• 11:33 am
Go Back

ਉਪਕਾਰ, ਰਾਮ ਔਰ ਸ਼ਾਮ, ਜਾਨੀ ਮੇਰਾ ਨਾਮ, ਸ਼ਹੀਦ, ਮਧੂਮਤੀ, ਗੁਮਨਾਮ, ਹੀਰ ਰਾਂਝਾ, ਜ਼ੰਜੀਰ, ਪੂਰਬ ਔਰ ਪੱਛਮ, ਬੌਬੀ, ਕਸ਼ਮੀਰ ਕੀ ਕਲੀ, ਪੱਥਰ ਕੇ ਸਨਮ ਅਤੇ ਸਨਮ ਬੇਵਫ਼ਾ ਆਦਿ ਜਿਹੀਆਂ ਸੁਪਰਹਿਟ ਫ਼ਿਲਮਾਂ ਸਣੇ ਪੰਜ ਸੌ ਦੇ ਕਰੀਬ ਫ਼ਿਲਮਾਂ `ਚ ਖਲਨਾਇਕ ਅਤੇ ਚਰਿੱਤਰ ਅਭਿਨੇਤਾ ਵਜੋਂ ਕੰਮ ਕਰਨ ਵਾਲੇ ਅਦਾਕਾਰ ਪ੍ਰਾਣ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਸ ਨੇ ਆਪਣਾ ਫ਼ਿਲਮੀ ਸਫ਼ਰ ਨਿਰਮਾਤਾ ਡੀ. ਐਸ. ਪੰਚੋਲੀ ਦੁਆਰਾ ਸੰਨ 1939 ਵਿਚ ਲਾਹੌਰ ਵਿਖੇ ਬਣਾਈ ਪੰਜਾਬੀ ਫ਼ਿਲਮ `ਯਮਲਾ ਜੱਟ` ਨਾਲ ਆਰੰਭ ਕੀਤਾ ਸੀ। ਪ੍ਰਾਣ ਇਸ ਫ਼ਿਲਮ ਦਾ ਨਾਇਕ ਸੀ ਤੇ ਨਾਇਕਾ ਸੀ ‘ਅੰਜਨਾ`।

ਸੰਨ 1942 ਵਿਚ ਉਸਨੇ ਅਦਾਕਾਰਾ ਨੂਰਜਹਾਂ ਨਾਲ ਬਤੌਰ ਨਾਇਕ ਪਹਿਲੀ ਹਿੰਦੀ ਫ਼ਿਲਮ ‘ਖ਼ਾਨਦਾਨ` ਕੀਤੀ ਸੀ ਜੋ ਕਿ ਨਾਕਾਮਯਾਬ ਰਹੀ ਤੇ ਫਿਰ ਇੱਕਾ-ਦੁੱਕਾ ਫ਼ਿਲਮਾਂ ਕਰਨ ਤੋਂ ਬਾਅਦ ਪ੍ਰਾਣ ਨੂੰ ਕੰਮ ਮਿਲਣਾ ਬੰਦ ਹੋ ਗਿਆ ਤੇ ਉਹ ਪ੍ਰੇਸ਼ਾਨ ਰਹਿਣ ਲਗ ਪਿਆ।

ਸੰਨ 1947 ਵਿਚ ਹੋਈ ਮੁਲਕ ਵੰਡ ਸਮੇਂ ਉਹ ਆਪਣੀ ਪਤਨੀ ਤੇ ਇਕ ਸਾਲ ਦੀ ਧੀ ਨਾਲ ਮੁੰਬਈ ਆ ਪਹੁੰਚਿਆ ਤਾਂ ਜੋ ਉਸਦੇ ਅੰਦਰ ਵੱਸਿਆ ਸਫ਼ਲ ਅਦਾਕਾਰ ਬਣਨ ਦਾ ਜਨੂੰਨ ਪੂਰਾ ਹੋ ਸਕੇ। ਹੋਟਲ ਤਾਜ `ਚ ਪਰਿਵਾਰ ਸਮੇਤ ਠਹਿਰੇ ਪ੍ਰਾਣ ਨੇ ਫ਼ਿਲਮਾਂ `ਚ ਕੰਮ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਿਵਾਏ ਨਾਕਾਮੀ ਤੋਂ ਕੁਝ ਵੀ ਪੱਲੇ ਨਾ ਪਿਆ ਤੇ ਪਤਨੀ ਦੇ ਗਹਿਣੇ ਇਕ-ਇਕ ਕਰਕੇ ਵੇਚਣ ਪਿੱਛੋਂ ਉਸਨੂੰ ਮਜਬੂਰਨ ਗੰਦੀਆਂ ਬਸਤੀਆਂ ਵਿਚ ਆਪਣੀ ਠਾਹਰ ਰੱਖਣੀ ਪਈ। ਇਕ ਦਿਨ ਪ੍ਰਾਣ ਨੇ ਡਾਂਸਰ ਕੁੱਕੂ ਨੂੰ ਕੋਈ ਛੋਟੀ-ਮੋਟੀ ਭੂਮਿਕਾ ਦੁਆਉਣ ਦੀ ਅਰਜ਼ ਕੀਤੀ ਜੋ ਉਸ ਨੇ ਮੰਨ ਲਈ।

ਅਖ਼ੀਰ ਕੁੱਕੂ ਦੀ ਸਿਫ਼ਾਰਿਸ਼ `ਤੇ ਨਿਰਦੇਸ਼ਕ ਸ਼ਾਹਿਦ ਲਤੀਫ਼ ਨੇ ਦੇਵ ਅਨੰਦ ਅਤੇ ਕਾਮਿਨੀ ਕੌਸ਼ਲ ਦੀਆਂ ਮੁੱਖ ਭੂਮਿਕਾਵਾਂ ਵਾਲੀ ਫ਼ਿਲਮ ‘ਜ਼ਿੱਦੀ` ਵਿਚ ਪ੍ਰਾਣ ਨੂੰ ਖਲਨਾਇਕ ਦੀ ਇਕ ਛੋਟੀ ਜਿਹੀ ਭੂਮਿਕਾ ਅਦਾ ਕਰਨ ਨੂੰ ਦਿੱਤੀ ਜੋ ਉਸ ਨੇ ਇਸ ਸ਼ਿੱਦਤ ਨਾਲ ਨਿਭਾਈ ਕਿ ਲੋਕ ਅਸ਼-ਅਸ਼ ਕਰ ਉੱਠੇ। ਇਸ ਫ਼ਿਲਮ ਨੇ ਪ੍ਰਾਣ ਦੀ ਇਕ ਸਫ਼ਲ ਅਦਾਕਾਰ ਬਣਨ ਦੀ ਜ਼ਿੱਦ ਪੂਰੀ ਕਰ ਹੀ ਦਿੱਤੀ ਤੇ ਬਾਲੀਵੁੱਡ ਨੂੰ ਇਕ ਸੰਪੂਰਨ ਅਦਾਕਾਰ ਇਸ ਜ਼ਿੱਦ ਕਾਰਨ ਹੀ ਹਾਸਿਲ ਹੋ ਸਕਿਆ ਸੀ।

Facebook Comments
Facebook Comment