ਗੋਲ਼ੀਕਾਂਡ : ਕਿਸੇ ਵੇਲੇ ਵੀ ਹੋ ਸਕਦੀ ਹੈ ਆਈ ਜੀ ਤੇ ਵੱਡੀ ਕਾਰਵਾਈ, ਕੇਸ ‘ਚ ਸਬੂਤ ਮਿਟਾਉਣ ਤੇ ਮੁਲਜ਼ਮਾਂ ਨੂੰ ਬਚਾਉਣ ਦੀਆਂ ਧਾਰਾਵਾਂ ਵੀ ਜੁੜੀਆਂ

Prabhjot Kaur
3 Min Read

ਫ਼ਰੀਦਕੋਟ: ਮੋਗਾ ਦੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਬੇਅਦਬੀ ਕਾਂਡ ਤੋਂ ਬਾਅਦ ਵਾਪਰੇ ਗੋਲੀ ਕਾਂਡ ਸਬੰਧੀ ਗਠਿਤ ਕੀਤੀ ਗਈ ਐਸ ਆਈ ਟੀ ਨੇ ਹੌਲੀ ਹੌਲੀ ਸ਼ੱਕ ਦੇ ਘੇਰੇ ਵਿੱਚ ਆਉਣ ਵਾਲੇ ਸਾਰੇ ਲੋਕਾਂ ‘ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਪੁਲਿਸ ਨਾ ਸਿਰਫ ਨਵੇਂ ਗਵਾਹਾਂ ਦੇ ਬਿਆਨ ਦਰਜ਼ ਕਰਨ ਦੇ ਨਾਲ ਨਾਲ ਦਸਤਾਵੇਜ਼ੀ ਸਬੂਤ ਇਕੱਠੇ ਕਰ ਰਹੀ ਹੈ ਬਲਕਿ ਪੁਰਾਣੇ ਦਸਤਾਵੇਜਾਂ ਅਤੇ ਸਬੂਤਾਂ ਦੀ ਵੀ ਅਧਿਕਾਰੀਆਂ ਵੱਲੋਂ ਪੁਣ-ਛਾਣ ਕੀਤੀ ਜਾ ਰਹੀ ਹੈ। ਇਸੇ ਪੁਣ-ਛਾਣ ਦੇ ਦੌਰਾਨ ਅਹਿਮ ਗੱਲ ਇਹ ਨਿੱਕਲ ਕੇ ਸਾਹਮਣੇ ਆਈ ਹੈ ਕਿ ਐਸ ਆਈ ਟੀ ਜਸਟਿਸ  ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚਲੇ ਗਵਾਹ ਨੰ: 177 ਨੂੰ ਇਸ ਜਾਂਚ ਦੌਰਾਨ ਹੁਕਮ ਦਾ ਇੱਕਾ ਮੰਨ ਰਹੀ ਹੈ। ਦੱਸ ਦਈਏ ਕਿ ਇਸ ਗਵਾਹ ਨੇ ਆਪਣੇ ਬਿਆਨ ਵਿੱਚ ਇਹ ਦਾਅਵਾ ਕੀਤਾ ਸੀ ਕਿ ਘਟਨਾ ਮੌਕੇ ਗੋਲੀ ਚਲਾਉਣ ਦੇ ਹੁਕਮ ਇੱਕ ਆਈ ਜੀ ਨੇ ਦਿੱਤੇ ਸਨ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇੱਕ ਪਾਸੇ ਚਰਨਜੀਤ ਸ਼ਰਮਾਂ ਤੋਂ ਹਾਸਿਲ ਕੀਤੀ ਜਾਣਕਾਰੀ ਤਹਿਤ ਐਸ ਆਈ ਟੀ ਨੇ ਪੁਲਿਸ ਅਧਿਕਾਰੀਆਂ ‘ਤੇ ਕਤਲ, ਇਰਾਦਾ ਕਤਲ ਤੇ ਕੁਝ ਹੋਰ ਧਾਰਾਵਾਂ ਦੇ ਨਾਲ ਨਾਲ ਸਬੂਤ ਮਿਟਾਉਣ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਹਨ ਉੱਥੇ ਦੂਜੇ ਪਾਸੇ ਸ਼ਰਮਾ ਅਤੇ ਗਵਾਹ ਨੰਬਰ 177 ਦੇ ਬਿਆਨਾਂ ਨੂੰ ਮਿਲਾ ਕੇ ਉਹ ਉਸ ਆਈ ਜੀ ਨੂੰ ਵੀ ਘੇਰ ਕੇ ਜਾਂਚ ਵਾਲੀ ਪੌੜੀ ਦੇ ਉਤਲੇ ਸਟੈਪ ‘ਤੇ ਪੈਰ ਰੱਖਣ ਦੀ ਤਾਕ ਵਿੱਚ ਹਨ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਗੋਲੀ ਉਸ ਦੇ ਹੁਕਮ ‘ਤੇ ਚਲਾਈ ਗਈ ਸੀ।

ਪੁਲਿਸ ਦੇ ਉੱਚ ਪੱਧਰੀ ਤੇ ਅੰਦਰੂਨੀ ਸੂਤਰਾਂ ਅਨੁਸਾਰ ਚਰਨਜੀਤ ਸ਼ਰਮਾਂ ਅਤੇ ਕੁਝ ਗਵਾਹਾਂ ਤੋਂ ਐਸ ਆਈ ਟੀ ਨੂੰ ਕੁਝ ਅਜਿਹੀਆਂ ਜਾਣਕਾਰੀਆਂ ਹਾਸਲ ਹੋਈਆਂ ਹਨ ਜੋ ਕਿ ਇਸ਼ਾਰਾ ਕਰਦੀਆਂ ਹਨ ਕਿ ਘਟਨਾ ਤੋਂ ਬਾਅਦ ਪੁਲਿਸ ਨੇ ਸਬੂਤ ਮਿਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਇਸ ਲਈ ਐਸ ਆਈ ਟੀ ਨੇ ਪਹਿਲਾਂ ਦਰਜ਼ ਕੀਤੀ ਜਾ ਚੁੱਕੀ ਐਫ ਆਈ ਆਰ ਵਿੱਚ ਆਈ ਪੀ ਸੀ ਦੀ ਧਾਰਾ 201 (ਸਬੂਤ ਮਿਟਾਉਣਾ), ਧਾਰਾ 218 (ਮੁਲਜ਼ਮਾਂ ਨੂੰ ਬਚਾਉਣਾ), ਧਾਰਾ 120-ਬੀ (ਅਪਰਾਧਿਕ ਸਾਜ਼ਿਸ) ਦਾ ਵਾਧਾ ਕਰ ਦਿੱਤਾ ਹੈ। ਇਸ ਜਾਂਚ ਦੌਰਾਨ ਬੀਤੀ ਕੱਲ੍ਹ ਪੁਲਿਸ ਨੇ ਦੋ ਡਾਕਟਰ ਤੇ ਇੱਕ ਡੀ ਐਸ ਪੀ ਸਮੇਤ ਕੁੱਲ ਛੇ ਗਵਾਹਾਂ ਦੇ ਬਿਆਨ ਦਰਜ਼ ਕੀਤੇ ਸਨ ਜਿਨ੍ਹਾਂ ਤੋਂ ਮਿਲੀਆਂ ਜਾਣਕਾਰੀਆਂ ਤੋਂ ਬਾਅਦ ਜਾਂਚ ਅਧਿਕਾਰੀਆਂ ਦੀਆਂ ਅੱਖਾਂ ਵਿੱਚ ਚਮਕ ਆ ਗਈ ਹੈ। ਪਤਾ ਲੱਗਾ ਹੈ ਇਨ੍ਹਾਂ ਗਵਾਹਾਂ ਨੇ ਆਪਣੇ ਬਿਆਨਾਂ ਵਿੱਚ ਇਹ ਕਿਹਾ ਹੈ ਕਿ ਗੋਲੀਬਾਰੀ ਮੌਕੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਘਟਨਾਂ ਤੋਂ ਬਾਅਦ ਸਬੂਤ ਮਿਟਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਸਨ। ਸੂਤਰ ਦੱਸਦੇ ਹਨ ਕਿ ਕੁਝ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਗੋਲੀਆਂ ਨਾਲ ਵੀ ਬੁਰੀ ਤਰ੍ਹਾਂ ਛੇੜ-ਛਾੜ ਕੀਤੀ ਜਿਹੜੀਆਂ ਕਿ ਲਾਸ਼ਾਂ ਅਤੇ ਜ਼ਖਮੀਆਂ ਦੇ ਸ਼ਰੀਰਾਂ ਵਿੱਚੋਂ ਨਿੱਕਲੀਆਂ ਸਨ। ਸੂਤਰ ਦੱਸਦੇ ਹਨ ਕਿ ਇੰਨ੍ਹਾਂ ਲੋਕਾਂ ਨੇ ਇਸ ਤੋਂ ਇਲਾਵਾ ਕਈ ਅਹਿਮ ਸਬੂਤਾਂ ਨੂੰ ਵੀ ਮਿਟਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਰਾਹੀਂ ਮੁਲਜ਼ਮਾਂ ਨੂੰ ਇੰਨਸਾਫ ਦੇ ਕਟਹਿਰੇ ‘ਚ ਖੜ੍ਹਾ ਕੀਤਾ ਜਾ ਸਕਦਾ ਸੀ।

Share this Article
Leave a comment