ਨਵਜੋਤ ਸਿੱਧੂ ਖਿਲਾਫ 5 ਸੌ ਕਰੋੜ ਦੇ ਘਪਲੇ ਦਾ ਪਰਚਾ ਦਰਜ ਕਰਨ ਦੀ ਤਿਆਰੀ ?

TeamGlobalPunjab
4 Min Read

ਚੰਡੀਗੜ੍ਹ : ਇੰਨੀ ਦਿਨੀਂ ਪੰਜਾਬ ਦੀ ਵਿਜੀਲੈਂਸ ਪੁਲਿਸ ਸਥਾਨਕ ਸਰਕਾਰਾਂ ਵਿਭਾਗ ਅੰਦਰ ਫਾਇਲਾਂ ਦੀ ਪੁਣ-ਛਾਣ ਕਰਨ ਲੱਗੀ ਹੋਈ ਹੈ। ਉਹ ਸਥਾਨਕ ਸਰਕਾਰਾਂ ਵਿਭਾਗ ਜਿਸ ਦਾ ਚਾਰਜ ਹੁਣੇ ਹੁਣੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਵਾਪਸ ਲਿਆ ਹੈ। ਇਸ ਵਿਜੀਲੈਂਸ ਜਾਂਚ ਦੇ ਤੱਥਾਂ ਬਾਰੇ ਹਾਲੇ ਤੱਕ ਭਾਵੇਂ ਕਿਸੇ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ, ਪਰ ਅੰਦਰੋ ਬਾਹਰ ਨਿੱਕਲ ਕੇ ਆ ਰਹੀਆਂ ਖਬਰਾਂ ਅਨੁਸਾਰ ਵਿਜੀਲੈਂਸ ਨੂੰ ਸ਼ੱਕ ਸੀ ਕਿ ਇਸ ਵਿਭਾਗ ਅੰਦਰ ਵੱਡੇ ਪੱਧਰ ‘ਤੇ ਘਪਲੇਬਾਜ਼ੀਆਂ ਹੋਈਆਂ ਹਨ, ਤੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਗਿਆ ਹੈ। ਸੂਤਰ ਦਾਅਵਾ ਕਰਦੇ ਹਨ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਨਿੱਕਲ ਕੇ ਸਾਹਮਣੇ ਆਈ ਹੈ ਕਿ ਵਿਭਾਗ ਅੰਦਰੋਂ ਸੈਂਕੜੇ ਫਾਇਲਾਂ ਗਾਇਬ ਹਨ, ਤੇ ਵਿਜੀਲੈਂਸ ਅਧਿਕਾਰੀਆਂ ਵੱਲੋਂ ਵੱਖ ਵੱਖ ਥਾਂਈ ਕੀਤੀ ਜਾਂਚ ਦੌਰਾਨ ਇਸ ਵਿਭਾਗ ਅੰਦਰ 5 ਸੌ ਕਰੋੜ ਰੁਪਏ ਦਾ ਘਪਲਾ ਕੀਤੇ ਜਾਣ ਦੀ ਰਿਪੋਰਟ ਕਾਗਜਾਂ ਵਿੱਚ ਦਰਜ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਇਸ ਜਾਂਚ ਦਾ ਘੇਰਾ ਵਧ ਕੇ ਨਵਜੋਤ ਸਿੰਘ ਸਿੱਧੂ ਵੱਲ ਜਾ ਰਿਹਾ ਹੈ ਤੇ ਜੇਕਰ ਆਉਣ ਵਾਲੇ ਸਮੇਂ ਦੌਰਾਨ ਇਸ ਮਾਮਲੇ ਵਿੱਚ ਵਿਜੀਲੈਂਸ ਪੁਲਿਸ 5 ਸੌ ਕਰੋੜ ਰੁਪਏ ਦੇ ਘਪਲੇ ਦਾ ਇੱਕ ਅਜਿਹਾ ਪਰਚਾ ਦਰਜ ਕਰੇ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਵੀ ਮੁਲਜ਼ਮ ਬਣਾ ਕੇ ਪੇਸ਼ ਕੀਤਾ ਜਾਵੇ ਤਾਂ ਇਸ ਵਿੱਚ ਕਿਸੇ ਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ।

ਸੂਤਰਾਂ ਅਨੁਸਾਰ ਵਿਜੀਲੈਂਸ ਪੁਲਿਸ ਦੇ ਅਧਿਕਾਰੀ ਜੀ ਨਾਗੇਸ਼ਵਰ ਰਾਓ ਦੀ ਅਗਵਾਈ ਵਿੱਚ ਕੀਤੀ ਜਾ ਰਹੀ ਇਸ ਕਾਰਵਾਈ ਦੌਰਾਨ ਮੁੱਢਲੇ ਤੌਰ ‘ਤੇ ਅਜੇ ਉਨ੍ਹਾਂ ਤੱਥਾਂ ਦੀ ਹੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਵਿਭਾਗ ਅੰਦਰ ਕਿੱਥੇ ਕਿੱਥੇ, ਕੀ ਕੀ ਗੜਬੜਾਂ ਹੋਈਆਂ ਤੇ ਉਹ ਗੜਬੜਾਂ ਕਰਨ ਵਾਲੇ ਲੋਕਾਂ ਦੇ ਕਿਹੜੇ ਕਿਹੜੇ ਸਿਆਸਤਦਾਨਾਂ ਨਾਲ ਸਬੰਧ ਹਨ। ਵਿਜੀਲੈਂਸ ਸੂਤਰ ਦਾਅਵਾ ਕਰਦੇ ਹਨ ਕਿ ਸਥਾਨਕ ਸਰਕਾਰਾਂ ਵਿਭਾਗ ਵਿੱਚ ਇਸ ਜਾਂਚ ਦੌਰਾਨ ਜਿੱਥੇ ਕਿਤੇ ਘਪਲੇਬਾਜ਼ੀਆਂ ਨਿੱਕਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਨ੍ਹਾਂ ਕਥਿਤ ਘਪਲੇਬਾਜ਼ੀਆਂ ਕਰਨ ਵਾਲੇ ਲੋਕਾਂ ਦੇ ਸਬੰਧ ਨਵਜੋਤ ਸਿੰਘ ਸਿੱਧੂ ਵੱਲ ਇਸ਼ਾਰਾ ਕਰ ਰਹੇ ਹਨ। ਭਾਵੇਂ ਕਿ ਇਹ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਬੇਹੱਦ ਇਮਾਨਦਾਰ ਸਖ਼ਸੀਅਤ ਦੇ ਮਾਲਕ ਹਨ, ਪਰ ਇਸ ਦੇ ਬਾਵਜੂਦ ਵਿਜੀਲੈਂਸ ਪੁਲਿਸ ਵੱਲੋਂ ਜਾਂਚ ਦੌਰਾਨ ਜਿਸ ਤਰ੍ਹਾਂ ਸਿੱਧੂ ਦੇ ਨਜਦੀਕੀਆਂ ਨੂੰ ਕਸੂਰਵਾਰ ਠਹਿਰਾਇਆ ਜਾ ਰਿਹਾ ਹੈ ਉਸ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਭਾਵੇਂ ਕਥਿਤ ਘਪਲੇ ਕਰਨ ਵਾਲੇ ਲੋਕਾਂ ਨੇ ਉਹ ਕਾਰਵਾਈਆਂ ਆਪ ਮੁਹਾਰੇ ਹੀ ਕੀਤੀਆਂ ਹੋਣ ਪਰ ਅਜਿਹੀਆਂ ਕਾਰਵਾਈਆਂ ਕਰਨ ਵਾਲੇ ਜੇਕਰ ਸਿੱਧੂ ਦੇ ਨਜਦੀਕੀ ਹਨ ਤਾਂ ਜਾਂਚ ਦਾ ਘੇਰਾ ਉਨ੍ਹਾਂ ਵੱਲ ਵਧਣਾ ਲਾਜ਼ਮੀ ਹੈ।

ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਭਾਵੇਂ ਸਿਆਸੀ ਰੰਜਿਸ਼ ਹੋਵੇ ਜਾਂ ਕੁਝ ਕਥਿਤ ਭ੍ਰਿਸ਼ਟ ਲੋਕਾਂ  ਵੱਲੋਂ ਆਪਣੇ ਪੱਧਰ ‘ਤੇ ਕੀਤੀ ਗਈ ਕਾਰਵਾਈ ਜਾਂ ਫਿਰ ਨਵਜੋਤ ਸਿੰਘ ਸਿੱਧੂ ਦੇ ਸਮੇਂ ਹੀ ਕੁਝ ਅਜਿਹਾ ਹੋਇਆ ਹੋਵੇ ਜਿਸ ਨੇ ਉਨ੍ਹਾਂ ਨੂੰ  ਇਸ ਮੁਸੀਬਤ ਵਿੱਚ ਘੇਰ ਲਿਆ ਹੋਵੇ, ਜੇਕਰ ਇਹ ਘਪਲੇਬਾਜ਼ੀ ਦਾ ਪਰਚਾ ਦਰਜ ਹੁੰਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਇੱਕ ਅਜਿਹਾ ਉਬਾਲਾ ਖਾਵੇਗੀ ਕਿ ਇਤਿਹਾਸ ਦੇ ਪੰਨਿਆਂ ਉੱਤੇ ਇਹ ਦਿਨ ਕੌੜੇ ਮਿੱਠੇ ਤਜ਼ਰਬਿਆਂ ਕਾਰਨ ਹਮੇਸ਼ਾ ਯਾਦ ਕੀਤੇ ਜਾਣਗੇ।

Share this Article
Leave a comment