ਆਖਿਰ ਸਾਥੀ ਕਾਮਰਾਨ ਸਣੇ ਮੁਕਾਬਲੇ ‘ਚ ਮਾਰਿਆ ਹੀ ਗਿਆ ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਗਾਜ਼ੀ

Prabhjot Kaur
3 Min Read

ਚੰਡੀਗੜ੍ਹ : ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ‘ਚ ਸੀਆਰਪੀਐਫ ਦੇ ਕਾਫਲੇ ‘ਤੇ ਆਤਮਘਾਤੀ ਹਮਲੇ ‘ਚ 40 ਤੋਂ ਵੱਧ ਜਵਾਨਾਂ ਨੂੰ ਸ਼ਹੀਦ ਕਰ ਦੇਣ ਦੇ ਮਾਮਲੇ ਦਾ ਮਾਸਟਰਮਾਈਂਡ ਅਬਦੁਲ ਰਸ਼ੀਦ ਗਾਜ਼ੀ ਆਪਣੇ ਸਾਥੀ ਕਾਮਰਾਨ ਸਣੇ ਪੁਲਵਾਮਾ ਦੇ ਪਿੰਗਲੇਨਾ ਇਲਾਕੇ ਅੰਦਰ ਬੀਤੀ ਰਾਤ 1 ਵਜੇ ਤੋਂ ਫੌਜ ਨਾਲ ਜਾਰੀ ਮੁਕਾਬਲੇ ਦੌਰਾਨ ਮਾਰਿਆ ਗਿਆ। ਹਾਲਾਂਕਿ ਇਸ ਮਾਮਲੇ ਦੀ ਅਜੇ ਤੱਕ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਹੈ, ਪਰ ਸੂਤਰਾਂ ਅਨੁਸਾਰ ਇਹ ਉਹੀ ਅੱਤਵਾਦੀ ਹੈ ਜਿਸ ਨੇ ਪੁਲਵਾਮਾ ਹਮਲੇ ਦੀ ਸ਼ਾਜਿਸ਼ ਘੜੀ ਸੀ। ਇਸ ਮੁਕਾਬਲੇ ਦੌਰਾਨ 55 ਰਾਸ਼ਟਰੀ ਰਾਈਫਲ ਦੇ 1 ਮੇਜ਼ਰ ਸਣੇ 3 ਹੋਰ ਜਵਾਨਾਂ ਦੇ ਸ਼ਹੀਦ ਹੋਣ ਦੀ ਗੱਲ ਵੀ ਆਖੀ ਜਾ ਰਹੀ ਹੈ।

ਮੁਕਾਬਲੇ ਵਾਲੀ ਥਾਂ ਤੋਂ ਸੂਤਰਾਂ ਨੇ ਦਿੱਤੀ ਜਾਣਕਾਰੀ ਅਨੁਸਾਰ ਮਾਰਿਆ ਗਿਆ ਅਬਦੁਲ ਰਸੀਦ ਗਾਂਜ਼ੀ ਅਤੇ ਉਸ ਦਾ ਸਾਥੀ ਕਾਮਰਾਨ ਦੋਵੇਂ ਪਾਕਿਸਤਾਨ ਅਧਾਰਿਤ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਟੌਪ ਕਮਾਂਡਰ ਮੰਨੇ ਜਾਂਦੇ ਸਨ। ਇਨ੍ਹਾਂ ਵਿੱਚ ਅਬਦੁਲ ਰਸੀਦ ਗਾਜ਼ੀ ਜੈਸ਼-ਏ-ਮੁਹੰਮਦ ਅੱਤਵਾਦੀ ਜਥੇਬੰਦੀ ਦੇ ਮੁਖੀ ਅਜ਼ਰ ਮਸੂਦ ਦਾ ਭਤੀਜਾ ਦੱਸਿਆ ਜਾਂਦਾ ਹੈ। ਸੂਤਰਾਂ ਅਨੁਸਾਰ ਗਾਜ਼ੀ ਸਾਲ 2008 ‘ਚ ਜੈਸ਼ ਨਾਲ ਜੁੜਿਆ ਸੀ ਤੇ ਉਸ ਨੇ ਪਹਿਲਾਂ ਆਪ ਖੁਦ ਤਾਲਿਬਾਨ ਤੋਂ ਸਿਖਲਾਈ ਹਾਸਲ ਕੀਤੀ ਤੇ ਬਾਅਦ ਵਿੱਚ ਉਹ ਅਫਗਾਨੀਸਤਾਨ ਚਲਾ ਗਿਆ ਜਿੱਥੇ ਉਹ ਤਾਲਿਬਾਨੀ ਅੱਤਵਾਦੀਆਂ ਨੂੰ ਆਈ ਈ ਡੀ ਧਮਾਕੇ ਕਰਨ ਦੀ ਟ੍ਰੇਨਿੰਗ ਦਿੰਦਾ ਰਿਹਾ। ਸੂਤਰ ਦੱਸਦੇ ਹਨ ਕਿ ਗਾਜ਼ੀ ਨੇ ਆਪ ਵੀ ਨੈਟੋ ਅਤੇ ਅਮਰੀਕਾ ਦੀਆਂ ਫੌਜਾਂ ਦੇ ਖਿਲਾਫ ਕਈ ਵਾਰ ਲੜਾਈ ਲੜੀ ਸੀ ਤੇ ਇਹ ਆਈ ਈ ਧਮਾਕੇ ਕਰਨ ਦਾ ਮਾਹਰ ਮੰਨਿਆ ਜਾਂਦਾ ਹੈ।

ਦੱਸ ਦਈਏ ਕਿ ਬੀਤੀ ਰਾਤ 55 ਰਾਸ਼ਟਰੀ ਰਾਈਫਲ ਅਤੇ ਫੌਜ ਨੂੰ ਇਹ ਖੂਫੀਆ ਜਾਣਕਾਰੀ ਮਿਲੀ ਸੀ ਕਿ ਪੁਲਵਾਮਾ ਦੇ ਪਿੰਗਲੇਨਾ ਇਲਾਕੇ ਵਿੱਚ 4 ਤੋਂ 5 ਅੱਤਵਾਦੀ ਛੁਪੇ ਬੈਠੇ ਹਨ । ਜਿਸ ਤੋਂ ਬਾਅਦ ਚਾਰੇ ਪਾਸੇ ਇਲਾਕਾ ਸੀਲ ਕਰਕੇ ਰਾਤ ਦੇ 1 ਵਜੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ। ਇਸ ਦੌਰਾਨ ਗਾਜ਼ੀ ਅਤੇ ਉਸ ਦੇ ਸਾਥੀਆਂ ਨੇ ਸੁਰੱਖਿਆ ਦਸਤਿਆਂ ‘ਤੇ ਘਾਤ ਲਾ ਕੇ ਹਮਲਾ ਕਰ ਦਿੱਤਾ, ਜਿਸ ਸ਼ੁਰੂਆਤੀ ਹਮਲੇ ਵਿੱਚ ਇੱਕ ਮੇਜ਼ਰ ਸਣੇ 3 ਹੋਰ ਜਵਾਨ ਸ਼ਹੀਦ ਹੋ ਗਏ। ਫੌਜ ਦੇ ਸੂਤਰਾਂ ਅਨੁਸਾਰ ਇਹ ਹਮਲਾ ਸਿਖਲਾਈ ਹਾਸਲ ਅੱਤਵਾਦੀਆਂ ਵੱਲੋਂ ਕੀਤਾ ਗਿਆ ਸੀ ਇਸੇ ਲਈ ਅਚਾਨਕ ਛੁਪ ਕੇ ਕੀਤੇ ਗਏ ਹਮਲੇ ਵਿੱਚ ਨੁਕਸਾਨ ਵੱਧ ਹੋਗਿਆ ਪਰ ਇਸ ਦੇ ਨਾਲ ਹੀ ਇਸ ਗੱਲ ਦੀ ਤਸੱਲੀ ਵੀ ਪ੍ਰਗਟ ਕੀਤੀ ਗਈ ਕਿ ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਘਟਨਾ ਤੋਂ 100 ਘੰਟੇ ਦੇ ਅੰਦਰ ਅੰਦਰ ਮਾਰ ਕੇ ਉਨ੍ਹਾਂ ਤੋਂ ਬਦਲਾ ਲੈ ਲਿਆ ਗਿਆ। ਸੁਰੱਖਿਆ ਮਾਹਰਾਂ ਨੇ ਇਸ ਗੱਲ ਦੀ ਵੀ ਤਸੱਲੀ ਪ੍ਰਗਟਾਈ ਕਿ ਅਬਦੁਲ ਰਸੀਦ ਗਾਜ਼ੀ ਦੇ ਮਾਰੇ ਜਾਣ ਨਾਲ ਕਸ਼ਮੀਰ ਅੰਦਰ ਵੱਡੇ ਆਈਈਡੀ ਧਮਾਕਿਆਂ ਦੀਆਂ ਘਟਨਾਵਾਂ ਦਾ ਖ਼ਤਰਾ ਟਲ ਗਿਆ ਹੈ ਕਿਉਂਕਿ ਗਾਜ਼ੀ ਆਪ ਖੁਦ ਆਈਡੀ ਤਿਆਰ ਕਰਨ ਅਤੇ ਉਸ ਨੂੰ ਗੱਡੀਆਂ ‘ਚ ਫਿੱਟ ਕਰਨ ਦਾ ਮਾਹਰ ਮੰਨਿਆ ਜਾਂਦਾ ਸੀ।

 

- Advertisement -

Share this Article
Leave a comment