ਕੈਮੀਕਲ ਪਲਾਂਟ ‘ਚ ਧਮਾਕੇ ਕਾਰਨ ਹੁਣ ਤੱਕ 47 ਮੌਤਾਂ

Prabhjot Kaur
1 Min Read

ਬੀਜਿੰਗ: ਚੀਨ ਦੇ ਯਾਂਚੇਂਗ ਸ਼ਹਿਰ ਵਿੱਚ ਸਥਿਤ ਕੈਮੀਕਲ ਪਲਾਂਟ ਵਿੱਚ ਧਮਾਕਾ ਹੋਣ ਕਾਰਨ 47 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਚੀਨ ਦੀ ਖ਼ਬਰ ਏਜੰਸੀ ਸਿੰਹੂਆ ਮੁਤਾਬਕ ਧਮਾਕੇ ਵਿੱਚ 640 ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ, ਜਿਨ੍ਹਾਂ ਵਿੱਚੋਂ 90 ਤੋਂ ਵੱਧ ਗੰਭੀਰ ਹਨ। ਸਥਾਨਕ ਸਮੇਂ ਮੁਤਾਬਕ ਧਮਾਕਾ ਵੀਰਵਾਰ ਬਾਅਦ ਦੁਪਹਿਰ 2:50 ‘ਤੇ ਹੋਇਆ।

ਕੀਟਨਾਸ਼ਕ ਤੇ ਖਾਦ ਦਾ ਉਤਪਾਦਨ ਕਰਨ ਵਾਲੀ ਜਿਆਂਗਸੂ ਤਿਆਂਜੇਅਈ ਕੈਮੀਕਲ ਕੰਪਨੀ ਵਿੱਚ ਧਮਾਕਾ ਹੋਣ ਕਾਰਨ ਭਿਅੰਕਰ ਅੱਗ ਲੱਗ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜਲੀਆਂ ਥਾਵਾਂ ‘ਤੇ ਭੂਚਾਲ ਦੇ ਝਟਕੇ ਮਹਿਸੂਸ ਹੋਏ। ਰਿਕਟਰ ਪੈਮਾਨੇ ‘ਤੇ ਇਨ੍ਹਾਂ ਦੀ ਝਟਕਿਆਂ ਦੀ ਤਾਕਤ 2.2 ਦਰਜ ਕੀਤੀ ਗਈ।

ਧਮਾਕੇ ਕਾਰਨ ਨੇੜੇ ਤੇੜੇ ਇਮਾਰਤਾਂ ਦੇ ਸ਼ੀਸ਼ੇ ਵੀ ਟੁੱਟ ਗਏ।ਬਚਾਅ ਕਰਮੀਆਂ ਨੇ ਪਲਾਂਟ ਦੇ 3,000 ਕਾਮਿਆਂ ਅਤੇ ਨੇੜੇ ਵੱਸਦੇ 1,000 ਸ਼ਹਿਰੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। ਯਾਂਚੇਂਗ ਦਾ ਇਹ ਧਮਾਕਾ ਦੇਸ਼ ਦੇ ਸਭ ਤੋਂ ਭਿਆਨਕ ਸਨਅਤੀ ਦੁਰਘਟਨਾਵਾਂ ਵਿੱਚੋਂ ਇੱਕ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਜ਼ਖ਼ਮੀ ਹੋਣ ਕਾਰਨ ਮੌਤਾਂ ਦੀ ਗਿਣਤੀ ਵੱਧ ਵੀ ਸਕਦੀ ਹੈ।

Share this Article
Leave a comment