ਚਿੱਟੇ ਦੀ ਆਦੀ 8ਵੀਂ ਦੀ ਵਿਦਿਆਰਥਣ ਨੂੰ ਪੁਲਿਸ ਨੇ ਧੂਹ ਕੇ ਕਰਵਾਇਆ ਹਸਪਤਾਲ ਦਾਖ਼ਲ

Prabhjot Kaur
4 Min Read

ਬਠਿੰਡਾ : ਇੱਕ ਪਾਸੇ ਜਿੱਥੇ ਪੰਜਾਬ ਦੀ ਕੈਪਟਨ ਸਰਕਾਰ ਹਰ ਦਿਨ ਨਸ਼ੇ ਦਾ ਲੱਕ ਤੋੜ ਦੇਣ ਵਾਲੀਆਂ ਬਿਆਨਬਾਜ਼ੀਆਂ ਕਰ ਰਹੀ ਹੈ ਉੱਥੇ ਇਸੇ ਮਾਹੌਲ ‘ਚ ਅੱਜ ਵੀ ਨੌਜਵਾਨ ਪੀੜ੍ਹੀ ਲਗਾਤਾਰ ਇਸ ਭੈੜੀ ਲੱਤ ਦਾ ਸ਼ਿਕਾਰ ਹੋ ਰਹੀ ਹੈ। ਹਰ ਦਿਨ ਕੋਈ-ਨਾ-ਕੋਈ ਨਸ਼ੇ ਦੀ ਜ਼ਿਆਦਾ ਵਰਤੋਂ ਕਰਨ ਨਾਲ ਜਾਂ ਤਾਂ ਮੌਤ ਦੇ ਮੂੰਹ ‘ਚ ਜਾ ਰਿਹਾ ਹੈ ਜਾਂ ਨਸ਼ਾ ਉਸ ਨੂੰ ਕਾਲ ਦਾ ਗਿਰਾਸ ਬਣਾਉਣ ਲਈ ਤਿਆਰ ਬੈਠਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ‘ਚ ਪੈਂਦੇ ਬਠਿੰਡਾ ਦੇ ਰਾਮਾਂ ਮੰਡੀ ਦਾ, ਜਿੱਥੇ ਸਿਰਫ 14 ਸਾਲਾਂ ਦੀ 8 ਵੀਂ ਜਮਾਤ ‘ਚ ਪੜ੍ਹਦੀ ਇੱਕ ਲੜਕੀ ਚਿੱਟੇ ਦੀ ਸ਼ਿਕਾਰ ਹੋਈ ਬਠਿੰਡਾ ਦੇ ਹਸਪਤਾਲ ‘ਚ ਆਪਣਾ ਇਲਾਜ਼ ਕਰਵਾ ਰਹੀ ਹੈ।

ਦੱਸ ਦਈਏ ਕਿ ਉਂਝ ਤਾਂ ਭਾਵੇਂ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ, ਪਰ ਸ਼ਾਇਦ ਇੰਨੀ ਛੋਟੀ ਉਮਰ ‘ਚ ਚਿੱਟਾ ਲੈਣ ਦਾ ਆਪਣੀ ਕਿਸਮ ‘ਚ ਪਹਿਲਾ ਮਾਮਲਾ ਹੈ। ਕੁੜੀ ਨੇ ਹਸਪਤਾਲ ‘ਚ ਡਾਕਟਰਾਂ ਨੂੰ ਦੱਸਿਆ ਕਿ ਉਸ ਨੂੰ ਇਹ ਭੈੜੀ ਆਦਤ ਉਸ ਦੀਆਂ ਸਹੇਲੀਆਂ ਤੋਂ ਲੱਗੀ ਹੈ ਜੋ ਕਿ ਧ ਉਮਰ ‘ਚ ਉਸ ਤੋਂ ਵੱਡੀਆਂ ਹਨ ਅਤੇ 11 ਵੀਂ ਅਤੇ 12 ਵੀਂ ਜਮਾਤ ‘ਚ ਪੜ੍ਹਦੀਆਂ ਹਨ।  ਲੜਕੀ ਨੇ ਦੱਸਿਆ ਕਿ ਪਹਿਲਾਂ ਤਾਂ ਉਹ ਉਸ ਨੂੰ ਫਰੀ ‘ਚ ਨਸ਼ਾ ਦਿੰਦੀਆਂ ਰਹੀਆਂ, ਪਰ ਜਦੋਂ ਉਹ ਪੂਰੀ ਤਰ੍ਹਾਂ ਇਸ ਨਸ਼ੇ ਦੀ ਆਦੀ ਹੋ ਗਈ ਸੀ ਤਾਂ ਉਹ 500 ਸੌ ਰੁਪਏ ਇਕੱਠਾ ਕਰਕੇ ਨਸ਼ਾ ਖਰੀਦੀਆਂ ਤੇ ਫਿਰ ਆਪਣੀ ਤਲਬ ਪੂਰੀ ਕਰਦੀਆਂ ਸਨ। ਪੀੜਤ ਲੜਕੀ ਨੇ ਖੁਲਾਸਾ ਕੀਤਾ ਕਿ ਨਸ਼ਾ ਵੇਚਣ ਵਾਲੇ ਘਰਾਂ ‘ਚ ਜਾ-ਜਾ ਕੇ ਵੀ ਲੜਕੀਆਂ ਨੂੰ ਨਸ਼ਾ ਸਪਲਾਈ ਕਰਦੇ ਹਨ।

ਇਸ ਸਾਰੇ ਮਾਮਲੇ ‘ਚ ਜਿਹੜੀ ਗੱਲ ਸਭ ਤੋਂ ਦੁੱਖਭਰੀ ਗੱਲ ਇਹ ਹੈ ਕਿ ਲੜਕੀ ਦੀ ਮਾਂ ਸੜਕਾਂ ‘ਤੇ ਫੜੀ ਲਾ ਕੇ ਕੱਪੜੇ ਵੇਚਦੀ ਹੈ ਤੇ ਉਸ ਤੋਂ ਹੋਣ ਵਾਲੀ ਆਮਦਨ ਨਾਲ ਘਰ ਦਾ ਗੁਜ਼ਾਰਾ ਚਲਾਉਂਦੀ ਹੈ ਕਿਉਂਕਿ ਉਸ ਦਾ ਪਿਤਾ ਨਹੀਂ ਹੈ। ਲੜਕੀ ਦੀ ਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੂੰ ਇਸ ਸਾਰੇ ਮਾਮਲੇ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਉਸ ਨੇ ਲੜਕੀ ਦਾ ਰਵੱਈਆ ਬਦਲਿਆ ਹੋਇਆ ਦੇਖਿਆ। ਸ਼ੱਕ ਪੈਣ ‘ਤੇ ਜਦੋਂ ਉਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਹਰ ਦਿਨ ਜਿੰਨੇ ਵੀ ਪੈਸੇ ਆਪਣੇ ਪਰਸ ਵਿੱਚ ਰੱਖਦੀ ਸੀ ਉਹ ਕੁਝ ਚਿਰ ਬਾਅਦ ਹੀ ਘਟ ਜਾਂਦੇ ਸਨ। ਲੜਕੀ ਦੀ ਮਾਂ ਨੇ ਦੱਸਿਆ  ਕਿ ਇੱਕ ਦਿਨ ਉਹ ਇਹ ਦੇਖ ਕੇ ਦੰਗ ਰਹਿ ਗਈ ਕਿ ਉਸ ਦੀ ਬੇਟੀ ਦੇ ਕਮਰੇ ‘ਚੋਂ ਗੰਦੀ ਬੋਅ ਆ ਰਹੀ ਸੀ ਤੇ ਜਦੋਂ ਉਸ ਨੇ ਕਮਰੇ ‘ਚ ਦੇਖਿਆ ਤਾਂ ਉੱਥੇ ਧੂੰਆ ਹੀ ਧੂੰਆ ਹੋਇਆ ਪਿਆ ਸੀ।

ਇਸ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰਾਮਾਂ ਮੰਡੀ ਦੀ ਐਸਐਚਓ ਸੁਖਵੀਰ ਕੌਰ ਦੇ ਦੱਸਣ ਅਨੁਸਾਰ ਕੁਝ ਦਿਨ ਪਹਿਲਾਂ ਇੱਕ ਨਸ਼ਾ ਤਸਕਰ ਲੜਕੀ ਨੂੰ ਨਸ਼ਾ ਸਪਲਾਈ ਕਰਨ ਉਸ ਦੇ ਘਰ ਗਿਆ ਸੀ ਜਿੱਥੇ ਉਹ ਤਸਕਰ ਉਸ ਦੀ ਮਾਂ ਨਾਲ ਝਗੜ ਪਿਆ। ਇਸ ਤੋਂ ਬਾਅਦ ਲੜਕੀ ਨੇ ਵੀ ਮਾਂ ਦਾ ਵਿਰੋਧ ਕਰਦਿਆਂ ਇਹ ਕਹਿ ਦਿੱਤਾ ਕਿ ਜੇਕਰ ਉਸ ਨੂੰ ਰੋਕਿਆ ਗਿਆ ਤਾਂ  ਉਹ ਘਰ ਛੱਡ ਦੇਵੇਗੀ। ਐਸਐਚਓ ਅਨੁਸਾਰ ਲੜਕੀ ਦੀ ਮਾਂ ਨੇ ਇਸ ਸਬੰਧੀ ਥਾਣੇ ‘ਚ ਇਤਲਾਹ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਕੁੜੀ ਨੂੰ ਗੁਆਂਢੀਆਂ ਦੇ ਘਰੋਂ ਹਿਰਾਸਤ ਵਿੱਚ ਲੈ ਕੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ।

- Advertisement -

ਉੱਧਰ ਦੂਜੇ ਪਾਸੇ ਸਿਵਲ ਹਸਪਤਾਲ ਬਠਿੰਡਾ ਦੇ ਮਨੋਰੋਗ ਵਿਗਿਆਨੀ ਡਾ. ਅਰੁਣ ਬਾਂਸਲ ਨੇ ਦੱਸਿਆ ਕਿ ਲੜਕੀ ਚਿੱਟਾ ਲੈਂਦੀ ਰਹੀ ਹੈ ਪਰ ਉਸ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਨਹੀਂ ਰੱਖਿਆ ਗਿਆ। ਡਾਕਟਰ ਬਾਂਸਲ ਅਨੁਸਾਰ ਲੜਕੀ ਦੇ ਐਚਆਈਵੀ ਪਾਜ਼ਟਿਵ ਹੋਣ ਦਾ ਵੀ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਲੜਕੀ ਡਾਕਟਰਾਂ ਨਾਲ ਬਹੁਤੀ ਗੱਲਬਾਤ ਨਹੀਂ ਕਰਦੀ ਪਰ ਹੁਣ ਜਿਵੇਂ ਜਿਵੇਂ ਪਿਆਰ ਅਤੇ ਸਲਾਹ ਮਸ਼ਵਰੇ ਤੋਂ ਇਲਾਵਾ ਦਵਾਈਆਂ ਨਾਲ ਉਸ ਦਾ ਇਲਾਜ਼ ਕੀਤਾ ਜਾ ਰਿਹਾ ਹੈ ਤਿਉਂ ਤਿਉਂ ਉਹ ਆਪਣੀ ਹਾਲਤ ਬਾਰੇ ਸਾਰਿਆਂ ਨੂੰ ਖੁੱਲ੍ਹ ਕੇ ਦੱਸਣ ਲੱਗ ਪਈ ਹੈ।

Share this Article
Leave a comment