ਕੈਪਟਨ-ਸਿੱਧੂ ਵਿਵਾਦ : ਮਸਲਾ ਹੱਲ ਨਾ ਹੋਇਆ ਤਾਂ ਬਦਲੇਗਾ ਕੈਪਟਨ-ਰਾਹੁਲ ਵਿਵਾਦ ਵਿੱਚ?

TeamGlobalPunjab
4 Min Read

ਚੰਡੀਗੜ੍ਹ : ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਜ਼ਾਰਤੀ ਫੇਰਬਦਲ ਦੌਰਾਨ ਕੈਬਨਿੱਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਵਿਭਾਗ ਤਾਂ ਬਦਲ ਦਿੱਤਾ ਹੈ, ਪਰ ਉਹ ਇਸ ਗੱਲ ਤੋਂ ਨਰਾਜ਼ ਚੱਲੇ ਆ ਰਹੇ ਹਨ, ਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਨੂੰ ਕਰਨ ਤੋਂ ਬਾਅਦ ਅਜੇ ਤੱਕ ਆਪਣੇ ਨਵੇਂ ਬਿਜਲੀ ਵਿਭਾਗ ਦਾ ਚਾਰਜ ਨਹੀਂ ਸੰਭਾਲਿਆ ਹੈ, ਤੇ ਸੂਤਰਾਂ ਅਨੂਸਾਰ ਦੂਜੇ ਪਾਸੇ ਰਾਹੁਲ ਗਾਂਧੀ ਵੱਲੋਂ ਇਸ ਮਸਲੇ ਦਾ ਹੱਲ ਕੱਢਣ ਲਈ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਪਰ ਇੱਥੇ ਸਵਾਲ ਇਹ ਹੈ ਕਿ ਕੈਪਟਨ ਅਤੇ ਸਿੱਧੂ ਦੋਵਾਂ ਵਿੱਚੋਂ ਇਸ ਵੇਲੇ ਝੁਕੇਗਾ ਕੌਣ? ਕੁੱਲ ਮਿਲਾ ਕੇ ਹਾਲਾਤ ਇਹ ਹਨ ਕਿ ਜੇਕਰ ਨਵਜੋਤ ਸਿੰਘ ਸਿੱਧੂ ਦੀ ਗੱਲ ਨਾ ਸੁਣੀ ਗਈ ਤਾਂ ਉਹ ਅਸਤੀਫਾ ਦੇ ਸਕਦੇ ਹਨ ਤੇ ਦੇਸ਼ ਵਿੱਚ ਚੋਣਾਂ ‘ਚ ਹੋਈ ਹਾਰ ਤੋਂ ਬਾਅਦ ਬਾਕੀ ਸੂਬਿਆਂ ਵਿੱਚ ਪਾਰਟੀ ਅੰਦਰ ਹੋਈ ਆਪਸੀ ਖੈਹਬਾਜੀ ਅਤੇ ਬਗਾਵਤ ਨੂੰ ਦੇਖਦਿਆਂ ਕਾਂਗਰਸ ਹਾਈ ਕਮਾਂਡ ਮੌਜੂਦਾ ਸਮੇਂ ਇੰਨਾ ਕਮਜੋਰ ਮੰਨਿਆ ਜਾ ਰਿਹਾ ਹੈ ਕਿ ਉਹ ਕੈਪਟਨ ਵਰਗੇ 8 ਸੀਟਾਂ ਜਿਤਾਉਣ ਵਾਲੇ ਆਗੂ ਨੂੰ ਕੋਈ ਵੀ ਗੱਲ ਜੋਰ ਜਬਰਦਸਤੀ ਨਾਲ ਮਨਾਉਣ ਦੀ ਹਾਲਤ ਵਿੱਚ ਨਹੀਂ ਹੈ। ਅਜਿਹੇ ਵਿੱਚ ਜੇਕਰ ਰਾਹੁਲ ਗਾਂਧੀ ਦੀ ਗੱਲ ਮੰਨ ਕੇ ਇਸ ਵਿਵਾਦ ਨੂੰ ਕਿਸੇ ਸਿਰੇ ਨਾ ਲਾਇਆ ਗਿਆ ਤਾਂ ਸੂਤਰਾਂ ਅਨੁਸਾਰ ਕੈਪਟਨ ਸਿੱਧੂ ਦਾ ਇਹ ਵਿਵਾਦ ਭਵਿੱਖ ਵਿੱਚ ਰਾਹੁਲ ਕੈਪਟਨ ਵਿਵਾਦ ਦਾ ਰੂਪ ਧਾਰਨ ਕਰ ਲਵੇਗਾ। ਉਨ੍ਹਾਂ ਹਾਲਾਤਾਂ ਵਿੱਚ ਪਾਰਟੀ ਦੀ ਪੰਜਾਬ ਅਤੇ ਦੇਸ਼ ਅੰਦਰ ਕੀ ਹਾਲਤ ਹੋਵੇਗੀ, ਉਸ ਦਾ ਅੰਦਾਜਾ ਲਾਉਣ ਤੋਂ ਬਾਅਦ ਕਾਂਗਰਸ ਹਿਤਾਇਸ਼ੀ ਅਜਿਹੇ ਕਿਸੇ ਵਿਵਾਦ ਦੇ ਨਾ ਉਠਣ ਦੀਆਂ ਅਰਦਾਸਾਂ ਕਰ ਰਹੇ ਹਨ।

ਦੱਸ ਦਈਏ ਕਿ ਬੀਤੇ ਦਿਨੀਂ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਜ਼ਾਰਤੀ ਫੇਰਬਦਲ ਕਰਦਿਆਂ ਸਿੱਧੂ ਤੋਂ ਉਨ੍ਹਾਂ ਦਾ ਸਥਾਨਕ ਸਰਕਾਰਾਂ ਵਿਭਾਗ ਖੋਹ ਕੇ ਉਨ੍ਹਾਂ ਨੂੰ ਬਿਜਲੀ ਮਹਿਕਮਾਂ ਦੇ ਦਿੱਤਾ ਸੀ। ਸਿੱਧੂ ਬਾਰੇ ਕੈਪਟਨ ਨੇ ਲੰਘੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਿਹਾ ਸੀ ਕਿ ਸਥਾਨਕ ਸਰਕਾਰਾਂ ਵਿਭਾਗ ਦੀ ਸ਼ਹਿਰਾਂ ਅੰਦਰ ਮਾੜੀ ਕਾਰਗੁਜਾਰੀ ਕਾਰਨ ਹੀ ਕਾਂਗਰਸ ਪਾਰਟੀ ਨੂੰ ਸ਼ਹਿਰਾਂ ਅੰਦਰ ਘੱਟ ਵੋਟਾਂ ਪਈਆਂ ਹਨ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਭਾਵੇਂ ਪੱਤਰਕਾਰ ਸੰਮੇਲਨ ਕਰ ਕਰ ਕੇ ਕੈਪਟਨ ਵੱਲੋਂ ਕੀਤੇ ਗਏ ਦਾਅਵਿਆਂ ਨੂੰ ਗਲਤ ਠਹਿਰਾਉਣ ਦੀ ਸਬੂਤਾਂ ਸਮੇਤ ਕੋਸ਼ਿਸ਼ ਕੀਤੀ ਸੀ, ਪਰ ਕੈਪਟਨ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ ਤੇ ਸਿੱਧੂ ਤੋਂ ਉਨ੍ਹਾਂ ਦਾ ਸਥਾਨਕ ਸਰਕਾਰਾਂ ਵਿਭਾਗ ਖੋਹ ਕੇ ਸਿੱਧੂ ਨੂੰ ਬਿਜਲੀ ਵਿਭਾਗ ਦੇ ਦਿੱਤਾ ਸੀ। ਇਸ ਤੋਂ ਨਰਾਜ਼ ਸਿੱਧੂ ਨੇ ਰਾਹੁਲ ਅਤੇ ਪ੍ਰਿਯੰਕਾਂ ਗਾਂਧੀ ਨੂੰ ਇਸ ਮਾਮਲੇ ਤੇ ਲਿਖਤੀ ਸ਼ਿਕਾਇਤ ਦਿੱਤੀ ਸੀ, ਜਿਸ ਬਾਰੇ ਪਤਾ ਲੱਗਾ ਹੈ ਕਿ ਰਾਹੁਲ ਨੇ ਇਸ ਵਿਵਾਦ ਨੂੰ ਹੱਲ ਕਰਨ ਦੀ ਜਿੰਮੇਵਾਰੀ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਨੂੰ ਦਿੱਤੀ ਸੀ। ਸੂਤਰਾਂ ਅਨੁਸਾਰ ਕੈਪਟਨ ਛੁੱਟੀਆਂ ਖਤਮ ਹੋਣ ਤੋਂ ਬਾਅਦ ਹਿਮਾਚਲ ਦੀਆਂ ਠੰਡੀਆਂ ਵਾਦੀਆਂ ਤੋਂ ਵਾਪਸ ਮੁੜ ਆਏ ਹਨ ਤੇ ਉਨ੍ਹਾਂ ਦੇ ਦਿੱਲੀ ਵਿੱਚ ਅਹਿਮਦ ਪਟੇਲ ਨੂੰ ਮਿਲਣ ਦੀ ਵੀ ਪੂਰੀ ਸੰਭਾਵਨਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਦੇ ਦੂਤ ਅਹਿਮਦ ਪਟੇਲ ਦੀ ਗੱਲ ਮੰਨਦੇ ਹਨ ਕਿ ਨਹੀਂ?

 

Share this Article
Leave a comment