ਧੋਖੇਬਾਜ਼ ਨੇ ਟਕਸਾਲੀ, ਸਾਡੀ ਪਿੱਠ ‘ਚ ਛੁਰਾ ਮਾਰਿਐ, ਹੁਣ ਚੋਣ ਮੈਦਾਨ ‘ਚੋਂ ਭੱਜਦੇ ਦੇਖਿਓ : ਸੁਖਬੀਰ

Prabhjot Kaur
2 Min Read

ਅੰਮ੍ਰਿਤਸਰ : ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਤੇ ਚੋਣ ਜਾਬਤਾ ਵੀ ਲੱਗ ਗਿਆ ਹੈ। ਇਸ ਮਹੌਲ ‘ਚ ਜਿੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਚੋਣਾਂ ਨੂੰ ਲੈ ਕੇ ਗੰਭੀਰ ਹਨ ਉੱਥੇ ਇੱਕ ਦੂਜੇ ‘ਤੇ ਸਿਆਸੀ ਤੰਜ਼ ਵੀ ਕਸ ਰਹੀਆਂ ਨੇ। ਇਸ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਵੱਲੋਂ ਵੱਖ ਪਾਰਟੀ ਬਣਾਉਣ ‘ਤੇ ਅਕਾਲੀ ਦਲ ਟਕਸਾਲੀ ਵਾਲਿਆਂ ਵਿਰੁੱਧ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸ ਬਿਆਨਬਾਜ਼ੀ ਦੇ ਮਹੌਲ ‘ਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਟਕਸਾਲੀਆਂ ਵਿਰੁੱਧ ਬੋਲਦਿਆਂ ਉਨ੍ਹਾਂ ਨੂੰ ਜਾਅਲੀ ਕਰਾਰ ਦੇ ਦਿੱਤਾ ਹੈ। ਸੁਖਬੀਰ ਬਾਦਲ ਨੇ ਇਹ ਬਿਆਨ ਅੰਮ੍ਰਿਤਸਰ ਸਾਹਿਬ ਵਿਖੇ ਦਿੱਤਾ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਟਕਸਾਲੀਆਂ ਵਿਰੁੱਧ ਬਿਆਨਬਾਜ਼ੀ ਕਰਦਿਆਂ ਕਿਹਾ ਸੀ ਕਿ ਟਕਸਾਲੀ ਉਹ ਨਹੀਂ ਹੁੰਦਾ ਜੋ ਆਪਣੀ ਮਾਂ ਪਾਰਟੀ ਨੂੰ ਛੱਡ ਜਾਵੇ, ਟਕਸਾਲੀ ਉਹ ਹੁੰਦਾ ਹੈ ਜੋ ਔਖੇ ਸਮੇਂ ਪਾਰਟੀ ਦਾ ਸਾਥ ਦੇਵੇ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸੀਨੀਅਰ ਟਕਸਾਲੀ ਆਗੂ ਡਾ. ਰਤਨ ਸਿੰਘ ਅਜਨਾਲਾ ਵੱਲੋਂ ਵਿਰੋਧ ਕਰਦਿਆਂ ਵੱਡੇ ਬਾਦਲ ਨੂੰ ਬੁੱਢਾ ਕਰਾਰ ਦੇ ਕੇ ਕਿਹਾ ਸੀ ਕਿ ਬਾਦਲ ਸਾਹਿਬ ਯਾਦ ਕਰੋ ਅਸੀਂ ਪਾਰਟੀ ਛੱਡੀ ਨਹੀਂ, ਬਲਕਿ ਸਾਨੂੰ ਪਾਰਟੀ ‘ਚੋਂ ਕੱਢਿਆ ਗਿਆ ਹੈ। ਇਸ ਸਾਰੇ ਮਸਲੇ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਵੀ ਟਕਸਾਲੀਆਂ ਨੂੰ ਜਾਅਲੀ ਕਰਾਰ ਦਿੰਦਿਆਂ ਕਿਹਾ ਹੈ ਕਿ ਟਕਸਾਲੀ ਤਾਂ ਉਹ ਹੁੰਦਾ ਹੈ ਜੋ ਪਾਰਟੀ ਨਾਲ ਵਫਾਦਾਰੀ ਕਰੇ ਪਰ ਇਨ੍ਹਾਂ ਨੇ ਤਾਂ ਪਾਰਟੀ ਦੀ ਪਿੱਠ ‘ਚ ਛੁਰਾ ਮਾਰਿਆ ਹੈ। ਉਨ੍ਹਾਂ ਨੇ ਕਿਹਾ ਕਿ ਟਕਸਾਲੀ ਚੋਣ ਮੈਦਾਨ ‘ਚ ਉਤਰ ਤਾਂ ਆਏ ਹਨ ਪਰ ਉਹ ਸ਼ਾਇਦ ਹੀ ਮੈਦਾਨ ‘ਚ ਟਿਕ ਸਕਣ।

 

Share this Article
Leave a comment