ਕੈਨੇਡਾ ਦੇ ਸੂਬੇ ‘ਚ ਸਿੱਖ ਦਸਤਾਰ ਸਮੇਤ ਹੋਰ ਧਾਰਮਿਕ ਚਿੰਨ੍ਹਾਂ ’ਤੇ ਲੱਗੀ ਰੋਕ

TeamGlobalPunjab
2 Min Read

ਮਾਂਟਰੀਅਲ: ਕੈਨੇਡਾ ਦੇ ਕਿਊਬੇਕ ਸੂਬੇ ‘ਚ ਵੀ ਸਰਕਾਰੀ ਕਰਮਚਾਰੀਆਂ ਦੇ ਧਾਰਮਿਕ ਪਹਿਰਾਵੇ ‘ਤੇ ਰੋਕ ਲਗਾ ਦਿੱਤੀ ਗਈ ਹੈ। ਧਰਮ–ਨਿਰਪੱਖਤਾ ਦੇ ਨਾਂਅ ’ਤੇ ਇੱਕ ਅਜਿਹਾ ‘ਵਿਵਾਦਗ੍ਰਸਤ’ ਬਿਲ ਪਾਸ ਕੀਤਾ ਹੈ ਕਿ ਜਿਸ ਕਾਰਨ ਕੋਈ ਸਿੱਖ ਸਰਕਾਰੀ ਮੁਲਾਜ਼ਮ ਦਸਤਾਰ ਨਹੀਂ ਸਜਾ ਸਕੇਗਾ, ਕੋਈ ਮੁਸਲਿਮ ਔਰਤ ਆਪਣਾ ਹਿਜਾਬ ਨਹੀਂ ਪਹਿਨ ਸਕੇਗੀ, ਕੋਈ ਮਸੀਹੀ (ਈਸਾਈ) ਆਪਣੇ ਗਲ਼ੇ ਵਿੱਚ ਸਲੀਬ ਲਟਕਾ ਕੇ ਨਹੀਂ ਜਾ ਸਕੇਗਾ ਤੇ ਇੰਝ ਹੀ ਕੋਈ ਹਿੰਦੂ ਔਰਤ ਆਪਣੇ ਮੱਥੇ ’ਤੇ ਬਿੰਦੀ ਵੀ ਨਹੀਂ ਲਾ ਸਕੇਗੀ। ਉਸੇ ਤਰ੍ਹਾਂ ਪਾਰਸੀ, ਯਹੂਦੀ ਕਿਸੇ ਵੀ ਧਰਮ ਦਾ ਕੋਈ ਵਿਅਕਤੀ ਆਪਣੇ ਧਾਰਮਿਕ ਚਿੰਨ੍ਹ ਦਾ ਪ੍ਰਦਰਸ਼ਨ ਕਰਦਾ ਹੋਇਆ ਆਪਣੀ ਡਿਊਟੀ ਉੱਤੇ ਹਾਜ਼ਰ ਨਹੀਂ ਹੋ ਸਕੇਗਾ।

ਇਸ ‘ਬਿੱਲ 21’ ਨੂੰ ਐਤਵਾਰ ਨੂੰ ਪਾਸ ਕੀਤਾ ਗਿਆ। ਇਸ ਤੋਂ ਪਹਿਲਾਂ ਕਿਊਬੇਕ ਦੀ ਨੈਸ਼ਨਲ ਅਸੈਂਬਲੀ ਵਿੱਚ ਇਸ ਬਿੱਲ ਉੱਤੇ ਬਹੁਤ ਲੰਮੇਰੀ ਬਹਿਸ ਹੋਈ। ਫਿਰ ਇਸ ਬਿੱਲ ਦੇ ਹੱਕ ਵਿੱਚ 75 ਤੇ ਖਿ਼ਲਾਫ਼ 35 ਵੋਟਾਂ ਪਈਆਂ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਤੇ ਵਿਰੋਧੀ ਧਿਰ ਦੇ ਆਗੂ ਐਂਡ੍ਰਿਊ ਸ਼ੀਅਰ ਤੇ ਜਗਮੀਤ ਸਿੰਘ ਜਿਹੇ ਰਾਸ਼ਟਰੀ ਪੱਧਰ ਦੇ ਆਗੂ ਵੀ ਇਸ ਬਿੱਲ ਦਾ ਸਖ਼ਤ ਵਿਰੋਧ ਕਰ ਚੁੱਕੇ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ ਇਸ ਬਿੱਲ ਕਾਰਨ ਖ਼ਾਸ ਕਰਕੇ ਸਕੂਲ ਅਧਿਆਪਕ, ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ, ਪੁਲਿਸ ਅਧਿਕਾਰੀ, ਜੱਜ ਤੇ ਹੋਰ ਕਾਨੂੰਨੀ ਅਧਿਕਾਰੀ ਪ੍ਰਭਾਵਿਤ ਹੋਣਗੇ। ‘ਮਾਂਟਰੀਅਲ ਗ਼ਜ਼ਟ’ ਦੀ ਰਿਪੋਰਟ ਮੁਤਾਬਕ ਇਸ ਗੱਲ ਉੱਤੇ ਵੀ ਚੌਕਸ ਨਜ਼ਰ ਰੱਖੀ ਜਾਵੇਗੀ ਕਿ ਕੀ ਸਾਰੇ ਮੁਲਾਜ਼ਮ ਇਸ ਨਵੇਂ ਨਿਯਮ ਦੀ ਪਾਲਣਾ ਕਰ ਵੀ ਰਹੇ ਹਨ ਜਾਂ ਨਹੀਂ।

Share this Article
Leave a comment