ਕਮਾਲ ਐ! ਲੋਕ ਕਹਿੰਦੇ ਨੇ ਗਰਾਫ ਗਿਰ ਗਿਆ, ਇੱਥੇ ਕਾਂਗਰਸੀ ਵਿਧਾਇਕ ਅਕਾਲੀ ਦਲ ‘ਚ ਸ਼ਾਮਲ ਹੋਈ ਜਾਂਦੇ ਨੇ?

Prabhjot Kaur
3 Min Read

ਚੰਡੀਗੜ੍ਹ : ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤੇ ਜਿਸ ਵੇਲੇ ਬਾਕੀ ਪਾਰਟੀਆਂ ਚੋਣਾਂ ਦੀ ਤਿਆਰੀ ਲਈ ਜਮੀਨੀ ਪੱਧਰ ‘ਤੇ ਕੰਮ ਕਰਦਿਆਂ ਆਪਣਿਆਂ ਨੂੰ ਖੁਸ਼ ਕਰਨ ਦੇ ਨਾਲ ਨਾਲ ਵਿਰੋਧੀ ਪਾਰਟੀਆਂ ‘ਚ ਵੀ ਸੰਨ੍ਹ ਲਾ ਕੇ ਉਨ੍ਹਾਂ ਦੇ ਲੋਕਾਂ ਨੂੰ ਵੀ ਆਪਣੇ ਨਾਲ ਰਲਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ, ਉਸ ਵੇਲੇ ਕਾਂਗਰਸ ਪਾਰਟੀ ਦੇ ਲੋਕ ਕਦੇ ਨਾਰਾਜ਼ ਹੋ ਕੇ ਸਟੇਜ਼ਾਂ ਤੋਂ ਬੋਲਣ ਲੱਗ ਪੈਂਦੇ ਹਨ, ਤੇ ਕਦੇ ਪਾਰਟੀ ਛੱਡ ਕੇ ਹੋਰ ਪਾਸੇ ਆਪਣਾ ਭਵਿੱਖ ਤਲਸ਼ਾਣ ਲਈ ਤੁਰ ਪੈਂਦੇ ਹਨ। ਤੇਜ਼ੀ ਨਾਲ ਘਟ ਰਹੀਆਂ ਇਨ੍ਹਾਂ ਘਟਨਾਵਾਂ ਤਹਿਤ ਇੱਕ ਹੋਰ ਘਟਨਾ ਘਟੀ ਹੈ। ਜਿਸ ਵਿੱਚ ਮਾਲਵਾ ਖੇਤਰ ਦੇ ਦਲਿਤ ਆਗੂਆਂ ‘ਚੋਂ ਸਭ ਤੋਂ ਸੀਨੀਅਰ ਮੰਨੇ ਜਾਂਦੇ, ਤੇ ਦੋ ਵਾਰ ਲਗਾਤਾਰ ਕਾਂਗਰਸ ਪਾਰਟੀ ਤੋਂ ਵਿਧਾਇਕ ਰਹੇ, ਜੋਗਿੰਦਰ ਸਿੰਘ ਪੰਜਗਰਾਈਂ ਨੇ ਕਾਂਗਰਸ ਛੱਡ ਉਸ ਅਕਾਲੀ ਦਲ ਬਾਦਲ ਦਾ ਪੱਲਾ ਫੜ ਲਿਆ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਦਾ ਤਾਂ ਗਰਾਫ ਡਿੱਗ ਚੁੱਕਾ ਹੈ। ਅਚਾਨਕ ‘ਕੱਛ ‘ਚੋਂ ਮੂੰਗਲਾ ਕੱਢ ਮਾਰਨ’ ਵਾਲੀ ਵਾਪਰੀ ਇਸ ਘਟਨਾ ਨੇ ਜਿੱਥੇ ਕਾਂਗਰਸੀਆਂ ਨੂੰ ਹੈਰਾਨ ਕਰ ਦਿੱਤਾ ਹੈ, ਉੱਥੇ ਸਿਆਸੀ ਪੰਡਤ ਇਸ ਘਟਨਾ ਨੂੰ ਸੱਤਾਧਾਰੀਆਂ ਲਈ ਇਕ ਵੱਡਾ ਝਟਕਾ ਮੰਨਦਿਆਂ ਡੁੱਬਦੇ ਅਕਾਲੀਆਂ ਲਈ ਤਿਨਕੇ ਦਾ ਸਹਾਰਾ ਵਾਲੀ ਉਦਾਹਰਨ ਦਿੰਦੇ ਨਹੀਂ ਥੱਕਦੇ।

ਕਾਂਗਰਸ ਛੱਡ ਅਕਾਲੀ ਦਲ ‘ਚ ਸ਼ਾਮਲ ਹੋਣ ‘ਤੇ ਜੋਗਿੰਦਰ ਸਿੰਘ ਪੰਜਗਰਾਂਈ ਨੂੰ ਸੁਖਬੀਰ ਸਿੰਘ ਬਾਦਲ ਨੇ ਸਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪੰਜਗਰਾਂਈ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਇਸ ਕਰਕੇ ਛੱਡੀ ਹੈ ਕਿਉਂਕਿ ਇਹ ਪਾਰਟੀ ਆਪਣੇ ਟੀਚੇ ਤੋਂ ਭਟਕ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਸਮਾਜ ਦੇ ਦੱਬੇ ਕੁਚਲੇ ਵਰਗਾਂ ਦੀ ਪਾਰਟੀ ਨਹੀਂ ਰਹੀ ਕਿਉਂਕਿ ਇਸ ਤੇ ਚਾਪਲੂਸਾਂ ਦਾ ਕਬਜਾ ਹੋ ਚੁੱਕਾ ਹੈ ਜਿਹੜੇ ਗਰੀਬਾਂ ਲਈ ਲੋਕ ਭਲਾਈ ਦਾ ਕੰਮ ਨਹੀਂ ਹੋਣ ਦਿੰਦੇ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਜਾਣੂ ਕਰਵਾਇਆ ਸੀ ਪਰ ਉਨ੍ਹਾਂ ਨੇ ਕੋਈ ਵੀ ਅਜਿਹੀ ਕਾਰਵਾਈ ਨਹੀਂ ਕੀਤੀ ਜਿਸ ਨਾਲ ਕੁਝ ਸੁਧਾਰ ਹੁੰਦਾ। ਅਕਾਲੀ ਦਲ ਵਿੱਚ ਆਏ ਪੰਜਗਰਾਂਈ ਨੇ ਕਿਹਾ  ਕਿ ਗਰੀਬਾਂ ਤੇ ਸਮਾਜ ਦੇ ਦੱਬੇ ਕੁਚਲਿਆਂ ਨੂੰ ਕੇਵਲ ਅਕਾਲੀ ਭਾਜਪਾ ਗਠਜੋੜ ਹੀ ਇੰਨਸਾਫ਼ ਦੁਆ ਸਕਦਾ ਹੈ।

ਦੱਸ ਦਈਏ ਕਿ ਜੋਗਿੰਦਰ ਸਿੰਘ ਪੰਜਗਰਾਂਈ ਪਹਿਲਾਂ ਸਾਲ 2007 ‘ਚ ਪੰਜਗਰਾਂਈ ਰਾਖਵੀਂ ਸੀਟ ਤੋਂ ਤੇ ਫਿਰ 2012 ‘ਚ ਜੈਤੋ ਰਾਖਵੇਂ ਹਲਕੇ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਕੇ ਜੇਤੂ ਰਹੇ ਸਨ ਪਰ 2014 ‘ਚ ਉਹ ਪਹਿਲਾਂ ਹਲਕਾ ਫਰੀਦਕੋਟ ਤੋਂ ਲੋਕਸਭਾ ਚੋਣ ਹਾਰੇ ਤੇ ਫਿਰ 2017 ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਹਲਕਾ ਭਦੌੜ ਤੋਂ ਖੜ੍ਹਾ ਕੀਤਾ ਉੱਥੇ ਵੀ ਉਹ ਜਿੱਤ ਨਹੀਂ ਪਾਏ ਸਨ।

Share this Article
Leave a comment