ਕੁੰਵਰ ਵਿਜੇ ਦੇ ਤਬਾਦਲੇ ‘ਤੇ ਕਸੂਤੀ ਫਸੀ ਕੈਪਟਨ ਸਰਕਾਰ, ਚੋਣ ਕਮਿਸ਼ਨ ਨੇ ਕਰ ਲੀ ਜਵਾਬਤਲਬੀ

TeamGlobalPunjab
8 Min Read

ਚੰਡੀਗੜ੍ਹ : ਲੰਘੀਆਂ ਚੋਣਾਂ ਦੌਰਾਨ ਸੂਬਾ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਤੋਂ ਬਾਅਦ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ ਜਾਂਚ ਟੀਮ (ਐਸਆਈਟੀ) ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਚੋਣ ਕਮਿਸ਼ਨ ਦੇ ਹੁਕਮਾਂ ‘ਤੇ ਸੂਬਾ ਸਰਕਾਰ ਵੱਲੋਂ ਕੀਤੇ ਗਏ ਤਬਾਦਲੇ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਕਮਿਸ਼ਨ ਨੇ ਅਕਾਲੀ ਦਲ ਵੱਲੋਂ ਇਸ ਤਬਾਦਲੇ ਨੂੰ ਲੈ ਕੇ ਚੁਕੇ ਗਏ ਸਵਾਲਾਂ ਤੋਂ ਬਾਅਦ ਸੂਬਾ ਸਰਕਾਰ ਦੀ ਜਵਾਬਤਲਬੀ ਕਰਦਿਆਂ ਵਿਸਥਾਰਪੂਰਵਕ ਰਿਪੋਰਟ ਮੰਗੀ ਹੈ। ਅਕਾਲੀਆਂ ਨੇ ਇਹ ਦੋਸ਼ ਲਾ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ, ਕਿ ਕਮਿਸ਼ਨ ਦੇ ਹੁਕਮਾਂ ਦੇ ਬਾਵਜੂਦ ਸੂਬਾ ਸਰਕਾਰ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਨਹੀਂ ਕੀਤਾ, ਤੇ ਇੰਝ ਇਹ ਸੰਵਿਧਾਨਿਕ ਸੰਸਥਾ ਦੀ ਹੁਕਮਅਦੂਲੀ ਹੈ।

ਇਸ ਸਬੰਧ ਵਿੱਚ ਚੋਣ ਕਮਿਸ਼ਨ ਦੇ ਸਕੱਤਰ ਰਾਹੁਲ ਸ਼ਰਮਾਂ ਨੇ ਆਪਣੇ ਪੱਤਰ ਨੰਬਰ 437/ PB-HP-2019 (NS-1) ਰਾਹੀਂ ਪੰਜਾਬ ਦੇ ਮੁੱਖ ਸਕੱਤਰ ਨੂੰ ਕਿਹਾ ਹੈ ਕਿ ਲੰਘੀ 4 ਜੂਨ 2019 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਐਮਪੀ ਅਤੇ ਸੀਨੀਅਰ ਮੀਤ ਪ੍ਰਧਾਨ ਨਰੇਸ਼ ਗੁਜ਼ਰਾਲ ਅਤੇ ਕੁਝ ਹੁਰਾਂ ਵੱਲੋਂ ਚੋਣ ਕਮਿਸ਼ਨ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਚੋਣ ਕਮਿਸ਼ਨ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਸਬੰਧੀ ਦਿੱਤੇ ਗਏ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ। ਇਸ ਲਈ ਉਹ 7 ਜੂਨ ਤੱਕ ਵਿਸਥਾਰਪੂਰਵਕ ਰਿਪੋਰਟ ਬਣਾ ਕੇ ਇਸ ਮਾਮਲੇ ਨਾਲ ਸਬੰਧਤ ਦਸਤਾਵੇਜ਼ਾਂ ਸਣੇ ਚੋਣ ਕਮਿਸ਼ਨ ਨੂੰ ਭੇਜਣ।

ਦੱਸ ਦਈਏ ਕਿ ਐਸਆਈਟੀ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਖਿਲਾਫ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਇਹ ਦੋਸ਼ ਲਾਇਆ ਸੀ ਕਿ ਇਹ ਪੁਲਿਸ ਅਧਿਕਾਰੀ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਸਬੰਧੀ ਸਿਆਸਤ ਤੋਂ ਪ੍ਰੇਰਿਤ ਹੋ ਕੇ ਕੰਮ ਕਰ ਰਿਹਾ ਹੈ। ਜਿਸ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਚੋਣਾਂ ਦੌਰਾਨ ਸਿਆਸੀ ਨੁਕਸਾਨ ਹੋ ਸਕਦਾ ਹੈ। ਲਿਹਾਜਾ ਇਸ ਅਧਿਕਾਰੀ ਦਾ ਇਨ੍ਹਾਂ ਕੇਸਾਂ ਦੀ ਜਾਂਚ ਤੋਂ ਤਬਾਦਲਾ ਕੀਤਾ ਜਾਵੇ। ਅਕਾਲੀ ਦਲ ਦੀ ਇਸ ਸ਼ਿਕਾਇਤ ਤੋਂ ਬਾਅਦ 5 ਅਪ੍ਰੈਲ ਵਾਲੇ ਦਿਨ ਚੋਣ ਕਮਿਸ਼ਨ ਨੇ ਇਕ ਲਿਖਤੀ ਹੁਕਮ ਜਾਰੀ ਕਰਦਿਆਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੇ ਕੇਸਾਂ ਦੀ ਜਾਂਚ ਤੋਂ ਤਬਾਦਲਾ ਕਰ ਦਿੱਤਾ ਸੀ। ਪਰ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਆਗੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਨੂੰ ਲੈ ਕੇ ਅਕਾਲੀ ਦਲ ਖਿਲਾਫ ਖੁੱਲ੍ਹ ਕੇ ਬਿਆਨਬਾਜ਼ੀ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਗੱਲਾਂ ਹੀ ਗੱਲਾਂ ਵਿੱਚ ਅਕਾਲੀਆਂ ਨੂੰ ਅੱਖਾਂ ਕੱਢਦਿਆਂ ਕਈ ਵਾਰ ਸਟੇਜ਼ਾਂ ਤੋਂ ਇਹ ਧਮਕੀਆਂ ਦਿੱਤੀਆਂ ਸਨ ਕਿ ਕੋਈ ਗੱਲ ਨਹੀਂ ਚੋਣਾਂ ਖਤਮ ਹੋ ਲੈਣ ਦਿਓ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਫਿਰ ਇਸ ਕੇਸ ਦੀ ਜਾਂਚ ‘ਤੇ ਲਾਵਾਂਗਾ, ਉਹ ਹੀ ਤੁਹਾਨੂੰ ਫੜ ਕੇ ਅੰਦਰ ਕਰੇਗਾ।

ਇਸ ਤੋਂ ਬਾਅਦ ਮੁੱਖ ਮੰਤਰੀ ਨੇ ਲੋਕਾਂ ਨਾਲ ਕੀਤਾ ਵਾਅਦਾ ਨਿਭਾਉਂਦਿਆਂ ਚੋਣ ਜਾਬਤਾ ਖਤਮ ਹੁੰਦਿਆਂ ਹੀ 27 ਮਈ ਵਾਲੇ ਦਿਨ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੁੜ ਇਸ ਕੇਸ ਦੀ ਜਾਂਚ ਸੌਂਪ ਦਿੱਤੀ। ਕੁੰਵਰ ਵਿਜੇ ਨੇ ਆਉਂਦੇ ਸਾਰ 28 ਮਈ ਵਾਲੇ ਦਿਨ ਕੋਟਕਪੁਰਾ ਗੋਲੀ ਕਾਂਡ ਕੇਸ ਵਿੱਚ ਆਪਣੇ ਬਾਕੀ ਦੇ 4 ‘ਸਿੱਟ’ ਅਧਿਕਾਰੀਆਂ ਨੂੰ ਦੱਸੇ ਬਗੈਰ ਚਲਾਨ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਜਿਵੇਂ ਕਿ ਮੁੱਖ ਮੰਤਰੀ ਨੇ ਚੋਣਾਂ ਦੌਰਾਨ ਐਲਾਨ ਕੀਤਾ ਸੀ  ਕੁੰਵਰ ਵਿਜੇ ਨੇ ਇਸ ਕੇਸ ਵਿੱਚ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਡੇਰਾ ਸਿਰਸਾ ਮੁਖੀ ਰਾਮ ਰਹੀਮ ਅਤੇ ਸੂਬੇ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੇ ਨਾਮ ਚਲਾਨ ਅੰਦਰ ਲਿਖਤੀ ਤੌਰ ‘ਤੇ ਲਿਆ ਕੇ ਵੱਡਾ ਸਿਆਸੀ ਧਮਾਕਾ ਕਰ ਦਿੱਤਾ। ਪਰ ਇਸ ਤੋਂ ਬਾਅਦ ਸਾਰਿਆਂ ਦੀਆਂ ਅੱਖਾਂ ਉਸ ਵੇਲੇ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪੱਤਰਕਾਰ ਸੰਮੇਲਨ ਕਰਕੇ ਇਸ ਚਲਾਨ ‘ਤੇ ਸਵਾਲ ਖੜ੍ਹੇ ਕਰਦਿਆਂ ਇਹ ਕਹਿ ਦਿੱਤਾ ਕਿ ਚੋਣ ਕਮਿਸ਼ਨ ਦੇ ਹੁਕਮਾਂ ‘ਤੇ 5 ਅਪ੍ਰੈਲ ਨੂੰ ਬਦਲੇ ਗਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ‘ਤੇ 23 ਮਈ ਵਾਲੇ ਦਿਨ ਉਸ ਵੇਲੇ ਹਸਤਾਖਰ ਕੀਤੇ ਹਨ ਜਦੋਂ ਉਹ ਇਸ ਕੇਸ ਦੀ ਜਾਂਚ ਤੋਂ ਹਟਾਏ ਜਾ ਚੁਕੇ ਸਨ, ਕਿਉਂਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਇਸ ਕੇਸ ਦੀ ਕਮਾਂਡ ਮੁੜ 27 ਮਈ ਵਾਲੇ ਦਿਨ ਦਿੱਤੀ ਸੀ। ਲਿਹਾਜਾ ਇਸ ਤੋਂ ਸਾਬਤ ਹੁੰਦਾ ਹੈ ਕਿ ਮੁੱਖ ਮੰਤਰੀ ਨੇ ਚੋਣ ਕਮਿਸ਼ਨ ਦੇ ਹੁਕਮਾਂ ਦੇ ਬਾਵਜੂਦ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਨਾ ਕਰਕੇ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਹੈ। ਇਸੇ ਗੱਲ ਦੀ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫ਼ਦ ਨੇ ਚੋਣ ਕਮਿਸ਼ਨ ਨੂੰ ਮੁੜ ਕੀਤੀ ਸੀ ਜਿਸ ‘ਤੇ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਤੋਂ ਜਵਾਬਤਲਬੀ ਕੀਤੀ ਹੈ।

- Advertisement -

ਇੱਧਰ ਮੀਡੀਆ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਵਧੀਕ ਸਕੱਤਰ ਗ੍ਰਹਿ ਨਿਰਮਲਜੀਤ ਸਿੰਘ ਕਲਸੀ ਨਾਲ ਗੱਲ ਕਰਕੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਫੋਨ ਨਾ ਚੁਕੇ ਜਾਣ ਕਾਰਨ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਪਾਈ ਕਿ ਜਿਹੜਾ ਜਵਾਬ ਸੂਬਾ ਸਰਕਾਰ ਨੇ 7 ਜੂਨ ਤੱਕ ਚੋਣ ਕਮਿਸ਼ਨ ਨੂੰ ਦੇਣਾ ਸੀ ਉਸ ਦਾ ਕੀ ਬਣਿਆ? ਪਰ ਸੂਤਰਾਂ ਅਨੁਸਾਰ ਸੂਬਾ ਸਰਕਾਰ ਵੱਲੋਂ ਕਮਿਸ਼ਨ ਵੱਲੋਂ ਕੀਤੀ ਗਈ ਜਵਾਬਤਲਬੀ ਦੇ ਦਸਤਾਵੇਜ ਤਿਆਰ ਕੀਤੇ ਗਏ ਸਨ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਚੋਣ ਕਮਿਸ਼ਨ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਵਾਲੇ ਹੁਕਮਾਂ ਦੀ ਪਾਲਣਾ ਕੀਤੀ ਗਈ ਸੀ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਦਾਅਵਾ ਕੀਤਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਕੀਤਾ ਹੀ ਨਹੀਂ ਗਿਆ ਸੀ। ਹੁਣ ਜੇਕਰ ਸੂਤਰਾਂ ਵੱਲੋਂ ਮਿਲੀ ਖ਼ਬਰ ਸੱਚ ਹੈ ਕਿ ਸੂਬਾ ਸਰਕਾਰ ਨੇ ਕੁੰਵਰ ਵਿਜੇ ਦਾ ਤਬਾਦਲਾ ਕੀਤਾ ਸੀ ਤਾਂ ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਕਿਉਂ ਕਿਹਾ ਕਿ ਇਹ ਤਬਾਦਲਾ ਹੋਇਆ ਹੀ ਨਹੀਂ? ਇਨ੍ਹਾਂ ਦੋਵਾਂ ਵਿੱਚੋਂ ਕੌਣ ਸੱਚਾ ਹੈ ਤੇ ਕੌਣ ਗਲਤ ਇਹ ਤਾਂ ਆਉਣ ਵਾਲੇ ਸਮੇਂ ਵਿੱਚ ਲਿਖਤੀ ਰਿਪੋਰਟਾਂ ਸਾਹਮਣੇ ਆਉਣ ‘ਤੇ ਸਾਬਤ ਹੋ ਹੀ ਜਾਵੇਗਾ ਪਰ ਇੰਨਾ ਜਰੂਰ ਹੈ ਕਿ ਇੰਨੇ ਸੰਕਟ ਦੇ ਬਾਵਜੂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਮਾਮਲੇ ਦੀ ਜਾਂਚ ਤੋਂ ਨਾ ਤਾਂ ਆਪਣਾ ਧਿਆਨ ਭਟਕਣ ਦਿੱਤਾ ਹੈ ਤੇ ਨਾ ਹੀ ਉਹ ਕਿਸੇ ਤੋਂ ਡਰੇ ਨਜਰ ਆ ਰਹੇ ਹਨ, ਕਿਉਂਕਿ ਕੱਲ ਇੱਕ ਵਾਰ ਫਿਰ ਉਨ੍ਹਾਂ ਨੇ ਆਪਣੇ ਨਿੱਜੀ ਬਲਾਗ ‘ਤੇ ਇੱਕ ਪੋਸਟ ਪਾ ਕੇ ਇਹ ਲਿਖ ਦਿੱਤਾ ਸੀ ਕਿ ਜਿਹੜਾ ਚਲਾਨ ਉਨ੍ਹਾਂ ਵੱਲੋਂ ਪੇਸ਼ ਕੀਤਾ ਗਿਆ ਹੈ ਉਸ ਦੇ ਅੱਖਰ ਅੱਖਰ ਦੀ ਉਹ ਜਿੰਮੇਵਾਰੀ ਲੈਂਦੇ ਹਨ ਤੇ ਉਨ੍ਹਾਂ ਨੇ ਇਹ ਚਲਾਨ ਸਾਰਿਆਂ ਤੋਂ ਇਸ ਲਈ ਛੁਪਾ ਕੇ ਰੱਖਿਆ ਕਿਉਂਕਿ ਉਨ੍ਹਾਂ ਨੂੰ ਇਹ ਡਰ ਸੀ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਾਂਗ ਇਹ ਚਲਾਨ ਵੀ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਲੀਕ ਨਾ ਹੋ ਜਾਵੇ।

 

Share this Article
Leave a comment