ਨਵੇਂ ਸਾਲ ਤੇ ਕੈਪਟਨ ਦਾ ਪੰਜਾਬੀਆਂ ਨੂੰ ਤੋਹਫ਼ਾ, ਖੂਨ ਦੀ ਕਮੀ ਨਾਲ ਨਹੀਂ ਹੋਵੇਗੀ ਕਿਸੇ ਦੀ ਮੌਤ

Prabhjot Kaur
2 Min Read

ਚੰਡੀਗੜ੍ਹ : ਕੇਂਦਰ ਸਰਕਾਰ ਨੇ ਜਿੱਥੇ ਐੱਲਪੀਜੀ ਸਿਲੰਡਰ ਦੀਆ ਕੀਮਤਾਂ ‘ਚ ਕਟੌਤੀ ਕਰਕੇ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ ਉੱਥੇ ਹੀ ਕੈਪਟਨ ਸਰਕਾਰ ਨੇ ਵੀ ਪੰਜਾਬੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ 1 ਜਨਵਰੀ ਤੋਂ ਮੁਫ਼ਤ ਖੂਨ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ‘ਤੰਦਰੁਸਤ ਪੰਜਾਬ’ ਦੇ ਹਿੱਸੇ ਵਜੋਂ ਸੂਬੇ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ’ਚ ਮਰੀਜ਼ਾਂ ਨੂੰ ਬਲੱਡ ਅਤੇ ਬਲੱਡ ਕੰਪੋਨੈਂਟਸ ਮੁਫ਼ਤ ਪ੍ਰਦਾਨ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਮੁਫ਼ਤ ਖੂਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਾਰੇ ਹਸਪਤਾਲਾਂ ਵਿਚ ਖੂਨ ਦੀ 24 ਘੰਟੇ ਉਪਲੱਬਧਤਾ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਸਰਕਾਰ ਦੇ ਇਸ ਕਦਮ ਨਾਲ ਸੂਬੇ ਭਰ ਦੇ ਉਨ੍ਹਾਂ ਹਜ਼ਾਰਾਂ ਮਰੀਜ਼ਾਂ ਨੂੰ ਲਾਭ ਮਿਲੇਗਾ, ਜਿਨ੍ਹਾਂ ਨੂੰ ਸਿਵਲ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਪ੍ਰੋਸੈਸਿੰਗ ਚਾਰਜਿਜ਼ ਵਜੋਂ ਪ੍ਰਤੀ ਯੂਨਿਟ ਬਲੱਡ ਦੇ ਕ੍ਰਮਵਾਰ 300 ਅਤੇ 500 ਰੁਪਏ ਅਦਾ ਕਰਨੇ ਪੈਂਦੇ ਸਨ।

ਉਨ੍ਹਾਂ ਕਿਹਾ ਕਿ ਹੁਣ ਤੋਂ ਬਲੱਡ ਅਤੇ ਬਲੱਡ ਕੰਪੋਨੈਂਟਸ ਜਿਵੇਂ ਪੈਕਡ ਆਰ.ਬੀ.ਸੀ., ਫਰੈਸ਼ ਫਰੋਜ਼ਨ ਪਲਾਜ਼ਮਾ, ਕਰਾਇਓਪ੍ਰੈਸੀਪੀਟੇਟ, ਪਲੇਟਲੈਟਸ ਭਰਪੂਰ ਪਲਾਜ਼ਮਾ, ਪਲੇਟਲੈਟ ਕੌਨਸਨਟਰੇਟ ਆਦਿ ਮਰੀਜ਼ਾਂ ਨੂੰ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕੁੱਲ 116 ਬਲੱਡ ਬੈਂਕ ਹਨ, ਜਿਨ੍ਹਾਂ ਵਿਚੋਂ 46 ਸਰਕਾਰ ਦੁਆਰਾ, 6 ਮਿਲਟਰੀ ਵੱਲੋਂ ਤੇ 64 ਬਲੱਡ ਬੈਂਕ ਪ੍ਰਾਈਵੇਟ ਸੰਸਥਾਵਾਂ ਦੁਆਰਾ ਚਲਾਏ ਜਾ ਰਹੇ ਹਨ।

- Advertisement -

Share this Article
Leave a comment