ਚੋਣਾਂ ਨੇੜੇ ਡਾਂਗ ਫੇਰਨ ਤੋਂ ਬਾਅਦ ਪੁਲਿਸ ਨੇ 54 ਅਧਿਆਪਕਾਂ ‘ਤੇ ਦੇ ਤਾ ਪਰਚਾ, ਕਾਂਗਰਸ ਇੱਦਾਂ ਕਿੱਦਾਂ ਜਿੱਤੂ ਚੋਣਾਂ ?

Prabhjot Kaur
2 Min Read

ਪਟਿਆਲਾ : ਲੋਕ ਸਭਾ ਚੋਣਾਂ ਨੇੜੇ ਨੇ ਤੇ, ਪੰਜਾਬ ਦੇ ਸਰਕਾਰੀ ਅਧਿਆਪਕ ਕਾਂਗਰਸ ਸਰਕਾਰ ਦੇ ਗਲ਼ ਡਾਂਗਾਂ ਖਾਣ ਤੋਂ ਬਾਅਦ ਵੀ ਇੰਝ ਪਏ ਹੋਏ ਨੇ ਕਿ ਜਿਵੇਂ ਉਨ੍ਹਾਂ ਨੇ ਧਾਰ ਹੀ ਰੱਖਿਆ ਹੋਵੇ, ਕਿ ਹਮ ਤੋ ਡੂਬੇਗੇਂ ਸਨਮ ਤੁਮਕੋ ਭੀ ਲੇ ਡੂਬੇਗੇਂ। ਉਨ੍ਹਾਂ ਦੀ ਇਸ ਕੰਮ ‘ਚ ਰਹਿੰਦੀ-ਖੁਹੰਦੀ ਕਸਰ ਪੰਜਾਬ ਪੁਲਿਸ ਕਰ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਦੇ ਅਧਿਆਪਕਾਂ ਨੂੰ ਪੁਲਿਸ ਨੇ ਪਹਿਲਾਂ ਰੱਜ ਕੇ ਡਾਂਗਾਂ ਨਾਲ ਕੁੱਟਿਆ, ਤੇ ਪਤਾ ਲੱਗਾ ਹੈ ਕਿ ਉਸ ਤੋਂ ਬਾਅਦ ਹੁਣ ਉਨ੍ਹਾਂ ਵਿਚੋਂ 54 ਮੋਢੀਆਂ ‘ਤੇ ਪਰਚਾ ਵੀ ਦੇ ਦਿੱਤਾ ਗਿਆ ਹੈ, ਪਰ ਇਸ ਦੇ ਬਾਵਜੂਦ ਅਧਿਆਪਕਾਂ ਨੇ ਹਿੰਮਤ ਨਹੀਂ ਹਾਰੀ ਤੇ ਪਰਚੇ ਦਰਜ ਕਰਨ ਦੀ ਖ਼ਬਰ ਸੁਨਣ ਤੋਂ ਬਾਅਦ ਵੀ ਅਧਿਆਪਕਾਂ ਨੇ ਇੱਕ ਵਾਰ ਫਿਰ ਮੋਤੀ ਮਹਿਲ ਵੱਲ ਰੋਸ ਮਾਰਚ ਕਰ ਦਿੱਤਾ।  ਹਾਲਾਂ ਕਿ ਇਸ ਵਾਰ ਪੁਲਿਸ ਨੇ ਉਨ੍ਹਾਂ ਤੇ ਲਾਠੀ ਚਾਰਜ ਤਾਂ ਨਹੀਂ ਕੀਤਾ ਪਰ ਸਥਿਤੀ ਅਜੇ ਵੀ ਤਣਾਅ ਵਾਲੀ ਬਣੀ ਹੋਈ ਹੈ।

ਇਸ ਸਬੰਧ ‘ਚ ਪਟਿਆਲਾ ਪੁਲਿਸ ਦੇ ਅੰਦਰੂਨੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਸਿਵਲ ਪੁਲਿਸ ਨੇ ਸੋਮਵਾਰ ਦੇਰ ਰਾਤ ਨੂੰ ਅਧਿਆਪਕ ਆਗੂਆਂ ਦਿਦਾਰ ਸਿੰਘ ਮੁਦਕੀ, ਬਲਕਾਰ ਸਿੰਘ, ਸੁਖਰਾਜ ਸਿੰਘ ਕਾਹਲੋਂ, ਦਵਿੰਦਰ ਪੁਨੀਆਂ, ਅੰਮ੍ਰਿਤਪਾਲ ਸਿੰਘ ਸਿੱਧੂ  ਹਰਜੀਤ ਸਿੰਘ, ਸੁਖਵਿੰਦਰ ਸਿੰਘ ਚਹਿਲ, ਬਾਜ ਸਿੰਘ ਖਹਿਰਾ, ਹਰਵਿੰਦਰ ਸਿੰਘ, ਹਰਦੀਪ ਸਿੰਘ ਟੋਡਰਪੁਰ ਸਣੇ ਕੁੱਲ 54 ਅਧਿਆਪਕਾਂ ‘ਤੇ ਪਰਚਾ ਦਰਜ਼ ਕੀਤਾ ਹੈ। ਜਿਸ ਨੂੰ ਕਿ ਪੂਰੀ ਤਰ੍ਹਾਂ ਗੁਪਤ ਰੱਖਿਆ ਜਾ ਰਿਹਾ ਹੈ। ਸ਼ਾਇਦ ਇਸੇ ਲਈ ਕੋਈ ਵੀ ਪੁਲਿਸ ਅਧਿਕਾਰੀ ਇਸ ਪਰਚੇ ਦੀ ਪੁਸ਼ਟੀ ਕਰਨ ਲਈ ਤਿਆਰ ਨਹੀਂ ਹੋਇਆ।

ਇੱਧਰ ਦੂਜੇ ਪਾਸੇ ਅਧਿਆਪਕ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਜੇਕਰ ਵੈਲਨਟਾਇਨ ਡੇ ਵਾਲੇ ਦਿਨ ਅਧਿਆਪਕਾਂ ਦੀ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਹਾਂ ਪੱਖੀ ਉੱਤਰ ਨਾ ਮਿਲਿਆ ਤਾਂ ਅਧਿਆਪਕਾਂ ਵੱਲੋਂ ਸਰਕਾਰ ਖਿਲਾਫ ਅਜਿਹਾ ਗੁਪਤ ਐਕਸ਼ਨ ਲਿਆ ਜਾਵੇਗਾ, ਜੋ ਕਿ ਪਹਿਲਾਂ ਨਾਂਲੋਂ ਵੀ ਵੱਡਾ ਹੋਵੇਗਾ। ਅਧਿਆਪਕਾਂ ਅਨੁਸਾਰ ਪੁਲਿਸ ਵੱਲੋਂ ਪਹਿਲਾਂ ਉਨ੍ਹਾਂ ਨੂੰ ਕੁੱਟਿਆ ਗਿਆ ਤੇ ਹੁਣ ਪਰਚੇ ਵੀ ਦਰਜ਼ ਕੀਤੇ ਜਾ ਰਹੇ ਹਨ ਜੋ ਕਿ ਨਾ ਕਾਬਲ-ਏ-ਬਰਦਾਸ਼ਤ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਪਰਚੇ ਤੁਰੰਤ ਰੱਦ ਕੀਤੇ ਜਾਣ।

 

- Advertisement -

 

Share this Article
Leave a comment