ਕੈਪਟਨ ਦੀ ਬਾਦਲ ਨੂੰ ਚੇਤਾਵਨੀ, ਬੇਫਿਕਰ ਰਹੋ, ਕਰਾਂਗੇ ਗ੍ਰਿਫਤਾਰ, ਡਰਾਮੇ ਬੰਦ ਕਰੋ !

Prabhjot Kaur
2 Min Read

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਵਿੱਚ ਆਪਣੀ ਗ੍ਰਿਫਤਾਰੀ ਲਈ ਚੰਡੀਗੜ੍ਹ ‘ਚ ਡੇਰੇ ਲਾ ਲੈਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ‘ਤੇ ਗੁੱਸਾ ਆ ਗਿਆ ਹੈ। ਬਾਦਲ ਦੇ ਇਸ ਕਦਮ ਨੂੰ ਡਰਾਮਾ ਕਰਾਰ ਦਿੰਦਿਆਂ ਕੈਪਟਨ ਨੇ ਕਿਹਾ ਹੈ ਕਿ ਬਾਦਲ ਨਾਟਕ ਕਰਨੇ ਬੰਦ ਕਰੇ। ਉਨ੍ਹਾਂ ਕਿਹਾ ਕਿ ਬਾਦਲ ਦਾ ਤਾਜ਼ਾ ਬਿਆਨ ਇਹ ਸਾਬਤ ਕਰਦਾ ਹੈ ਕਿ ਉਹ ਬੁਰੀ ਤਰ੍ਹਾਂ ਘਬਰਾ ਚੁੱਕਿਆ ਹੈ ਤੇ ਉਹ ਬਾਦਲ ਨੂੰ ਇਹ ਕਹਿਣਾ ਚਾਹੁੰਦੇ ਹਨ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਨਾਟਕ ਅਕਾਲੀਆਂ ਨੂੰ ਉਨ੍ਹਾਂ ਦੀ ਗਵਾਚੀ ਸਿਆਸੀ ਜ਼ਮੀਨ ਹਾਸਲ ਕਰਨ ਵਿੱਚ ਕੋਈ ਮਦਦ ਨਹੀਂ ਕਰਨ ਵਾਲੇ। ਮੁੱਖ ਮੰਤਰੀ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਹੋਰ ਡਰਾਮੇਬਾਜ਼ੀ ਹੈ ਤੇ ਅਜਿਹੇ ਡਰਾਮੇ ਕਰਨਾ ਬਾਦਲ ਦੀ ਆਦਤ ਹੈ। ਕੈਪਟਨ ਅਨੁਸਾਰ ਉਨ੍ਹਾਂ ਨੇ ਗੋਲੀ ਅਤੇ ਬੇਅਦਬੀ ਕਾਂਡ  ਦੇ ਸਬੰਧ ਵਿੱਚ ਕਦੇ ਵੀ ਨਾ ਤਾਂ ਬਾਦਲ ਦਾ ਨਾਂ ਲਿਆ ਹੈ ਤੇ ਨਾ ਕਿਸੇ ਹੋਰ ਦਾ। ਪਰ ਇਸ ਦੇ ਬਾਵਜੂਦ ਬਾਦਲ ਦੀ ਪ੍ਰਤੀਕਿਰਿਆ ਇਹ ਪ੍ਰਗਟਾਉਂਦੀ ਹੈ ਕਿ ਉਹ ਗੁਨਾਹਗਾਰ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੋਲੀ ਅਤੇ ਬੇਅਦਬੀ ਕਾਂਡ ਦੀ ਜਾਂਚ ਕਰਨ ਲਈ ਐਸਆਈਟੀ ਬਣਾਉਣ ਦਾ ਫੈਸਲਾ ਪੰਜਾਬ ਵਿਧਾਨ ਸਭਾ ਵਿੱਚ ਕੀਤਾ ਗਿਆ ਸੀ ਤੇ ਇਹ ਜਾਂਚ ਏਜੰਸੀ ਬਿਲਕੁਲ ਅਜ਼ਾਦਾਨਾ ਢੰਗ ਨਾਲ ਬਿਨਾਂ ਕਿਸੇ ਦਖ਼ਲ ਅੰਦਾਜੀ ਤੋਂ ਆਪਣਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸ ਨੂੰ ਜਾਂਚ ‘ਚ ਸ਼ਾਮਲ ਕਰਨਾ ਹੈ ਤੇ ਕਿਸ ਨੂੰ ਗ੍ਰਿਫਤਾਰ, ਇਸ ਦਾ ਫੈਸਲਾ ਇਸ ਏਜੰਸੀ ਨੇ ਕਰਨਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਵਿੱਚ ਜਿਹੜੇ ਵੀ ਲੋਕ ਬੇਕਸੂਰ ਲੋਕਾਂ ਨੂੰ ਕਤਲ ਕਰਨ ਦੇ ਦੋਸ਼ੀ ਪਾਏ ਜਾਣਗੇ, ਉਹ ਭਾਵੇਂ ਜਿੰਨੇ ਵੀ ਵੱਡੇ ਸਿਆਸਤਦਾਨ ਜਾਂ ਕਿੰਨੇ ਵੱਡੇ ਅਹੁਦੇ ‘ਤੇ ਕਿਉਂ ਨਾ ਬੈਠੇ ਹੋਣ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

Share this Article
Leave a comment