ਖਹਿਰਾ ਅੜੀ ਛੱਡੇ, ਤੇ ਬੀਬੀ ਖਾਲੜਾ ਨੂੰ ਅਜ਼ਾਦ ਉਮੀਦਵਾਰ ਐਲਾਨੇ : ਬ੍ਰਹਮਪੁਰਾ

TeamGlobalPunjab
2 Min Read

ਖਡੂਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ‘ਪੰਜਾਬ ਏਕਤਾ ਪਾਰਟੀ’ ਦੇ ਆਡਹੌਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਕਿਹਾ ਹੈ, ਕਿ ਉਹ ਹਲਕਾ ਖਡੂਰ ਸਾਹਿਬ ਤੋਂ ਆਪਣੀ ਪਾਰਟੀ ਦੀ ਲੋਕ ਸਭਾ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਅਜ਼ਾਦ ਉਮੀਦਵਾਰ ਨਾ ਐਲਾਨਣ ਦੀ ਅੜੀ ਛੱਡ ਦੇਣ। ਉਨ੍ਹਾਂ ਕਿਹਾ ਕਿ ਹੋਰ ਬਹੁਤ ਸਾਰੀਆਂ ਭਰਾਤਰੀ ਸੋਚ ਵਾਲੀਆਂ ਜਥੇਬੰਦੀਆਂ ਤੇ ਪਾਰਟੀਆਂ ਬੀਬੀ ਖਾਲੜਾ ਦੇ ਹੱਕ ਵਿੱਚ ਆਉਣਾ ਚਾਹੁੰਦੀਆਂ ਹਨ, ਪਰ ਉਹ ਇਸ ਲਈ ਨਹੀਂ ਆ ਰਹੀਆਂ ਕਿਉਂਕਿ ਉਨ੍ਹਾਂ ਦੀ ਸੋਚ ਸੁਖਪਾਲ ਸਿੰਘ ਖਹਿਰਾ ਨਾਲ ਨਹੀਂ ਮਿਲਦੀ।

ਰਣਜੀਤ ਸਿੰਘ ਬ੍ਰਹਪੁਰਾ ਅਨੁਸਾਰ ਉਨ੍ਹਾਂ ਨੇ ਖਹਿਰਾ ਦੇ ਕਹਿਣ ‘ਤੇ ਆਪਣੇ ਉਮੀਦਵਾਰ ਜਨਰਲ ਜੇ ਜੇ ਸਿੰਘ ਨੂੰ ਇਸ ਲਈ ਵਾਪਸ ਲੈ ਲਿਆ ਸੀ ਕਿਉਂਕਿ ਉਹ ਇਨ੍ਹਾਂ ਚੋਣਾਂ ਵਿੱਚ ਬੀਬੀ ਖਾਲੜਾ ਦੇ ਹੱਥ ਮਜਬੂਤ ਕਰਨਾ ਚਾਹੁੰਦੇ ਸਨ, ਤੇ ਜਦੋਂ ਹੁਣ ਉਨ੍ਹਾਂ ਨੇ ਅਜਿਹਾ ਕਰ ਦਿੱਤਾ ਹੈ ਤਾਂ ਹੁਣ ਖਹਿਰਾ ਬੀਬੀ ਖਾਲੜਾ ਨੂੰ ਅਜ਼ਾਦ ਉਮੀਦਵਾਰ ਵਜੋਂ ਐਲਾਨਣ ‘ਤੇ ਝਿਜਕ ਰਹੇ ਹਨ। ਬ੍ਰਹਮਪੁਰਾ ਅਨੁਸਾਰ ਉਨ੍ਹਾਂ ਨੇ ਬੀਬੀ ਖਾਲੜਾ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ, ਪਰ ਜੇਕਰ ਬੀਬੀ ਜੀ ‘ਪੰਜਾਬ ਏਕਤਾ ਪਾਰਟੀ’ ਦੇ ਉਮੀਦਵਾਰ ਬਣੇ ਰਹਿੰਦੇ ਹਨ ਤਾਂ ਕੁਝ ਹੋਰ ਭਰਾਤਰੀ ਸੋਚ ਵਾਲੀਆਂ ਪਾਰਟੀਆਂ ਉਨ੍ਹਾਂ ਦਾ ਸਮਰਥਨ ਕਰਨ ਨੂੰ ਤਿਆਰ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਪਾਰਟੀਆਂ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ।

ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਇਹ ਭਰੋਸਾ ਦਿੱਤਾ ਸੀ ਕਿ ਜੇਕਰ ਬੀਬੀ ਖਾਲੜਾ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਦੇ ਹਨ ਤਾਂ ਉਹ ਉਨ੍ਹਾਂ ਦਾ ਸਮਰਥਨ ਕਰਨਗੇ। ਬ੍ਰਹਮਪੁਰਾ ਨੇ ਕਿਹਾ ਕਿ ਇਸੇ ਤਰ੍ਹਾਂ ਕੁਝ ਹੋਰ ਪਾਰਟੀਆਂ ਤੇ ਮਨੁੱਖੀ ਅਧਿਕਾਰ ਸੰਸਥਾਵਾਂ ਵੀ ਬੀਬੀ ਖਾਲੜਾ ਦਾ ਸਮਰਥਨ ਕਰ ਸਕਦੀਆਂ ਹਨ। ਬ੍ਰਹਮਪੁਰਾ ਅਨੁਸਾਰ ਹਲਕਾ ਖਡੂਰ ਸਾਹਿਬ ਵਿੱਚ ਆਮ ਆਦਮੀ ਪਾਰਟੀ ਦਾ ਵੱਡਾ ਅਧਾਰ ਹੈ। ਜੇਕਰ ‘ਆਪ’ ਵਾਲੇ ਇੱਥੋਂ ਵੱਖਰੇ ਤੌਰ ‘ਤੇ ਚੋਣ ਲੜਦੇ ਹਨ ਤਾਂ ਇਸ ਨਾਲ ਵੋਟਾਂ ਵੰਡੀਆਂ ਜਾਣਗੀਆਂ ਜਿਸ ਦਾ ਸਿੱਧਾ ਫਾਇਦਾ ਦੋਵੇਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੂੰ ਜਾਵੇਗਾ।

Share this Article
Leave a comment