ਖਹਿਰਾ ਤੋਂ ਬਾਅਦ ਹੁਣ ਡਾ. ਬਲਬੀਰ ਭਗਵੰਤ ਮਾਨ ਦਾ ਲਗਵਾਉਣਗੇ ਨੰਬਰ ? ਬੁਰੀ ਤਰ੍ਹਾਂ ਖੜਕੀ !

Prabhjot Kaur
5 Min Read

ਕੁਲਵੰਤ ਸਿੰਘ 

ਪਟਿਆਲਾ : ਹੁਣ ਤੱਕ ਤਾਂ ਇਹ ਸਮਝਿਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ 7 ਵਿਧਾਇਕ ਅਤੇ ਐੱਚ ਐੱਸ ਫੂਲਕਾ ਦੇ ਬਾਹਰ ਹੋਣ ਨਾਲ ਆਪ ਸਿਰਫ ਤੀਲਾ ਤੀਲਾ ਹੀ ਹੋਈ ਹੈ ਪਰ ਅੱਜ ਵਾਪਰੀ ਇੱਕ ਵੱਡੀ ਘਟਨਾ ਤੋਂ ਇੰਝ ਜਾਪਦਾ ਹੈ ਕਿ ਇਹ ਤੀਲੇ ਵੀ ਹੁਣ ਟੁੱਟਣ ਲੱਗ ਪਏ ਹਨ। ਜੀ ਹਾਂ, ਜੇਕਰ ਤਾਜ਼ਾ ਹਲਾਤ ਨੂੰ ਦੇਖਿਏ ਤਾਂ ਅਜਿਹਾ ਕਿਹਾ ਜਾ ਸਕਦਾ ਹੈ। ਅਜਿਹਾ ਇਸ ਲਈ ਕਿਹਾ ਜਾ ਸਕਦਾ ਹੈ ਕਿਉਂਕਿ ਹੁਣੇ ਹੁਣੇ ਟਕਸਾਲੀ ਅਕਾਲੀਆਂ ਨੂੰ ਮਿਲ ਕੇ ਵਾਪਿਸ ਆਏ ਭਗਵੰਤ ਮਾਨ ਨੂੰ ਉਨ੍ਹਾਂ ਦੀ ਪਾਰਟੀ ਦੇ ਸਹਿ ਪ੍ਰਧਾਨ ਡਾਕਟਰ ਬਲਬੀਰ ਨੇ ਉਸੇ ਅੰਦਾਜ਼ ਵਿੱਚ ਘੇਰ ਲਿਆ ਹੈ ਜਿਸ ਅੰਦਾਜ਼ ਵਿੱਚ ਉਹ ਸੁਖਪਾਲ ਖਹਿਰਾ ਨੂੰ ਘੇਰਿਆ ਕਰਦੇ ਸਨ। ਡਾਕਟਰ ਬਲਬੀਰ ਅਨੁਸਾਰ ਭਗਵੰਤ ਮਾਨ ਨੇ ਟਕਸਾਲੀ ਅਕਾਲੀਆਂ ਨਾਲ ਮੁਲਾਕਾਤ ਕਰਕੇ ਚੋਣ ਗਠਜੋੜ ਦੀ ਚਰਚਾ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਨਾਲ ਬਿਨਾਂ ਸਲਾਹ ਕੀਤਿਆਂ ਛੇੜੀ ਹੈ। ਜਿਸ ਬਾਰੇ ਮਾਨ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਅਜਿਹਾ ਬਿਨਾਂ ਸਲਾਹ ਕੀਤੇ ਕਿਉਂ ਕੀਤਾ। ਡਾਕਟਰ ਬਲਬੀਰ ਦੇ ਮੀਡੀਆ ਨੂੰ ਦਿੱਤੇ ਇਸ ਬਿਆਨ ਨਾਲ ਇੱਕ ਚਰਚਾ ਹੋਰ ਛਿੜ ਗਈ ਹੈ ਤੇ ਸਵਾਲ ਕੀਤੇ ਜਾ ਰਹੇ ਹਨ ਕਿ ਜਿਹੜੇ ਡਾਕਟਰ ਬਲਬੀਰ ਸੁਖਪਾਲ ਖਹਿਰਾ ਦੇ ਮੀਡੀਆ ਵਿੱਚ ਬਿਆਨ ਦੇਣ ‘ਤੇ ਉਸ ਨੂੰ ਅਨੁਸ਼ਾਸ਼ਨਹੀਨਤਾ ਕਰਾਰ ਦਿੰਦੇ ਸਨ, ਉਹ ਹੁਣ ਆਪ ਅਜਿਹਾ ਬਿਆਨ ਦੇ ਕੇ ‘ਆਪ’ ਦੇ ਕਿਹੜੇ ਅਨੁਸ਼ਾਸ਼ਨ ਦੀ ਪਾਲਨਾ ਕਰ ਰਹੇ ਹਨ?

ਛਿੜ ਗਈ ਨਵੀਂ ਚਰਚਾ, ਕੀ ਹੁਣ ਡਾਕਟਰ ਬਲਬੀਰ ਨੇ ਆਪ ਨਹੀਂ ਤੋੜਿਆ ਅਨੁਸ਼ਾਸ਼ਨ?

ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸਤਿਕਾਰਯੋਗ ਆਗੂ ਤੇ ਸਟਾਰ ਪ੍ਰਚਾਰਕ ਹਨ ਤੇ ਇਸ ਨਾਤੇ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਮਾਨ ਨੂੰ ਅਜਿਹਾ ਕਰਨ ਤੋਂ ਪਹਿਲਾ ਆਪ ਦੀ ਕੋਰ ਕਮੇਟੀ ਨਾਲ ਸਲਾਹ ਕਰਨ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਉਹ ਮਾਨ ਦੇ ਖਿਲਾਫ ਨਹੀਂ ਬੋਲ ਰਹੇ ਪਰ ਇਨ੍ਹਾਂ ਜਰੂਰ ਕਹਿਣਗੇ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਟਕਸਾਲੀਆਂ ਨਾਲ ਗੱਲ ਛੇੜੀ ਹੈ ਉਸ ਤਰ੍ਹਾਂ ਜੇਕਰ ਭਵਿੱਖ ਵਿੱਚ ਕਿਸੇ ਹੋਰ ਨਾਲ ਚਰਚਾ ਛੇੜ ਦੇ ਹਨ ਤਾਂ ਪਾਰਟੀ ਦੀ ਕੋਰ ਕਮੇਟੀ ਦੀ ਸਲਾਹ ਜ਼ਰੂਰ ਲੈ ਲੈਣ। ਉਨ੍ਹਾ ਕਿਹਾ ਕਿ ਉਹ ਇਹ ਮੁੱਦਾ ਕੋਰ ਕਮੇਟੀ ਦੀ ਬੈਠਕ ‘ਚ ਵੀ ਚੁੱਕਣਗੇ।

- Advertisement -

ਇਸ ਮੌਕੇ ਡਾਕਟਰ ਬਲਬੀਰ ਇਹ ਕਹਿਣੋਂ ਵੀ ਪਿੱਛੇ ਨਹੀਂ ਹਟੇ ਕਿ ਭਗਵੰਤ ਮਾਨ ਨੂੰ ਇਹ ਵੀ ਸਾਫ ਕਰਨਾ ਚਾਹੀਦਾ ਹੈ ਕਿ ਉਹ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪਾਰਟੀ ਸਮਰਥਕ ਇਸ ਸਬੰਧੀ ਦੁਚਿੱਤੀ ਦੀ ਹਾਲਤ ਵਿੱਚ ਹਨ ਤੇ ਮਾਨ ਨੂੰ ਲੋਕਾਂ ਦੀ ਇਹ ਸ਼ੰਕਾ ਦੂਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਪ ਦੇ ਸਾਰੇ ਵਿਧਾਇਕ ਤੇ ਸੰਸਦ ਮੈਬਰਾਂ ਨੇ ਨਿਯਮਬੱਧ ਤਰੀਕੇ ਨਾਲ ਸਾਰੇ ਹਲਕਿਆ ‘ਚ ਕੰਮ ਨਹੀਂ ਕੀਤਾ ਇਸੇ ਲਈ ਅੱਜ ਇਹ ਹਾਲ ਹੈ ਡਾਕਟਰ ਬਲਬੀਰ ਨੇ ਸਲਾਹ ਦਿੱਤੀ ਕਿ ਸਾਰੇ ਵਿਧਾਇਕ ਤੇ ਸੰਸਦ ਮੈਂਬਰ  ਪਾਰਟੀ ਦੀ ਬਿਹਤਰੀ ਲਈ ਜੰਗੀ ਪੱਧਰ ਤੇ ਜੁੱਟ ਜਾਣ। ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸੁਖਪਾਲ ਖਹਿਰਾ ਵੱਲੋਂ ਬਣਾਈ ਗਈ ਪੰਜਾਬੀ ਏਕਤਾ ਪਾਰਟੀ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਇਸ ਪਾਰਟੀ ਰਾਂਹੀ ਖਹਿਰਾ ਕੁਝ ਵੀ ਨਹੀਂ ਕਰ ਪਾਉਣਗੇ। ਉਨ੍ਹਾਂ ਕਿਹਾ ਕਿ ਖਹਿਰਾ ਨੇ ਆਪ ਦਾ ਨੁਕਸਾਨ ਕਰਕੇ ਪਹਿਲਾਂ ਵੀ ਬੈਂਸ ਭਰਾਵਾਂ ਦਾ ਫਾਇਦਾ ਕੀਤਾ ਹੈ ਤੇ ਹੁਣ ਵੀ ਹਾਲਤ ਉਹ ਹੀ ਹਨ।

ਇਹ ਤਾਂ ਸੀ ਉਹ ਬਿਆਨ ਜਿਹੜਾ ਡਾਕਟਰ ਬਲਬੀਰ ਨੇ ਦਿੱਤਾ ਸੀ ਅਤੇ ਅਸੀਂ ਤੁਹਾਡੇ ਤੱਕ ਪਹੁੰਚਾ ਦਿੱਤਾ ਪਰ ਆਮ ਆਦਮੀ ਪਾਰਟੀ ਦੇ ਉੱਚ ਪੱਧਰੀ ਤੇ ਕੋਰ ਕਮੇਟੀ ਸੂਤਰਾਂ ਅਨੁਸਾਰ ਆਪ ਅੰਦਰ ਇਹ ਚਰਚਾ ਜੋਰ ਫੜ ਗਈ ਹੈ ਕਿ ਟਕਸਾਲੀਆਂ ਨਾਲ ਗਠਜੋੜ ਦੀ ਚਰਚਾ ਛੇੜਨਾ ਭਗਵੰਤ ਮਾਨ ਦੇ ਮਨ ਦਾ ਉਹ ਡਰ ਹੈ ਜਿਸ ਅਨੁਸਾਰ ਕਿਤੇ ਸੁਖਪਾਲ ਖਹਿਰਾ ਵੱਲੋਂ ਬਣਾਇਆ ਗਿਆ ਪੰਜਾਬ ਜਮਹੂਰੀ ਗਠਜੋੜ ਤੇ ਟਕਸਾਲੀਆਂ ਦੀ ਚੋਣ ਗਿੱਟ-ਮਿੱਟ ਕਿਤੇ ਸੰਗਰੂਰ ਹਲਕੇ ਤੋਂ ਕੋਈ ਉਮੀਦਵਾਰ ਨਾ ਖੜ੍ਹਾ ਕਰ ਦੇਵੇ। ਸੂਤਰਾਂ ਅਨੁਸਾਰ ਮਾਨ ਨੂੰ ਇਹ ਡਰ ਹੈ ਕਿ ਜੇਕਰ ਅਜਿਹਾ ਹੋਇਆ ਤਾਂ ਅਕਾਲੀਆਂ ਤੇ ਕਾਂਗਰਸੀਆਂ ਨੂੰ ਤਾਂ ਸ਼ਾਇਦ ਕੋਈ ਬਹੁਤਾ ਫਰਕ ਨਾ ਪਵੇ ਕਿਉਂਕਿ ਉਨ੍ਹਾਂ ਦਾ ਵੋਟ ਬੈਂਕ ਵੱਖਰਾ ਹੈ ਇਸ ਲਈ ਸਾਰਾ ਫਰਕ ਭਗਵੰਤ ਮਾਨ ਨੂੰ ਪਵੇਗਾ ਕਿਉਂਕਿ ਖਹਿਰਾ ‘ਆਪ’ ਦੀ ਵੋਟ ਤੋੜਨਗੇ।

ਇਸ ਲਈ ਉਹ ਕਿਸੇ ਅਜਿਹੇ ਮੋਢੇ ਦੀ ਤਲਾਸ਼ ਵਿੱਚ ਹਨ ਜਿਸ ਨਾਲ ਟੇਕ ਲਾ ਕੇ ਉਹ ਚੋਣ ਰੂਪੀ ਇਸ ਤਿਲਕਦੇ ਫਰਸ਼ ਤੇ ਤੁਰ ਕੇ ਪਾਰ ਲੰਘ ਜਾਣ। ਅਜਿਹੇ ਵਿੱਚ ਡਾਕਟਰ ਬਲਬੀਰ ਵੱਲੋਂ ਦਿੱਤਾ ਗਿਆ ਬਿਆਨ ਉਨ੍ਹਾਂ ਨੂੰ ਭੜਕਾਵੇਗਾ ਜਾਂ ਆਪਣੀ ਗਲਤੀ ਦਾ ਅਹਿਸਾਸ ਕਰਵਾਏਗਾ ਇਹ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹੈ ਪਰ ਇੰਨ੍ਹਾਂ ਜਰੂਰ ਹੈ ਕਿ ਡਾਕਟਰ ਬਲਬੀਰ ਨੇ ਵੀ ਮਾਨ ਵਿਰੁੱਧ ਬਿਆਨ ਦੇ ਕੇ ਆਪ ਜਰੂਰ ਪਾਰਟੀ ਦਾ ਅਨੁਸ਼ਾਸ਼ਨ ਤੋੜੇ ਜਾਣ ਦੇ ਇਲਜ਼ਾਮਾਂ ਦੀ ਜ਼ਮੀਨ ਤਿਆਰ ਕਰ ਲਈ ਹੈ।

Share this Article
Leave a comment