ਆਪਣੇ ਛੋਟੇ ਭਰਾ ਗੁਰਦਾਸ ਬਾਦਲ ਦਾ ਹਾਲ ਜਾਨਣ ਪੀਜੀਆਈ ਪੁੱਜੇ ‘ਵੱਡੇ ਬਾਦਲ’ ਹੋਏ ਭਾਵੁਕ

Prabhjot Kaur
2 Min Read

ਚੰਡੀਗੜ੍ਹ: ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਛੋਟੇ ਭਰਾ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਦੀ ਸਿਹਤ ਜਾਨਣ ਲਈ ਅੱਜ ਪੀਜੀਆਈ ਪੁੱਜੇ। ਜਿੱਥੇ ਉਨ੍ਹਾਂ ਨੇ ਆਪਣੇ ਛੋਟੇ ਭਰਾ ਗੁਰਦਾਸ ਬਾਦਲ ਦਾ ਹਾਲਚਾਲ ਪੁੱਛਿਆ ਤੇ ਉਨ੍ਹਾਂ ਦੀ ਸਿਹਤ ਲਈ ਵਾਹਿਗੁਰੂ ਅੱਗੇ ਅਰਦਾਸ ਵੀ ਕੀਤੀ।

ਜੇਰੇ ਇਲਾਜ ਗੁਰਦਾਸ ਬਾਦਲ ਦਾ ਹਾਲਚਾਲ ਜਾਣਨ ਮਗਰੋਂ ਪ੍ਰਕਾਸ਼ ਸਿੰਘ ਬਾਦਲ ਨੇ ਹਸਪਤਾਲ ਵਾਰਡ ਤੋਂ ਬਾਹਰ ਆ ਕੇ ਪੱਤਰਕਾਰਾਂ ਦੇ ਸਵਾਲਾਂ ਦਾ ਵੀ ਜਵਾਬ ਦਿੱਤਾ। ਇਸ ਦੌਰਾਨ ਉਹ ਕਾਫੀ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਗੁਰਦਾਸ ਬਾਦਲ ਦੀ ਸਿਹਤ ਚ ਹੁਣ ਸੁਧਾਰ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸ ਬਾਦਲ ਦੀ ਡਾਕਟਰਾਂ ਨੇ ਕਈ ਟੈਸਟ ਕੀਤੇ ਹਨ ਤੇ ਆਉਂਦੇ 2-3 ਦਿਨਾਂ ਚ ਉਨ੍ਹਾਂ ਪੀਜੀਆਈ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਇਸਦੇ ਨਾਲ ਹੀ ਬਾਦਲ ਨੇ ਕਿਹਾ ਕਿ ਗੁਰਦਾਸ ਬਾਦਲ ਦੀ ਸਿਹਤ ਲਈ ਉਹ ਅਰਦਾਸ ਕਰਦੇ ਹਨ ਤੇ ਉਹ ਚਾਹੁੰਦੇ ਹਨ ਕਿ ਗੁਰਦਾਸ ਬਾਦਲ ਛੇਤੀ ਤੋਂ ਛੇਤੀ ਤੰਦਰੁਸਤ ਹੋ ਜਾਣ।

ਦੱਸ ਦਈਏ ਕਿ ਸਿਹਤ ਵਿਗੜਨ ਕਾਰਨ ਗੁਰਦਾਸ ਬਾਦਲ ਨੂੰ ਲੰਘੇ ਦਿਨ ਪੀਜੀਆਈ `ਚ ਭਰਤੀ ਕਰਵਾਇਆ ਗਿਆ ਸੀ ਅਤੇ ਹੁਣ ਉਹਨਾਂ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਗੁਰਦਾਸ ਸਿੰਘ ਬਾਦਲ ਨੂੰ ਸਾਹ ਲੈਣ ਵਿਚ ਤਕਲੀਫ਼ ਆਉਂਦੀ ਸੀ ਤੇ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਬਠਿੰਡਾ ਦੇ ਇਕ ਨਿਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ। ਜਿਥੋਂ ਉਨ੍ਹਾਂ ਦੀ ਸਿਹਤ ਖ਼ਰਾਬ ਦੇਖ ਕੇ ਗੁਰਦਾਸ ਸਿੰਘ ਬਾਦਲ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਸੀ।

Share this Article
Leave a comment