ਆਹ ਦੇਖੋ! ਪੱਤਰਕਾਰ ਸੰਜੇ ਸੂਰੀ ਦਾ ਦਿੱਲੀ ਕਤਲੇਆਮ ਬਾਰੇ ਵੀਡੀਓ ਖੁਲਾਸਾ, ਇਹ ਜਿਊਂਦਾ ਜਾਗਦਾ ਸਬੂਤ ਕਮਲਨਾਥ ਨੂੰ ਪਹੁੰਚਾ ਸਕਦਾ ਹੈ ਜੇਲ੍ਹ

TeamGlobalPunjab
6 Min Read

ਪਟਿਆਲਾ : ਦਿੱਲੀ ਸਿੱਖ ਕਤਲੇਆਮ ਦੇ ਮੁੱਦੇ ‘ਤੇ ਸੱਜਣ ਕੁਮਾਰ ਨੂੰ ਸਜ਼ਾ ਦਵਾਉਣ ਤੋਂ ਬਾਅਦ ਇਨ੍ਹਾਂ ਮਾਮਲਿਆਂ ਦੇ ਪੀੜਤਾਂ ਅੰਦਰ ਇਨਸਾਫ ਮਿਲਣ ਦੀ ਉਮੀਦ ਨੇ ਇੱਕ ਨਵੀਂ ਅੰਗੜਾਈ ਲਈ ਹੈ। ਜਿੱਥੇ ਅਜਿਹੇ ਕੇਸਾਂ ਦੀ ਅਦਾਲਤਾਂ ਅੰਦਰ ਪੈਰਵਾਈ ਕਰ ਰਹੇ ਸੀਨੀਅਰ ਵਕੀਲ ਐਚਐਸ ਫੂਲਕਾ ਵੱਲੋਂ ਵੱਖ ਵੱਖ ਚਾਰਾਜੋਹੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਇਨ੍ਹਾਂ ਮਾਮਲਿਆਂ ਵਿੱਚ ਸਿਆਸਤ ਨੇ ਵੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜੀ ਹਾਂ, ਸਿਆਸਤ ਨੇ, ਕਿਉਂਕਿ ਜੇਕਰ ਅਜਿਹਾ ਨਾ ਹੁੰਦਾ ਤਾਂ ਉਹ ਸਿਆਸਤ ਹੀ ਸੀ ਜਿਸ ਦੀ ਵਜ੍ਹਾ ਕਾਰਨ ਸੱਜਣ ਕੁਮਾਰ ਵਰਗੇ ਲੋਕ 34 ਸਾਲ ਤੱਕ ਇਨਸਾਫ ਦੀ ਤੱਕੜੀ ਵਿੱਚ ਤੁਲਣ ਤੋਂ ਬਚਦੇ ਰਹੇ, ਤੇ ਹੁਣ ਇਹ ਸਿਆਸਤ ਹੀ ਹੈ ਕਿ ਜਦੋਂ ਕਾਂਗਰਸ ਪਾਰਟੀ ਨੇ ਮੱਧ ਪ੍ਰਦੇਸ਼ ਵਿੱਚ ਚੋਣਾਂ ਜਿੱਤ ਕੇ ਕਮਲਨਾਥ ਨੂੰ ਮੁੱਖ ਮੰਤਰੀ ਲਾਇਆ ਹੈ ਤਾਂ ਭਾਜਪਾ ਨੇ ਮੁੜ ਸੱਤਾ ਵਿੱਚ ਆਉਂਦਿਆਂ ਕਮਲ ਨਾਂਥ ਵਿਰੁੱਧ ਦਿੱਲੀ ਸਿੱਖ ਕਤਲੇਆਮ ਦੀ ਜਾਂਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ‘ਤੇ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ ਜਾਂ ‘ਸਿੱਟ’) ਦੇ ਹਵਾਲੇ ਕਰ ਦਿੱਤੀ ਹੈ।ਤੇਜੀ ਨਾਲ ਬਦਲ ਰਹੇ ਇਸ ਘਟਨਕ੍ਰਮ ਬਾਰੇ ਕਿਹਾ ਜਾ ਰਿਹਾ ਹੈ, ਕਿ ਹੁਣ ਜੇਲ੍ਹ ਜਾਣ ਦੀ ਅਗਲੀ ਵਾਰੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੀ ਹੋ ਸਕਦੀ ਹੈ।  ਅਜਿਹਾ ਇਸ ਲਈ ਵੀ ਕਿਹਾ ਜਾ ਰਿਹਾ ਹੈ ਕਿਉਕਿ ਜਿਸ ਮਾਮਲੇ ਵਿੱਚ ਕਮਲਨਾਥ ਵਿਰੁੱਧ ਗੰਭੀਰ ਦੋਸ਼ ਲੱਗੇ ਹਨ, ਉਸ ਘਟਨਾ ਦਾ ਉਹ ਗਵਾਹ ਅਜੇ ਵੀ ਮੌਜੂਦ ਹੈ, ਜਿਸ ਦਾ ਦਾਅਵਾ ਹੈ ਕਿ ਜਿਸ ਵੇਲੇ ਦੰਗਾਂ ਕਾਰੀਆਂ ਦੀ ਭੀੜ ਨੇ ਉਹ ਕਤਲੇਆਮ ਅਤੇ ਅੱਗਾਂ ਲਾਈਆਂ, ਉਸ ਵੇਲੇ ਉਹ ਉਸ ਘਟਨਾਂ ਵਾਲੀ ਥਾਂ ‘ਤੇ ਆਪ ਖੁਦ  ਮੌਜੂਦ ਸੀ ਤੇ ਇਹ ਸਭ ਉਸ ਨੇ ਆਪਣੀ ਅੱਖਾਂ ਨਾਲ ਦੇਖਿਆ ਹੈ। ਜੀ ਹਾਂ ਇਹ ਗਵਾਹ ਹੈ ਇੰਡੀਅਨ ਐਕਸਪ੍ਰੈਸ ਅਖ਼ਬਾਰ ਦਾ ਸਾਬਕਾ ਪੱਤਰਕਾਰ ਸੰਜੇ ਸੂਰੀ ਜਿਸ ਨੇ ਇਹ ਖੁਲਾਸਾ ਗਲੋਬਲ ਪੰਜਾਬ ਟੀ.ਵੀ. ਚੈਨਲ ਦੇ ਸਾਬਕਾ ਸੀਨੀਅਰ ਪੱਤਰਕਾਰ ਕੰਵਰ ਸੰਧੂ ਵੱਲੋਂ ਕੀਤੀ ਗਈ ਇੱਕ ਇੰਟਰਵਿਊ ‘ਚ ਕੀਤਾ ਸੀ।

ਸੰਜੇ ਸੂਰੀ ਨੇ ਇਸ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ 1 ਨਵੰਬਰ 1984 ਵਾਲੇ ਦਿਨ ਜਦੋਂ ਉਹ ਇੰਡੀਅਨ ਐਕਸਪ੍ਰੈਸ ਦੇ ਦਫ਼ਤਰ ਵਿੱਚ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਤੇ ਹਮਲਾ ਹੋ ਰਿਹਾ ਹੈ, ਜਿਸ ਤੋਂ ਬਾਅਦ ਸੂਰੀ ਸਕੂਟਰ ਲੈ ਕੇ ਮੌਕੇ ਤੇ ਪਹੁੰਚਿਆ। ਸੂਰੀ ਅਨੁਸਾਰ ਮੌਕੇ ਤੇ ਜਾ ਕੇ ਉਨ੍ਹਾਂ ਅਪਣੀ ਅੱਖੀਂ ਵੇਖਿਆ ਕਿ ਦੋ ਸਿੱਖਾਂ ਨੂੰ ਭੀੜ ਨੇ ਅੱਗ ਲਾ ਕੇ ਸਾੜ ਕੇ ਮਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਮੇਰੇ ਸਾਹਮਣੇ ਹੋਇਆ।

ਸੰਜੇ ਸੂਰੀ ਅਨੁਸਾਰ ਇਸ ਵਾਕਏ ਨੂੰ ਯਾਦ ਕਰਕੇ ਵੀ ਉਹ ਬਹੁਤ ਜ਼ਿਆਦਾ ਤਣਾਅ ਵਿੱਚ ਆ ਜਾਂਦੇ ਹਨ। ਸੂਰੀ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ, “ਇਸ ਭੀੜ ਦੇ ਨਾਲ ਮੈਂਬਰ ਪਾਰਲੀਮੈਂਟ ਕਮਲਨਾਥ ਵੀ ਖੜ੍ਹਾ ਸੀ ਤੇ ਇਹ ਭੀੜ ਗੁਰਦੁਆਰਾ ਰਕਾਬਗੰਜ ਸਾਹਿਬ ਵੱਲ ਵਾਰ-ਵਾਰ ਜਾਂਦੀ ਸੀ।” ਸੰਜੇ ਸੂਰੀ ਅਨੁਸਾਰ, “ਮੈਂ ਕਮਲਨਾਥ ਦੇ ਕੋਲ ਗਿਆ ਤੇ ਉਸਨੂੰ ਪੁੱਛਿਆ ਕਿ ਇੱਥੇ ਕੀ ਹੋ ਰਿਹਾ ਹੈ? ਤੇ ਇਸ ਦੌਰਾਨ ਗੁਰਦੁਆਰਾ ਸਾਹਿਬ ਵੱਲ ਵਧਦੀ ਭੀੜ ਨੂੰ ਕਮਲਨਾਥ ਨੇ ਟਰੈਫਿਕ ਪੁਲਿਸ ਵਲੋਂ ਹੱਥ ਦਾ ਇਸ਼ਾਰਾ ਦੇ ਕੇ ਰੋਕਣ ਵਾਲੇ ਅੰਦਾਜ ਵਿੱਚ ਭੀੜ ਨੂੰ ਰੁਕਣ ਲਈ ਕਿਹਾ, ਜਿਸ ਤੋਂ ਬਾਅਦ ਭੀੜ ਉੱਥੇ ਹੀ ਰੁਕ ਗਈ।” ਸੂਰੀ ਨੇ ਕਿਹਾ ਕਿ, “ਮੌਕੇ ਤੇ ਉਨ੍ਹਾਂ ਦੇਖਿਆ ਕਿ 10-12 ਗਜ਼ ਦੀ ਦੂਰੀ ਤੇ ਬਿਲਕੁਲ ਸੜਕ ਦੇ ਨਾਲ ਇੱਕ ਪੂਰੀ ਪਲਟਨ ਸੀਆਰਪੀਐਫ ਦੀ ਖਲੋਤੀ ਸੀ ਜਿਸਦੇ ਨਾਲ ਪੁਲਿਸ ਦਾ ਐਡੀਸ਼ਨਲ ਕਮਿਸ਼ਨਰ ਗੌਤਮ ਕੌਲ ਖੜਾ ਸੀ ਜਿਨ੍ਹਾਂ ਨੇ ਇਹ ਸਾਰਾ ਕੁਝ ਦੇਖਣ ਦੇ ਬਾਵਜੂਦ ਕੁਝ ਵੀ ਨਹੀਂ ਕੀਤਾ।”

ਇਸ ਗੱਲਬਾਤ ਦੌਰਾਨ ਸੰਜੇ ਸੂਰੀ ਨੇ ਕਿਹਾ ਕਿ, “ਉਸ ਵੇਲੇ ਉਨ੍ਹਾਂ ਦੇ ਜ਼ਹਿਨ ਵਿੱਚ ਦੋ ਸਵਾਲ ਉੱਠੇ ਜਿਨ੍ਹਾਂ ਵਿੱਚੋਂ ਇੱਕ ਸੀ, ਕਿ ਭੀੜ ਅਤੇ ਕਮਲਨਾਥ ਦਾ ਆਪਸ ਵਿੱਚ ਅਜਿਹਾ ਕੀ ਰਿਸ਼ਤਾ ਸੀ ਜਿਸ ਕਾਰਨ ਉਹ ਭੀੜ ਨੂੰ ਕਾਬੂ ਕਰ ਪਾ ਰਿਹਾ ਸੀ ਕਿ ਉਹ ਇਸ਼ਾਰਾ ਕਰੇ ਤੇ ਭੀੜ ਉਸਦੀ ਗੱਲ ਮੰਨੇ?” ਸੂਰੀ ਅਨੁਸਾਰ ਦੂਜਾ ਸਵਾਲ ਇਹ ਸੀ ਕਿ, “ਪੁਲਿਸ ਦਾ ਕਮਲਨਾਥ ਨਾਲ ਐਸਾ ਕੀ ਤਾਲਮੇਲ ਸੀ ਕਿ ਉਹ ਅਜਿਹਾ ਸੋਚ ਰਹੀ ਸੀ ਕਿ ਉਨ੍ਹਾਂ ਨੇ ਕੁਝ ਨਹੀਂ ਕਰਨਾ, ਜੋ ਕੁਝ ਕਰਨਾ ਹੈ ਕਮਲਨਾਥ ਨੇ ਕਰਨਾ ਹੈ?” ਜਿਸ ਬਾਰੇ ਸੰਜੇ ਸੂਰੀ ਅਨੁਸਾਰ ਇਨ੍ਹਾਂ ਸਵਾਲਾਂ ਦੇ ਜਵਾਬ ਅਜੇ ਤੱਕ ਲੱਭੇ ਨਹੀਂ ਜਾ ਸਕੇ।

- Advertisement -

ਭਾਵੇਂ ਕਿ ਸੰਜੇ ਸੂਰੀ ਨੇ ਇਹੋ ਜਿਹੇ ਹੀ ਕੁਝ ਬਿਆਨ ਇਸ ਮਾਮਲੇ ਵਿੱਚ ਪਹਿਲਾਂ ਬਣੀ ਐਸਆਈਟੀ ਕੋਲ ਵੀ ਦਿੱਤੇ ਹੋ ਸਕਦੇ ਹਨ, ਪਰ ਉੱਥੇ ਉਹ ਕੀ ਬੋਲੇ ਹਨ ਇਸਦਾ ਤਾਂ ਅਜੇ ਕੋਈ ਖੁਲਾਸਾ ਨਹੀਂ ਹੋ ਪਾਇਆ, ਪਰ ਗਲੋਬਲ ਪੰਜਾਬ ਟੀਵੀ ਵਲੋਂ ਕੀਤਾ ਗਿਆ ਇਹ ਖੁਲਾਸਾ ਨਾ ਸਿਰਫ਼ ਕਮਲਨਾਥ ਨੂੰ ਮੁਸੀਬਤ ‘ਚ ਪਾ ਸਕਦਾ ਹੈ ਬਲਕਿ ਉਨ੍ਹਾਂ ਵਿਰੋਧੀਆਂ ਦੀਆਂ ਇਹ ਇੰਟਰਵਿਊ ਦੇਖ, ਪੜ੍ਹ ਅਤੇ ਸੁਣ ਕੇ ਵਾਛਾਂ ਜਰੂਰ ਖਿੱਲ ਜਾਣਗੀਆਂ ਜਿਹੜੇ ਕਮਲਨਾਥ ਵਿਰੁੱਧ ਸਬੂਤ ਗਲੀਆਂ, ਬਾਜ਼ਾਰਾਂ, ਟਿੱਲਿਆਂ, ਟਿੱਬਿਆਂ ਅਤੇ ਰੂੜੀਆਂ ਤੇ ਲੱਭਦੇ ਫਿਰਦੇ ਹਨ।

ਹੁਣ ਇੱਕ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕਮਲਨਾਥ ਵਿਰੁੱਧ ਅਕਾਲੀ ਦਲ ਵੱਲੋਂ ਕੀਤੀ ਗਈ ਸ਼ਿਕਾਇਤ ‘ਸਿੱਟ’ ਕੋਲ ਭੇਜੀ ਹੈ, ਤੇ ਸ਼ਿਕਾਇਤ ਮਿਲਣ ਤੋਂ ਬਾਅਦ ਐਸਆਈਟੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਸ਼ਿਕਾਇਤ ਨਾਲ ਸਬੰਧਤ ਗਵਾਹਾਂ ਦੀ ਲਿਸਟ ਅਤੇ ਸਬੂਤ ਦੇਣ ਲਈ ਕਿਹਾ ਹੈ। ਅਜਿਹੇ ਵਿੱਚ ਸੰਜੇ ਸੂਰੀ ਦੀ ਗਵਾਹੀ ਬੇਹੱਦ ਅਹਿਮ ਮੰਨੀ ਜਾਵੇਗੀ।

 

Share this Article
Leave a comment