ਆਹ ਥਾਣਾ STF ਦੇ ਰਡਾਰ ‘ਤੇ ਹੈ, ਪਰ ਹਾਲ ਦੇਖੋ ਲੋਕ ਨਸ਼ਿਆਂ ਨਾਲ ਕਿੰਝ ਬਰਬਾਦ ਹੋ ਰਹੇ ਨੇ!

TeamGlobalPunjab
4 Min Read

ਫਿਰੋਜ਼ਪੁਰ : ਹਿੰਦੀ ਦੀ ਇੱਕ ਕਹਾਵਤ ਹੈ ਕਿ, “ਸਿਰ ਮੁੰਡਵਾਤੇ ਹੀ ਓਲੇ ਪੜ ਗਏ” ਜਿਸ ਦਾ ਅਰਥ ਹੈ ਕਿ ਬੰਦੇ ਨੇ ਜਿਉਂ ਹੀ ਸਿਰ ਮੁੰਨਵਾ ਕੇ ਟਿੰਡ ਕਢਵਾਈ ਉਸੇ ਵੇਲੇ ਗੜੇ ਪੈਣ ਲੱਗ ਪਏ, ਤੇ ਇੰਝ ਜਾਪਦਾ ਹੈ ਕਿ ਇਹ ਕਹਾਵਤ ਫਿਰੋਜ਼ਪੁਰ ਦੀ ਮਮਦੋਟ ਥਾਣੇ ਦੀ ਪੁਲਿਸ ‘ਤੇ ਫਿੱਟ ਬੈਠਣ ਜਾ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ‘ਤੇ ਠੱਲ ਪਾਉਣ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਵੱਲੋਂ ਸੂਬੇ ਦੇ ਜਿਨ੍ਹਾਂ 124 ਥਾਣਿਆਂ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਸੰਵੇਦਨਸ਼ੀਲ ਕਰਾਰ ਦਿੱਤਾ ਸੀ, ਉਨ੍ਹਾਂ ਵਿੱਚ ਫਿਰੋਜ਼ਪੁਰ ਦਾ ਥਾਣਾ ਮਮਦੋਟ ਵੀ ਆਉਂਦਾ ਹੈ ਤੇ ਇਸੇ ਥਾਣੇ ਅਧੀਨ ਪੈਂਦੇ ਪਿੰਡ ਜਾਮ੍ਹਾ ਰਖੱਈਆਂ ਉਤਾੜ ਦੇ ਸਰਪੰਚ ਨੇ ਦੋਸ਼ ਲਾਏ ਹਨ ਕਿ ਨਸ਼ਾ ਤਸਕਰ ਨੂੰ ਫੜ ਕੇ ਪੁਲਿਸ ਨੂੰ ਸੱਦਣ ਦੇ ਬਾਵਜੂਦ ਪੁਲਿਸ ਨੇ ਕਰਵਾਈ ਤਾਂ ਕੀ ਕਰਨੀ ਸੀ ਉਲਟਾ ਫੋਨ ਕਰਕੇ ਫੜੇ ਹੋਏ ਨਸ਼ਾ ਤਸਕਰ ਨੂੰ ਮੌਕੇ ‘ਤੇ ਭਜਾ ਦਿੱਤਾ। ਇਸ ਸਰਪੰਚ ਦਾ ਦਾਅਵਾ ਹੈ ਕਿ ਉਸ ਵੱਲੋਂ ਫੜੇ ਗਏ ਨਸ਼ਾ ਤਸਕਰ ਨੇ ਹੀ ਉਸ ਦੇ ਪੁੱਤਰ ਨੂੰ ਨਸ਼ੇੜੀ ਬਣਾਇਆ ਹੈ ਜੋ ਅੱਜ ਉਸ ਦਾ ਘਰ ਬਰਬਾਦ ਕਰ ਰਿਹਾ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ‘ਤੇ ਜਿੱਥੇ ਫਿਰੋਜ਼ਪੁਰ ਪੁਲਿਸ ਦੇ ਐਸਐਸਪੀ ਸੰਦੀਪ ਗੋਇਲ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਦੇ ਕੀਤੇ ਦਾਅਵਿਆਂ ‘ਤੇ ਸਵਾਲ ਖੜ੍ਹੇ ਹੋ ਗਏ ਹਨ, ਉੱਥੇ ਲੋਕਾਂ ਦੀ ਨਿਗ੍ਹਾ ਹੁਣ ਇਸ ਗੱਲ ‘ਤੇ ਟਿਕ ਗਈ ਹੈ ਕਿ ਪਹਿਲਾਂ ਹੀ ਐਸਟੀਐਫ ਦੀ ਰਡਾਰ ‘ਤੇ ਆ ਚੁਕੇ ਥਾਣਾ ਮਮਦੋਟ ਦੀ ਪੁਲਿਸ ‘ਤੇ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਸਟੀਐਫ ਹੁਣ ਕੀ ਕਾਰਵਾਈ ਕਰਨ ਜਾ ਰਹੀ ਹੈ?

ਇਸ ਸਬੰਧ ਵਿੱਚ ਪਿੰਡ ਜਾਮ੍ਹਾਂ ਰਖੱਈਆਂ ਉਤਾੜ ਦੇ ਸਰਪੰਚ ਕੁਲਵੰਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਉਸ ਦਾ 23 ਸਾਲਾ ਛੋਟਾ ਪੁੱਤਰ ਨਸ਼ੇ ਦੀ ਗ੍ਰਿਫਤ ‘ਚ ਫਸ ਕੇ ਜੋਗਾ ਸਿੰਘ ਨਾਮ ਦੇ ਇੱਕ ਸਖ਼ਸ਼ ਦੇ ਘਰ ਜਾ ਕੇ ਰੋਜ ਚਿੱਟੇ ਦੇ ਟੀਕੇ ਲਗਵਾਉਂਦਾ ਸੀ। ਜਿਸ ਬਾਰੇ ਪਤਾ ਲੱਗਣ ‘ਤੇ ਉਨ੍ਹਾਂ ਨੇ ਉਸ ਘਰ ‘ਤੇ ਛਾਪਾ ਮਾਰਿਆ ਜਿੱਥੇ ਉਸ ਦੇ ਮੁੰਡੇ ਨੂੰ ਜੋਗਾ ਸਿੰਘ ਨਾਂ ਦਾ ਨਸ਼ਾ ਤਸਕਰ ਨਸ਼ਾ ਕਰਵਾ ਰਿਹਾ ਸੀ। ਕੁਲਵੰਤ ਸਿੰਘ ਅਨੁਸਾਰ ਉਸ ਨੇ ਦੋਵਾਂ ਨੂੰ ਉਸੇ ਘਰ ਵਿੱਚ ਬੰਦ ਕਰ ਦਿੱਤਾ ਤੇ ਤੁਰੰਤ ਥਾਣਾ ਮਮਦੋਟ ਦੀ ਪੁਲਿਸ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੇ ਨਸ਼ਾ ਤਸਕਰ ਫੜ ਲਿਆ ਹੈ। ਕੁਲਵੰਤ ਸਿੰਘ ਅਨੁਸਾਰ ਇਸ ਦੇ ਬਾਵਜੂਦ ਥਾਣਾ ਮਮਦੋਟ ਦੇ ਐਸਐਚਓ ਨੇ ਨਾ ਸਿਰਫ ਇਹ ਕਹਿ ਕੇ ਨਸ਼ਾ ਤਸਕਰ ਨੂੰ ਫੜਨ ਜਾਣ ਤੋਂ ਇਨਕਾਰ ਕਰ ਦਿੱਤਾ ਕਿ ਡਰੱਗ ਇੰਸਪੈਕਟਰ ਤੋਂ ਬਿਨਾਂ ਉਹ ਰੇਡ ਨਹੀਂ ਕਰਨਗੇ, ਬਲਕਿ ਰੇਡ ਕਰਨ ਤੋਂ ਆਪਣੇ ਬਾਕੀ ਮੁਲਾਜ਼ਮਾਂ ਨੂੰ ਰੋਕਣ ਦੇ ਨਾਲ ਨਾਲ ਪੁਲਿਸ ਵਾਲਿਆਂ ਨੇ ਫੜੇ ਗਏ ਨਸ਼ਾ ਤਸਕਰ ਨੂੰ ਫੋਨ ਕਰਕੇ ਫੜੇ ਗਏ ਨਸ਼ਾ ਤਸਕਰ ਨੂੰ ਮੌਕੇ ਤੋਂ ਭਜਾ ਦਿੱਤਾ।
ਇਸ ਉਪਰੰਤ ਕੁਲਵੰਤ ਸਿੰਘ ਨੇ ਮੀਡੀਆ ਦੀ ਹਾਜਰੀ ਵਿੱਚ ਆਪਣੇ ਪੁੱਤਰ ਨੂੰ ਫੜ ਲਿਆ ਤੇ ਉਸ ਦੀ ਕੁੱਟ ਮਾਰ ਕਰਨ ਤੋਂ ਬਾਅਦ ਉਸ ਨੂੰ ਆਪਣੇ ਨਾਲ ਲਿਜਾਂਦਿਆਂ ਇਹ ਦੋਸ਼ ਲਾਇਆ ਕਿ ਪੁਲਿਸ ਵਾਲੇ ਨਸ਼ਾ ਤਸਕਰਾਂ ਨਾਲ ਰਲੇ ਹੋਏ ਹਨ। ਕੁਲਵੰਤ ਸਿੰਘ ਨੇ ਦਾਅਵਾ ਕੀਤਾ ਕਿ ਜੇਕਰ ਪੁਲਿਸ ਤੋਂ ਇਹ ਨਸ਼ਾ ਤਸਕਰ ਕਾਬੂ ਨਹੀਂ ਆਉਂਦੇ ਤਾਂ ਉਨ੍ਹਾਂ ਨੂੰ ਖੁੱਲ੍ਹ ਛੁੱਟੀ ਦਿੱਤੀ ਜਾਵੇ ਤੇ ਜੇਕਰ ਫਿਰ ਵੀ ਕਾਬੂ ਨਾ ਆਇਆ ਤਾਂ ਲੋਕ ਉਸ ਨੂੰ ਲਾਹਨਤਾਂ ਪਾ ਸਕਦੇ ਹਨ।

ਇਹ ਤਾਂ ਸੀ ਪਿੰਡ ਜਾਮ੍ਹਾਂ ਰਖੱਈਆਂ ਉਤਾੜ ਦਾ ਇੱਕ ਮਾਮਲਾ ਜਿਸ ਨੂੰ ਪੰਜਾਬ ਦੇ 124 ਉਨ੍ਹਾਂ ਪੁਲਿਸ ਸਟੇਸ਼ਨਾਂ ਲਈ ਇੱਕ ਉਦਾਹਰਨ ਦੇ ਤੌਰ ‘ਤੇ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਐਸਟੀਐਫ ਨੇ ਸੰਵੇਦਨਸ਼ੀਲ ਐਲਾਨਿਆ ਹੋਇਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਇਹੋ ਜਿਹੀਆਂ ਉਦਾਹਰਨਾਂ ਉਨ੍ਹਾਂ ਥਾਣਾ ਖੇਤਰਾਂ ‘ਚੋਂ ਵੀ ਬਾਹਰ ਆਉਣ ਦੇ ਬਾਵਜੂਦ ਐਸਟੀਐਫ ਕੀ ਕਾਰਵਾਈ ਕਰਦੀ ਹੈ ਜਿਨ੍ਹਾਂ ਥਾਣਿਆਂ ਨੂੰ ਐਸਡੀਐਮ ਨੇ ਸੰਵੇਦਨਸ਼ੀਲ ਐਲਾਨਿਆ ਹੋਇਆ ਹੈ।

Share this Article
Leave a comment