ਖਹਿਰਾ ਤੇ ਸੱਚੀਂ ਹੀ ਲੱਗਦੇ ਸੀ ‘ਆਪ’ ਵਾਲੇ, ਆਹ ਚੱਕੋ ਮਾਸਟਰ ਬਲਦੇਵ ਵੀ ਤਾਂ ਉਹੋ ਈ ਐ?

Prabhjot Kaur
4 Min Read

ਚੰਡੀਗੜ੍ਹ : ਜਿਸ ਵੇਲੇ ਆਮ ਆਦਮੀ ਪਾਰਟੀ ਨੇ ਆਪਣੇ ਆਗੂ ਸੁਖਪਾਲ ਖਹਿਰਾ ਨੂੰ ਪੰਜਾਬ ਵਿਧਾਨ ਸਭਾ ਵਿੱਚੋਂ ਵਿਰੋਧੀ ਧਿਰ ਦੇ ਆਗੂ ਵਾਲੇ ਅਹੁਦੇ ਤੋਂ ਹਟਾਇਆ ਸੀ, ਤਾਂ ਉਸ ਵੇਲੇ ਖਹਿਰਾ ਵਲੋਂ ਇਸਦਾ ਵਿਰੋਧ ਕਰਨ ਤੇ ‘ਆਪ’ ਵਾਲਿਆਂ ਨੇ ਖਹਿਰਾ ਨੂੰ ਇਹ ਕਹਿ ਕੇ ਭੰਡਿਆ ਸੀ ਕਿ ਇਹ ਤਾਂ ਜੀ ਕੁਰਸੀ ਅਤੇ ਅਹੁਦੇ ਦਾ ਭੁੱਖਾ ਆਗੂ ਹੈ। ਸਮਾਂ ਲੰਘਿਆ ਤੇ ਇਸ ਦੌਰਾਨ ਪਹਿਲਾਂ ਖਹਿਰਾ ਨੇ ‘ਆਪ’ ਦੀ ਮੁਢਲੀ ਮੈਂਬਰਸ਼ਿਪ ਛੱਡੀ, ਤੇ ਫਿਰ ਹੁਣ ਮਾਸਟਰ ਬਲਦੇਵ ਸਿੰਘ ਨੇ ਵੀ ‘ਆਪ’ ਨੂੰ ਟਾ-ਟਾ ਬਾਏ-ਬਾਏ ਕਹਿ ਕੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।  ਮਾਸਟਰ ਜੀ ਨੇ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਦਾ ਪੱਲਾ ਫੜ ਲਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ‘ਆਪ’ ਆਗੂਆਂ ਨੇ ਆਪਣੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਛੱਡਣ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਦਰਖ਼ਾਸਤ ਦੇ ਕੇ ਖਹਿਰਾ ਦੀ ਵਿਧਾਇਕੀ ਖਤਮ ਕਰਨ ਦੀ ਬੇਨਤੀ ਤਾਂ ਕਰ ਦਿੱਤੀ ਹੈ, ਪਰ ਮਾਸਟਰ ਬਲਦੇਵ ਸਿੰਘ ਦੇ ਮਾਮਲੇ ‘ਚ ਚੁੱਪੀ ਧਾਰੀ ਬੈਠੇ ਹਨ । ਦੋਸ਼ ਹੈ ਕਿ ‘ਆਪ’ ਵਾਲੇ ਮਾਸਟਰ ਬਲਦੇਵ ਸਿੰਘ ਦੇ ਮਾਮਲੇ ‘ਤੇ ਇਸ ਲਈ ਚੁੱਪ ਨੇ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ, ਕਿ ਫੂਲਕਾ ਤਾਂ ਪਹਿਲਾਂ ਹੀ ਅਸਤੀਫਾ ਦੇ ਚੁਕੇ ਹਨ, ਤੇ ਦੂਜੇ ਪਾਸੇ ਖਹਿਰਾ ਦੀ ਵਿਧਾਇਕੀ ਖਤਮ ਕਰਨ ਲਈ ਉਹ ਆਪ ਸਪੀਕਰ ਨੂੰ ਲਿਖ ਕੇ ਦੇ ਆਏ ਹਨ, ਅਜਿਹੇ ਵਿੱਚ ਜੇਕਰ ਮਾਸਟਰ ਬਲਦੇਵ ਸਿੰਘ ਦੀ ਵਿਧਾਇਕੀ ਵੀ ਖਤਮ ਹੋ ਗਈ ਤਾਂ ਉਨ੍ਹਾਂ ਹੱਥੋਂ ਵਿਧਾਨ ਸਭਾ ਅੰਦਰੋਂ ਵਿਰੋਧੀ ਧਿਰ ਦੇ ਆਗੂ ਵਾਲਾ ਅਹੁਦਾ ਖੁਸ ਕੇ ਅਕਾਲੀਆਂ ਦੇ ਹੱਥਾਂ ਚ ਚਲਾ ਜਾਵੇਗਾ। ਕਿਉਂ ਮੰਨਦੇ ਓ, ਫਿਰ ਦੋਸ਼ ਲਾਉਣ ਵਾਲਿਆਂ ਨੂੰ ?

ਦੱਸ ਦਈਏ ਕਿ ਮਾਸਟਰ ਬਲਦੇਵ ਸਿੰਘ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਬਰਸ਼ਿਪ ਛੱਡਣ ਵਾਲਾ ਅਸਤੀਫਾ ਪਾਰਟੀ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਹੈ, ਪਰ ‘ਆਪ’ ਦੇ ਐਲਓਪੀ ਹਰਪਾਲ ਸਿੰਘ ਚੀਮਾਂ ਨੇ ਇਹ ਕਹਿ ਕੇ ਇਸ ਮਾਮਲੇ ਤੇ ਸੌ ਘੜੇ ਪਾਣੀ ਪਾ ਦਿੱਤਾ ਹੈ ਕਿ ਉਨ੍ਹਾਂ ਨੂੰ ਤਾਂ ਮਾਸਟਰ ਜੀ ਦਾ ਅਸਤੀਫਾ ਅਜੇ ਮਿਲਿਆ ਹੀ ਨਹੀਂ ਹੈ। ਲਿਹਾਜ਼ਾ ਅਸਤੀਫਾ ਮਿਲਣ ਤੱਕ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਜਦਕਿ ਸੱਚਾਈ ਇਹ ਹੈ ਕਿ ਜਦੋਂ ਪਾਰਟੀਆਂ ਕਾਰਵਾਈ ਕਰਨ ਤੇ ਆਉਂਦੀਆਂ ਹਨ ਤਾਂ ਮੀਡੀਆ ਵਿੱਚ ਆਈਆਂ ਰਿਪੋਰਟਾਂ ਨੂੰ ਆਧਾਰ ਬਣਾ ਕੇ ਡਾ. ਗਾਂਧੀ ਕੁਲਬੀਰ ਸਿੰਘ ਜ਼ੀਰਾ ਅਤੇ ਇਹੋ ਜਿਹੇ ਪਤਾ ਨਹੀਂ ਹੋਰ ਸੈਂਕੜੇ ਲੋਕਾਂ ਵਾਂਗ ਆਪਣੇ ਆਗੂਆਂ ਨੂੰ ਪਾਰਟੀ ‘ਚੋਂ ਬਾਹਰ ਕੱਡ ਦਿੰਦਿਆਂ ਨੇ।

ਇਸ ਤੋਂ ਇਲਾਵਾ ਇੱਕ ਸੱਚਾਈ ਇਹ ਵੀ ਹੈ ਕਿ ਜਿਸ ਵੇਲੇ ‘ਆਪ’ ਨੇ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨੂੰ ਪਾਰਟੀ ਵਿੱਚੋਂ ਮੁਅੱਤਲ ਕੀਤਾ ਸੀ ਤਾਂ ਉਦੋਂ ਭਗਵੰਤ ਮਾਨ ਵਰਗੇ ‘ਆਪ’ ਆਗੂਆਂ ਨੇ ਇਹ ਕਹਿ ਕੇ ਦੋਹਾਂ ਦੀ ਮੁਅੱਤਲੀ ਨੂੰ ਜਾਇਜ਼ ਠਹਿਰਾਇਆ ਸੀ ਕਿ ਪਾਰਟੀ ਵਿੱਚ ਪੰਜਾਬ ਅੰਦਰੋਂ ਜਿਹੜੇ ਵੀ ਬਗਾਵਤੀ ਸੁਰ ਉੱਠੇ ਹਨ ਉਨ੍ਹਾਂ ਦੇ ਸੂਤਰਧਾਰ ਖਹਿਰਾ ਤੇ ਕੰਵਰ ਸੰਧੂ ਸਨ। ਪਰ ਉਦੋਂ ਵੀ ਬਾਕੀ ਦੇ ਪੰਜ ਵਿਧਾਇਕਾਂ ਵਿਰੁੱਧ ਕਾਰਵਾਈ ਕਰਨ ਤੋਂ ਇਸ ਲਈ ਬਚਿਆ ਗਿਆ  ਕਿਉਂਕਿ ਮਾਹਿਰਾਂ ਅਨੁਸਾਰ ਕਿੱਸਾ ਐਲਓਪੀ ਵਾਲਾ ਹੀ ਸੀ। ਕਿਹਾ ਉਦੋਂ ਵੀ ਗਿਆ ਸੀ ਕਿ ਜੇਕਰ ਬਾਕੀ ਦੇ ਪੰਜਾਂ ਨੂੰ ਵੀ ਮੁਅੱਤਲ ਕੀਤਾ ਗਿਆ ਤਾਂ ਉਸ ਤੋਂ ਬਾਅਦ ਬਾਕੀ ਦੇ ਪੰਜ ਵੀ ਖਹਿਰਾ ਨਾਲ ਰਲ ਕੇ ਵੱਖਰੀ ਪਾਰਟੀ ਬਣਾ ਲੈਣਗੇ ਤੇ ਉਨ੍ਹਾਂ ਹਾਲਾਤਾਂ ਵਿੱਚ ਵਿਰੋਧੀ ਧਿਰ ਦੇ ਆਗੂ ਵਾਲਾ ਆਹੁਦਾ ਅਕਾਲੀਆਂ ਕੋਲ ਚਲਾ ਜਾਵੇਗਾ। ਕੁੱਲ ਮਿਲਾ ਕੇ ਜੇ ਕਿੱਸਾ ਕੁਰਸੀ ਦਾ ਵਾਲਾ ਦੋਸ਼ ਖਹਿਰਾ ਤੇ ਲੱਗ ਸਕਦਾ ਹੈ ਤਾਂ ਅਜਿਹੇ ਹਲਾਤਾਂ ਵਿੱਚ ‘ਆਪ’ ਵਾਲਿਆਂ ਨੂੰ ਵੀ ਕੋਈ ਬਖ਼ਸ਼ ਦਏ ਤਾਂ ਇਸਦੀ ਉਮੀਦ ਕਰਨਾਂ ਬੇਮਾਨੀ ਹੈ।

Share this Article
Leave a comment