾਵ ਪੈਂਦਾ ਦਿਖਾਈ ਨਹੀਂ ਦੇ ਰਿਹਾ। ਅਜਿਹੇ ਵਿੱਚ ਜਿੱਥੇ ਕੁਝ ਲੋਕ ਇਸ ਨੂੰ ਡੇਰੇ ਦਾ ਰਾਜਨੀਤੀ ‘ਤੇ ਪ੍ਰਭਾਵ ਵਾਲਾ ਅੰਤ ਹੋਣ ਦੀਆਂ ਚਰਚਾਵਾਂ ਕਰਨ ਵਿੱਚ ਰੁੱਜ ਗਏ ਹਨ, ਉੱਥੇ ਦੂਜੇ ਪਾਸੇ ਰਾਜਨੀਤੀ ਦੇ ਮਾਹਰ ਲੋਕ ਇਸ ਨੂੰ ਵੀ ਅੰਦਰ ਦਾ ਘਾਲਾ-ਮਾਲਾ ਹੀ ਕਰਾਰ ਦੇ ਰਹੇ ਹਨ।

ਬਠਿੰਡਾ ਸੀਟ ਜਿਸ ‘ਤੇ ਡੇਰਾ ਸਿਰਸਾ ਦਾ ਸਭ ਤੋਂ ਵੱਧ ਪ੍ਰਭਾਵ ਮੰਨਿਆਂ ਜਾਂਦਾ ਹੈ, ਇਸ ਸੀਟ ‘ਤੇ ਉਸ ਸ਼੍ਰੋਮਣੀ ਅਕਾਲੀ ਦਲ, ਜਿਸ ਦਾ ਐਸਜੀਪੀਸੀ ‘ਤੇ ਕਬਜਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਨ੍ਹਾਂ ਦੇ ਰਾਜ ਸਮੇਂ ਹੀ ਜਿਸ ਡੇਰਾ ਸੱਚਾ ਸੌਦਾ ਦੇ ਖਿਲਾਫ ਸਮਾਜਿਕ ਬਾਈਕਾਟ ਦਾ ਹੁਕਮਨਾਮਾ ਜਾਰੀ ਹੋਇਆ ਸੀ, ਉਸੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਇਸ ਸਮੇਂ 117883 ਵੋਟਾਂ ਲੈ ਕੇ ਸਭ ਤੋਂ ਅੱਗੇ ਚੱਲ ਰਹੀ ਹੈ। ਇਸੇ ਤਰ੍ਹਾਂ ਜਿਸ ਕਾਂਗਰਸ ਪਾਰਟੀ ਦੀ ਸਰਕਾਰ ਨੇ ਡੇਰਾ ਸਿਰਸਾ ਵਾਲੇ ਪ੍ਰੇਮੀਆਂ ‘ਤੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਵੱਡੇ ਪੱਧਰ ‘ਤੇ ਕਾਰਵਾਈ ਕੀਤੀ ਸੀ ਤੇ ਇਸ ਕਾਰਵਾਈ ਨੂੰ ਡੇਰੇ ਵਾਲਿਆਂ ਨੇ ਆਪਣੇ ਵਿਰੁੱਧ ਧੱਕਾ ਵੀ ਕਰਾਰ ਦਿੱਤਾ ਸੀ, ਉਸ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਤਾਜਾ ਚੋਣ ਰੁਝਾਨਾਂ ਵਿੱਚ 111425 ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਚੱਲ ਰਹੇ ਹਨ।

ਹੁਣ ਤੱਕ ਦੇ ਨਤੀਜਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੰਬਰ ਇੱਕ, ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਨੰਬਰ ਦੋ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ: ਬਲਜਿੰਦਰ ਕੌਰ 35867 ਵੋਟਾਂ ਲੈ ਕੇ ਨੰਬਰ ਤਿੰਨ, ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ 8378 ਵੋਟਾਂ ਲੈ ਕੇ ਨੰਬਰ ਚਾਰ ਅਤੇ ਨੋਟਾ 2960ਵੋਟਾਂ ਲੈ ਕੇ ਸੁਖਪਾਲ ਸਿੰਘ ਖਹਿਰਾ ਤੋਂ ਅੱਗੇ ਨਿੱਕਲਣ ਲਈ ਦੌੜ ਲਗਾ ਰਿਹਾ ਹੈ।

ਇਨ੍ਹਾਂ ਤਾਜਾ ਰੁਝਾਨਾਂ ਨੂੰ ਦੇਖਦਿਆਂ ਕੁਝ ਲੋਕ ਇਸ ਸਾਰੇ ਮਾਮਲੇ ਨੂੰ ਜਿੱਥੇ ਡੇਰੇ ਦੇ ਪ੍ਰਭਾਵ ਨੂੰ ਰਾਜਨੀਤੀ ‘ਤੇ ਹੁਣ ਫੇਲ੍ਹ ਕਰਾਰ ਦਿੰਦੇ ਹਨ, ਉੱਥੇ ਦੂਜੇ ਪਾਸੇ ਕੁਝ ਸਿਆਣੇ ਤੇ ਸਿਆਸਤ ਦੀ ਡੁੰਘੀ ਸਮਝ ਰੱਖਣ ਵਾਲੇ ਘਾਗ ਲੋਕ ਇਹ ਕਹਿ ਕੇ ਵੱਖਰਾ ਹੀ ਤਰਕ ਦਿੰਦੇ ਹਨ ਕਿ, “ਭੋਲਿਓ ਲੋਕੋ ਕਹਾਣੀ ਤਾਂ ਕੁਝ ਹੋਰ ਹੀ ਸੀ, ਵੋਟਾਂ ਦੌਰਾਨ ਸਾਰੀਆਂ ਪਾਰਟੀਆਂ ਬੇਅਦਬੀ ਤੇ ਗੋਲੀ ਕਾਂਡ ਦਾ ਕਸੂਰਵਾਰ ਬਾਦਲਾਂ ਨੂੰ ਦੱਸ ਕੇ ਉਨ੍ਹਾਂ ਖਿਲਾਫ ਕਾਰਵਾਈ ਦਾ ਹੀ ਰੌਲਾ ਪਾਈ ਗਈਆਂ, ਜਦਕਿ ਇਨ੍ਹਾਂ ਮਾਮਲਿਆਂ ਸਬੰਧੀ ਜਿਹੜੇ ਲੋਕ ਫੜ੍ਹੇ ਗਏ ਸਨ, ਉਹ ਡੇਰਾ ਸਿਰਸਾ ਨਾਲ ਸਬੰਧਤ ਸਨ ਤੇ ਉਨ੍ਹਾਂ ਦੇ ਖਿਲਾਫ ਕਿਸੇ ਪਾਰਟੀ ਦਾ ਕੋਈ ਨੁਮਾਇੰਦਾ ਨਹੀਂ ਬੋਲਿਆਂ। ਹੁਣ ਤੁਸੀਂ ਆਪ ਸਮਝ ਸਕਦੇ ਹੋਂ ਕਿ ਇਹ ਸਭ ਕੀ ਹੋਇਆ ਹੈ?”

- Advertisement -

ਕੁੱਲ ਮਿਲਾ ਕਿ ਇਸ ਨੂੰ ਭਾਵੇਂ ਡੇਰੇ ਦਾ ਫੇਲ੍ਹ ਪ੍ਰਭਾਵ ਕਹਿ ਲਓ ਜਾਂ ਸਿਆਸਤਦਾਨਾਂ ਦੀ ਚਲਾਕੀ, ਪਰ ਇੰਨਾ ਜਰੂਰ ਹੈ ਕਿ ਇਸ ਸਾਰੇ ਘਟਨਾਕ੍ਰਮ ਵਿੱਚ ਜਿਹੜੇ ਡੇਰੇ ਵਾਲੇ ਪ੍ਰੇਮੀ ਪਹਿਲਾਂ ਪੰਜਾਬ ਦੇ ਮਾਲਵਾ ਖੇਤਰ ਵਿੱਚ ਰਾਜਨੀਤੀਕ ਰੁਝਾਨ ਪਲਟਨ ਦੀ ਤਾਕਤ ਰੱਖਣ ਦਾ ਦਾਅਵਾ ਕਰਦੇ ਸਨ, ਉਨ੍ਹਾਂ ਡੇਰਾ ਪ੍ਰੇਮੀਆਂ ਦਾ ਪ੍ਰਭਾਵ ਇਸ ਵਾਰ ਦੀਆਂ ਚੋਣਾਂ ਵਿੱਚ ਸਿਫਰ ਦੇ ਬਰਾਬਰ ਨਜ਼ਰ ਆਇਆ ਹੈ। ਅਜਿਹੇ ਵਿੱਚ ਵੱਡਾ ਸਵਾਲ ਇਹ ਹੈ ਕਿ, ਕੀ ਇਸ ਨੂੰ ਡੇਰਾ ਪ੍ਰੇਮੀਆਂ ਦਾ ਰਾਜਨੀਤੀ ‘ਤੇ ਪਏ ਹੋਏ ਪ੍ਰਭਾਵ ਦਾ ਅੰਤ ਮੰਨਿਆ ਜਾਵੇ? ਜਾਂ ਪਿਕਚਰ ਅਜੇ ਬਾਕੀ ਹੈ?

Share this Article
Leave a comment