ਤਰਨ ਤਾਰਨ ਪੁਲਿਸ ਨੇ ਸੱਦ ਲਿਆ ਡਿਊੜੀ ਢਾਹੁਣ ਵਾਲਾ ਕਾਰ ਸੇਵਾ ਵਾਲਾ ਬਾਬਾ , ਵੀਰਵਾਰ ਨੂੰ ਹੋਵੇਗਾ ਪੇਸ਼

TeamGlobalPunjab
3 Min Read

ਬੀਜੇਪੀ ਤੇ ਆਰਐਸਐਸ ਦਾ ਏਜੰਡਾ ਲਾਗੂ ਕਰਨ ਲਈ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਚੁਣਿਆ : ਖਹਿਰਾ

ਤਰਨ ਤਾਰਨ : ਜਿੱਥੇ ਇੱਕ ਪਾਸੇ ਤਰਨ ਤਾਰਨ ਦਰਬਾਰ ਸਾਹਿਬ ਦੀ 200 ਸਾਲ ਪੁਰਾਣੀ ਦਰਸ਼ਨੀ ਡਿਊੜੀ ਢਾਹੁਣ ਵਾਲੇ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੂੰ ਜਿਲ੍ਹਾ ਪੁਲਿਸ ਨੇ ਆਪਣੇ ਬਿਆਨ ਦਰਜ਼ ਕਰਵਾਉਣ ਲਈ ਸੱਦ ਲਿਆ ਹੈ, ਉੱਥੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਹਾਲੇ ਤੱਕ ਬਾਬਾ ਜਗਤਾਰ ਸਿੰਘ ਨਾਲ ਇਸ ਮਾਮਲੇ ਨੂੰ ਲੈ ਕੇ ਗੱਲ ਵੀ ਨਹੀਂ ਕੀਤੀ ਹੈ। ਇਸ ਤਿੰਨ ਮੈਂਬਰੀ ਕਮੇਟੀ ਦਾ ਕਹਿਣਾ ਹੈ ਕਿ ਉਹ ਹਲੇ ਹੇਠਲੇ ਮੁਲਾਜ਼ਮਾਂ ਦੇ ਬਿਆਨ ਦਰਜ਼ ਕਰ ਰਹੇ ਹਨ, ਤੇ ਜਦੋਂ ਇਹ ਕੰਮ ਮੁਕੱਮਲ ਹੋ ਜਾਵੇਗਾ ਤਾਂ 2 ਦਿਨ ਬਾਅਦ ਬਾਬਾ ਜਗਤਾਰ ਸਿੰਘ ਨੂੰ ਵੀ ਬਿਆਨ ਦੇਣ ਲਈ ਸੱਦਿਆ ਜਾਵੇਗਾ।

ਪੁਲਿਸ ਵੱਲੋਂ ਬਾਬਾ ਜਗਤਾਰ ਸਿੰਘ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸੱਦੇ ਜਾਣ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਬਾਬਾ ਜਗਤਾਰ ਸਿੰਘ ਨੇ ਪੁਲਿਸ ਨੂੰ ਭਰੋਸਾ ਦਿੱਤਾ ਹੈ ਕਿ ਉਹ ਆਪਣੇ ਬਿਆਨ ਦਰਜ਼ ਕਰਵਾਉਣ ਲਈ ਵੀਰਵਾਰ ਨੂੰ ਜਾਂਚ ਅਧਿਕਾਰੀਆਂ ਸਾਹਮਣੇ ਜਰੂਰ ਪੇਸ਼ ਹੋਣਗੇ। ਇੱਧਰ ਦੂਜੇ ਪਾਸੇ ਸਥਾਨਕ ਲੋਕਾਂ ਦਾ ਇਹ ਦੋਸ਼ ਹੈ ਕਿ ਸ਼੍ਰੋਮਣੀ ਕਮੇਟੀ ਜਾਂਚ ਦਾ ਵਿਖਾਵਾ ਕਰ ਰਹੀ ਹੈ ਕਿਉਂਕਿ ਇਹ ਲੋਕ ਕਾਰ ਸੇਵਾ ਵਾਲਿਆਂ ਨਾਲ ਰਲੇ ਹੋਏ ਹਨ।

ਜਿਸ ਵੇਲੇ ਇਹ ਇਤਿਹਾਸਕ ਡਿਊੜੀ ਢਾਹੀ ਜਾ ਰਹੀ ਸੀ ਉਸ ਵੇਲੇ ਮੌਕੇ ਤੇ ਮੌਜੂਦ ਇੱਕ ਚਸ਼ਮਦੀਦ ਕਹਿੰਦੇ ਹਨ ਕਿ ਸ਼੍ਰੋਮਣੀ ਕਮੇਟੀ ਨੇ ਹਲੇ ਤੱਕ ਕਾਰਸੇਵਾ ਵਾਲੇ ਬਾਬੇ ਦੇ ਖਿਲਾਫ ਪੁਲਿਸ ਕੋਲ ਕੋਈ ਸ਼ਿਕਾਇਤ ਵੀ ਦਰਜ਼ ਨਹੀਂ ਕਰਵਾਈ ਜਦਕਿ ਤਰਨ ਤਾਰਨ ਦਰਬਾਰ ਸਾਹਿਬ ਦੇ ਗੁਰਦੁਵਾਰਾ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਇਸ ਇਤਿਹਾਸਿਕ ਡਿਊੜੀ ਨੂੰ ਢਾਹੇ ਜਾਣ ਦਾ ਦੋਸ਼ੀ ਕਰਾਰ ਦਿੱਤਾ ਜਾ ਚੁੱਕਿਆ ਹੈ।

- Advertisement -

ਇਸ ਸਬੰਧ ਵਿੱਚ ਪੰਜਾਬ ਏਕਤਾ ਪਾਰਟੀ ਦੇ ਆਡਹੌਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਤਰਨ ਤਾਰਨ ਦਰਬਾਰ ਸਾਹਿਬ ਵਿਖੇ ਜਾ ਕੇ ਮੌਕਾ ਵੇਖਣ ਤੋਂ ਬਾਅਦ ਕਿਹਾ ਕਿ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦਰਸ਼ਨੀ ਡਿਊੜੀ ਢਾਹੇ ਜਾਣ ਲਈ ਨੈਤਿਕ ਤੌਰ ‘ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਜ਼ਿੰਮੇਵਾਰ ਹਨ। ਖਹਿਰਾ ਨੇ ਕਿਹਾ ਕਿ ਬਾਦਲਾਂ ਨੇ ਸਿੱਖ ਸੰਸਥਾਵਾਂ ਨੂੰ ਢਾਹੇ ਜਾਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚੁਣਿਆ ਹੈ ਤਾ ਕਿ ਉਹ ਬੀਜੇਪੀ ਅਤੇ ਆਰਐਸਐਸ ਦਾ ਗੁਪਤ ਖਰੜਾ ਲਾਗੂ ਕਰ ਸਕਣ। ਉਨ੍ਹਾਂ ਕਿਹਾ ਕਿ ਇਤਿਹਾਸਿਕ ਦਰਸ਼ਨੀ ਡਿਊੜੀ ਢਾਹੁਣਾ ਇੱਕ ਡੂੰਘੀ ਸਾਜ਼ਸ ਦਾ ਹਿੱਸਾ ਹੈ। ਜਿਸ ਜੁਰਮ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵਾਲੇ ਬਰਾਬਰ ਦੇ ਜ਼ਿੰਮੇਵਾਰ ਹਨ।

 

Share this Article
Leave a comment