ਆਪਣੇ ਹੀ ਕਾਂਗਰਸੀ ਐਮਐਲਏ ਨੂੰ ਪੁੱਠਾ ਸਵਾਲ ਪੁੱਛਣਾ ਵਰਕਰ ਨੂੰ ਪਿਆ ਮਹਿੰਗਾ, ਜਵਾਬ ਦੀ ਥਾਂ ਮਿਲੇ ਧੱਕੇ, ਧੱਫੇ, ਗਾਲ੍ਹਾਂ, ਤੇ ਗਲ਼ ਹੱਥੇ

TeamGlobalPunjab
4 Min Read

ਖਡੂਰ ਸਾਹਿਬ : ਬੀਤੀ ਕੱਲ੍ਹ ਕਾਂਗਰਸ ਪਾਰਟੀ ਦੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੀ ਕਸਬਾ ਝਬਾਲ ਵਿਖੇ ਕੀਤੀ ਗਈ ਇੱਕ ਰੈਲੀ ਉਸ ਵੇਲੇ ਸੁਰਖੀਆਂ ‘ਚ ਆ ਗਈ, ਜਦੋਂ ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕਰਦੇ ਪੱਟੀ ਦੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਖਿਲਾਫ ਪੰਡਾਲ ਵਿੱਚੋਂ ਉਠ ਕੇ ਇੱਕ ਕਾਂਗਰਸੀ ਨੇ ਵਿਰੋਧ ਕਰਦਿਆਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਕਿ ਕਿਹੜਾ ਵਿਕਾਸ ਹੋਇਆ ਹੈ? ਕਿੱਥੇ ਵਿਕਾਸ ਹੋਇਆ ਹੈ? ਕਿਸ ਨੇ ਵਿਕਾਸ ਕੀਤਾ ਹੈ? ਇਸ ਤੋਂ ਪਹਿਲਾਂ ਕਿ ਮਾਮਲਾ ਹੱਥੋਂ ਨਿੱਕਲ ਜਾਂਦਾ ਅੱਖ ਦੇ ਫੋਰ ਵਿੱਚ ਹੀ ਕੁਝ ਕਾਂਗਰਸੀਆਂ ਨੇ ਉਸ ਵਿਅਕਤੀ ਨੂੰ ਆਣ ਘੇਰਿਆ, ਤੇ ਜਦੋਂ ਉਹ ਪੁਚਕਾਰੇ ਜਾਣ ਦੇ ਬਾਵਜੂਦ ਵੀ ਸ਼ਾਂਤ ਨਹੀਂ ਹੋਇਆ ਤਾਂ ਦੇਖਦੇ-ਹੀ-ਦੇਖਦੇ ਪੁਚਕਾਰਨ ਵਾਲਿਆਂ ਦੇ ਹੱਥ ਉਸ ਵਿਅਕਤੀ ਦੇ ਗਲਮੇ ਤੱਕ ਕਦੋਂ ਪਹੁੰਚ ਗਏ, ਇਹ ਪਤਾ ਹੀ ਨਹੀਂ ਲੱਗਾ। ਭਾਵੇਂ ਕਿ ਕੁਝ ਮਿੰਟਾਂ ਦੇ ਵਿਰੋਧ ਤੋਂ ਬਾਅਦ ਉਸ ਵਿਅਕਤੀ ਨੂੰ ਕਾਂਗਰਸੀ ਫੜ ਕੇ ਬਾਹਰ ਲੈ ਗਏ, ਪਰ ਇਸ ਦੇ ਬਾਵਜੂਦ ਮੌਕੇ ‘ਤੇ ਮੌਜੂਦ ਕਦੀ ਨਾ ਮੰਨਣ ਵਾਲੀ ਕੈਮਰੇ ਦੀ ਅੱਖ ਨੇ ਇਹ ਸਾਰਾ ਮਾਮਲਾ ਰਿਕਾਰਡ ਕਰ ਲਿਆ, ਜਿਹੜਾ ਕਿ ਹੁਣ ਖੂਬ ਸੁਰਖੀਆਂ ਬਟੋਰ ਰਿਹਾ ਹੈ।

https://youtu.be/54bNQewS9Ak

ਹੋਇਆ ਇੰਝ ਕਿ ਸਟੇਜ਼ ਤੋਂ ਬੋਲਦੇ ਹਰਮਿੰਦਰ ਸਿੰਘ ਗਿੱਲ ਉਰਫ ਹਰਮਿੰਦਰ ਸਿੰਘ ਪੱਟੀ ਨੇ ਜਿਉਂ ਹੀ ਇਹ ਕਹਿਣਾ ਸ਼ੁਰੂ ਕੀਤਾ ਕਿ ਹਰਸਿਮਰਤ ਕੌਰ ਬਾਦਲ ਏਮਜ਼ ਵਰਗਾ ਵੱਡਾ ਹਸਪਤਾਲ ਬਠਿੰਡਾ ਲੈ ਗਈ ਤੇ ਸਾਡੇ ਇਸ ਜ਼ਿਲ੍ਹਾ ਤਰਨ ਤਾਰਨ ਅਤੇ ਕਸਬਾ ਝਬਾਲ ਦੇ ਲੋਕਾਂ ਨੂੰ ਵੀ ਇਹੋ ਜਿਹੇ ਹੀ ਵੱਡੇ ਹਸਪਤਾਲ ਦੀ ਲੋੜ ਹੈ। ਲਿਹਾਜਾ ਉਹ ਆਪਣੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੂੰ ਕਹਿਣ ਲੱਗੇ ਕਿ ਇੱਥੋਂ ਜਿੱਤ ਕੇ ਉਹ ਵੀ ਇਸ ਇਲਾਕੇ ਲਈ ਕੋਈ ਵੱਡਾ ਹਸਪਤਾਲ ਲੈ ਕੇ ਆਉਣ, ਕਿਉਂਕਿ ਇਸ ਇਲਾਕੇ ਵਿੱਚ ਕੈਂਸਰ ਵਰਗਾ ਰੋਗ ਬਹੁਤ ਫੈਲ ਰਿਹਾ ਹੈ। ਇਹ ਸੁਣਦਿਆਂ ਸਾਰ ਪੰਡਾਲ ‘ਚ ਬੈਠਾ ਇੱਕ ਕਾਂਗਰਸੀ ਵਰਕਰ ਤੈਸ਼ ‘ਚ ਆ ਗਿਆ ਤੇ ਤੁਰੰਤ ਬਾਹਾਂ ਖਿਲਾਰ ਖਿਲਾਰ ਕੇ ਹਰਮਿੰਦਰ ਸਿੰਘ ਪੱਟੀ ਨੂੰ ਪੁੱਛਣ ਲੱਗਾ, ਕਿ ਕਸਬਾ ਝਬਾਲ ਦੀ ਪਾਣੀ ਵਾਲੀ ਟੈਂਕੀ ਬੰਦ ਪਈ ਹੈ, ਤੇ ਉਸ ਵਿੱਚ ਪਾਣੀ ਨਹੀਂ ਆਉਂਦਾ, ਤੇ ਟੂਟੀਆਂ ਦੀ ਹਾਲਤ ਖਸਤਾ ਹੈ, ਕਿਹੜਾ ਵਿਕਾਸ ਹੋਇਆ ਹੈ?

ਇਹ ਗੱਲ ਮੌਕੇ ‘ਤੇ ਮੌਜੂਦ ਰੈਲੀ ਦੇ ਪਹਿਰਦਾਰ ਕਾਂਗਰਸੀਆਂ ਨੂੰ ਖਤਰੇ ਦੀ ਘੰਟੀ ਲੱਗੀ ਤੇ ਉਨ੍ਹਾਂ ਨੇ ਤੁਰੰਤ ਵਿਰੋਧ ਕਰਨ ਵਾਲੇ ਨੂੰ ਘੇਰ ਲਿਆ। ਪਹਿਲਾਂ ਉਸ ਵਿਅਕਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਤੇ ਫਿਰ ਬਾਹਰ ਕੱਢਣ ਦੀ। ਇਸ ਦੌਰਾਨ ਜਦੋਂ ਉਸ ਵਿਅਕਤੀ ਨੇ ਸਵਾਲ ਪੁੱਛਦੇ ਪੁੱਛਦੇ ਜਦੋਂ ਮਜਬੂਤੀ ਨਾਲ ਜੰਗਲੇ ਨੂੰ ਹੱਥ ਪਾ ਲਿਆ ਤਾਂ 3-4 ਕਾਂਗਰਸੀ ਪਹਿਰੇਦਾਰਾਂ ਨੇ ਉਸ ਵਿਅਕਤੀਆਂ ਦੀਆਂ ਬਾਹਾਂ ਨਾਲ ਘੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਮਰੋੜਾ ਮਰੋੜੀ ਦੌਰਾਨ ਉਸ ਵਿਅਕਤੀ ਨੇ ਜਦੋਂ ਆਪਣੀਆਂ ਬਾਹਾਂ ਪਹਿਰੇਦਾਰਾਂ ਕੋਲੋਂ ਛੁੜਾ ਲਈਆਂ ਤੇ ਸਵਾਲ ਕਰਨੇ ਜਾਰੀ ਰੱਖੇ ਤਾਂ ਇੱਕ ਕਾਂਗਰਸੀ ਪਹਿਰੇਦਾਰ ਇੰਨਾ ਸ਼ੇਰ ਬਣ ਗਿਆ ਕਿ ਉਸ ਨੇ ਵਿਰੋਧ ਕਰਨ ਵਾਲੇ ਆਪਣੇ ਹੀ ਸਾਥੀ ਕਾਂਗਰਸੀ ਦੇ ਗਲ ਹੱਥਾ ਮਾਰਿਆ ਤੇ ਉਸ ਦੀ ਗਰਦਨ ਫੜ ਕੇ ਘੰਡੀ ਨੱਪਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਦੋਂ ਉਸ ਨੂੰ ਇਹ ਅਹਿਸਾਸ ਹੋਇਆ ਕਿ ਕੈਮਰਾ ਜੀ ਮਹਾਰਾਜ ਉਨ੍ਹਾਂ ‘ਤੇ ਨਿਗ੍ਹਾ ਰੱਖ ਰਹੇ ਹਨ ਤਾਂ ਉਹ ਮੁਸ਼ਕੜੀ ਹਾਸੀ ਹਸਦਿਆਂ ਪਿੱਛੇ ਹੋ ਗਿਆ। ਕੁੱਲ ਮਿਲਾ ਕੇ ਕੁਝ ਮਿੰਟ ਦੇ ਵਿਰੋਧ ਤੋਂ ਬਾਅਦ ਉਹ ਵਿਅਕਤੀ ਚਲਾ ਤਾਂ ਗਿਆ ਪਰ ਇਸ ਦੇ ਬਾਵਜੂਦ ਪਿੱਛੇ ਛੱਡ ਗਿਆ ਕਈ ਅਜਿਹੀਆਂ ਯਾਦਾਂ ਜਿਸ ਵਿੱਚ ਹਰਮਿੰਦਰ ਸਿੰਘ ਗਿੱਲ ਵਿਧਾਨ ਸਭਾ ਅੰਦਰ ਗਿਆਨੀ ਗੁਰਬਚਨ ਸਿੰਘ ਨੂੰ ਕਛਿਹਰੀਆਂ ਅਤੇ ਡੰਗਰਾਂ ਦਾ ਵਪਾਰੀ ਦੱਸ ਰਹੇ ਹਨ, ਪਿੱਛੇ ਛੱਡ ਗਿਆ ਉਹ ਯਾਦਾਂ ਜਿਸ ਵਿੱਚ ਹਰਮਿੰਦਰ ਸਿੰਘ ਗਿੱਲ ਨੇ ਕੁਝ ਸਮਾਂ ਪਹਿਲਾਂ ਸਟੇਜ ਤੋਂ ਬੋਲਦਿਆਂ ਬੀਬੀ ਜਗੀਰ ਕੌਰ ਦੀ ਤੁਲਨਾ ਹੇਮਾ ਮਾਲਿਨੀ ਤੱਕ ਨਾਲ ਕਰ ਦਿੱਤੀ ਸੀ ਤੇ ਇਹ ਸਭ ਯਾਦ ਕਰਕੇ ਪੰਡਾਲ ‘ਚ ਬੈਠੇ ਲੋਕ ਇੱਕ ਦੂਜੇ ਵੱਲ ਦੇਖ ਖੱਚਰੀ ਹਾਸੀ ਹੱਸਦੇ ਕਹਿ ਰਹੇ ਸਨ, ਕਿ ਕਦੀ ਕਦੀ ਕੋਈ ਸੇਰ ਨੂੰ ਸਵਾ ਸੇਰ ਵੀ ਟੱਕਰ ਜਾਂਦਾ ਹੈ।

- Advertisement -

Share this Article
Leave a comment