ਆਪ ਵਿਧਾਇਕਾ ਬਲਜਿੰਦਰ ਕੌਰ ਰਿਫਾਇਨਰੀ ਤੋਂ ਗੁੰਡਾ ਟੈਕਸਾ ਵਸੂਲਦੇ ਹਨ : ਖਹਿਰਾ

Prabhjot Kaur
2 Min Read

ਬਠਿੰਡਾ : ਪੰਜਾਬ ਏਕਤਾ ਪਾਰਟੀ ਦੇ ਅਡਹਾਕ ਪ੍ਰਧਾਨ ਅਤੇ ਪੰਜਾਬ ਜ਼ਮਹੂਰੀ ਗੱਠਜੋੜ ਦੇ ਹਲਕਾ ਬਠਿੰਡਾ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ‘ਤੇ ਵੱਡਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਬਲਜਿੰਦਰ ਕੌਰ ਨੇ ਲੋਕ ਹਿੱਤ ਵਿੱਚ ਕਦੇ ਕੋਈ ਮੁੱਦਾ ਨਹੀਂ ਚੁੱਕਿਆ, ਉਨ੍ਹਾਂ ਨੇ ਤਾਂ ਸਿਰਫ ਰਿਫਾਇਨਰੀ ਤੋਂ ਗੁੰਡਾ ਟੈਕਸ ਹੀ ਵਸੂਲਿਆ ਹੈ। ਖਹਿਰਾ ਦਾ ਇਹ ਵਿਵਾਦਪੂਰਨ ਬਿਆਨ ਉਸ ਵੇਲੇ ਆਇਆ ਹੈ ਜਦੋਂ ਉਹ ਸਰਕਾਰੀ ਜ਼ਮੀਨ ‘ਤੇ ਬਿਨਾਂ ਇਜ਼ਾਜ਼ਤ ਹੋਰਡਿੰਗ ਲਗਾਉਣ ਦੇ ਮਾਮਲੇ ਵਿੱਚ ਪਹਿਲਾਂ ਹੀ ਚੋਣ ਕਮਿਸ਼ਨ ਦੇ ਨਿਸ਼ਾਨੇ ‘ਤੇ ਹਨ, ਤੇ ਉਸ ਮਾਮਲੇ ਵਿੱਚ ਖਹਿਰਾ ਨੂੰ ਚੋਣ ਅਧਿਕਾਰੀ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾ ਚੁੱਕਿਆ ਹੈ। ਹਲਾਤ ਇਹ ਹਨ ਕਿ ਉਸ ਮਾਮਲੇ ਵਿੱਚ ਚੋਣ ਅਧਿਕਾਰੀ ਨੇ ਇੱਥੋਂ ਤੱਕ ਜਾਣਕਾਰੀ ਦਿੱਤੀ ਸੀ ਕਿ ਜੇਕਰ ਖਹਿਰਾ ਉਸ ਮਾਮਲੇ ਵਿੱਚ ਨੋਟਿਸ ਦਾ ਜਵਾਬ ਨਾ ਦੇ ਸਕੇ ਤਾਂ ਉਨ੍ਹਾਂ ਦੇ ਖਿਲਾਫ ਐਫਆਈਆਰ ਦਰਜ਼ ਹੋ ਸਕਦੀ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦਾ ਸੁਦਾਗਰ ਦੱਸਿਆ ਸੀ ਤੇ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਈ ਤਾਂ ਉਹ ਮਜੀਠੀਆ ਨੂੰ ਫੜ ਕੇ ਜੇਲ੍ਹ ਭੇਜ ਦੇਣਗੇ। ਉਸ ਵੇਲੇ ‘ਆਪ’ ਦੀ ਸਰਕਾਰ ਤਾਂ ਨਹੀਂ ਆਈ ਸੀ, ਹਾਂ! ਇੰਨਾ ਜਰੂਰ ਹੋਇਆ ਸੀ ਕਿ ਬਿਕਰਮ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਅਦਾਲਤ ਵਿੱਚ ਮਾਨਹਾਨੀ ਦਾ ਮੁਕੱਦਮਾਂ ਜਰੂਰ ਕਰ ਦਿੱਤਾ ਸੀ, ਜਿਸ ਤੋਂ ਡਰ ਕੇ ਕੇਜਰੀਵਾਲ ਨੂੰ ਬਾਅਦ ਵਿੱਚ ਮਜੀਠੀਆ ਤੋਂ ਲਿਖਤੀ ਤੌਰ ‘ਤੇ ਮਾਫੀ ਮੰਗਣੀ ਪਈ ਸੀ। ਜਿਸ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਗ੍ਰਾਫ ਬਹੁਤ ਥੱਲੇ ਗਿਰਿਆ ਸੀ ਤੇ ਇੱਥੋਂ ਤੱਕ ਕਿ ਪਾਰਟੀ ਆਗੂਆਂ ਨੇ ਬਗਾਵਤ ਕਰਕੇ ਅਸਤੀਫੇ ਤੱਕ ਦੇ ਦਿੱਤੇ ਸਨ। ਜਿਸ ਬਾਰੇ ਸੁਖਪਾਲ ਸਿੰਘ ਖਹਿਰਾ ਭਲੀਭਾਂਤ ਜਾਣੂ ਹਨ। ਹੁਣ ਬਲਜਿੰਦਰ ਕੌਰ ਦੇ ਖਿਲਾਫ ਕੀਤੀ ਗਈ ਇਹ ਟਿੱਪਣੀ ‘ਤੇ ਇਸ ‘ਆਪ’ ਵਿਧਾਇਕਾ ਦੀ ਕੀ ਪ੍ਰਤੀਕਿਰਿਆ ਆਉਂਦੀ ਹੈ? ਕੀ ਬਲਜਿੰਦਰ ਕੌਰ ਵੀ ਮਾਨਹਾਨੀ ਦਾ ਕੇਸ ਕਰਕੇ ਖਹਿਰਾ ਤੋਂ ਮਾਫੀ ਮੰਗਵਾਉਣਗੇ? ਇਨ੍ਹਾਂ ਸਵਾਲਾਂ ਦੇ ਜਵਾਬ ਅਜੇ ਭਵਿੱਖ ਦੇ ਗਰਭ ਵਿੱਚ ਹਨ।

 

 

- Advertisement -

Share this Article
Leave a comment