• 4:05 pm
Go Back

ਫਰੀਦਕੋਟ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਵੀਰਵਾਰ ਨੂੰ ਅਚਾਨਕ ਸਿਹਤ ਵਿਗੜ ਗਈ। ਇਸ ਕਰਕੇ ਮੀਟਿੰਗਾਂ ਰੱਦ ਕਰਨੀਆਂ ਪਈਆਂ ਤੇ ਦੂਰੋਂ-ਦੂਰੋਂ ਪਹੁੰਚੇ ਲੀਡਰਾਂ ਤੇ ਵਰਕਰਾਂ ਨੂੰ ਬੇਰੰਗ ਮੁੜਨਾ ਪਿਆ। ਦੱਸ ਦਈਏ ਕਿ ਸੁਖਬੀਰ ਬਾਦਲ ਅੱਜਕੱਲ੍ਹ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰ ਰਹੇ ਹਨ।

ਵੀਰਵਾਰ ਨੂੰ ਉਨ੍ਹਾਂ ਫਰੀਦਕੋਟ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗ ਕਰਨੀ ਸੀ ਪਰ ਸੁਖਬੀਰ ਦੀ ਅਚਾਨਕ ਸਿਹਤ ਖ਼ਰਾਬ ਹੋਣ ਕਾਰਨ ਇਹ ਮੀਟਿੰਗ ਰੱਦ ਹੋ ਗਈ। ਅਕਾਲੀ ਦਲ ਦੇ ਮੁੱਖ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਸਿਹਤ ਠੀਕ ਨਾ ਹੋਣ ਕਾਰਨ ਮੀਟਿੰਗ ਰੱਦ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ ਜਲਦੀ ਮੁੜ ਮੀਟਿੰਗ ਦਾ ਐਲਾਨ ਕੀਤਾ ਜਾਵੇਗਾ।

ਜਿਕਰਯੋਗ ਹੈ ਕਿ ਅਕਾਲੀ ਦਲ ਦੀ 16 ਸਤੰਬਰ ਦੀ ਵਿਵਾਦਤ ਰੈਲੀ ਤੋਂ ਬਾਅਦ ਸੁਖਬੀਰ ਬਾਦਲ ਨੇ ਵੀਰਵਾਰ ਨੂੰ ਪਹਿਲੀ ਵਾਰ ਫਰੀਦਕੋਟ ਆਉਣਾ ਸੀ। ਬੇਅਦਬੀ ਦੀਆਂ ਸਮੁੱਚੀਆਂ ਘਟਨਾਵਾਂ ਫਰੀਦਕੋਟ ਜ਼ਿਲ੍ਹੇ ਵਿੱਚ ਵਾਪਰੀਆਂ ਸਨ, ਜਿਸ ਕਰਕੇ ਅਕਾਲੀ ਇੱਥੇ ਮੀਟਿੰਗਾਂ ਤੇ ਰੈਲੀਆਂ ਕਰਕੇ ਆਪਣੀ ਵਾਪਸੀ ਕਰਨਾ ਚਾਹੁੰਦੇ ਹਨ।

 

ਇਸੇ ਤਹਿਤ ਸੁਖਬੀਰ ਬਾਦਲ ਦਾ ਜੈਤੋ ਦੇ ਜੀਐਮ ਰਿਜ਼ਾਰਟ ਵਿੱਚ ਆਉਣ ਦਾ ਪ੍ਰੋਗਰਾਮ ਸੀ ਪਰ ਦੋ ਘੰਟਿਆਂ ਦੀ ਇੰਤਜ਼ਾਰ ਮਗਰੋਂ ਉਨ੍ਹਾਂ ਲੋਕਾਂ ਨੂੰ ਬਾਦਲ ਦੇ ਨਾ ਪਹੁੰਚਣ ਦੀ ਸੂਚਨਾ ਸੁਣ ਕੇ ਘਰੀਂ ਮੁੜਨਾ ਪਿਆ। ਇਹ ਪ੍ਰੋਗਰਾਮ ਮਾਘੀ ਮੇਲੇ ਮੌਕੇ ਮੁਕਤਸਰ ਵਿੱਚ ਹੋਣ ਵਾਲੀ ਕਾਨਫਰੰਸ ’ਤੇ ਵਰਕਰਾਂ ਨੂੰ ਪਹੁੰਚਣ ਲਈ ਸੱਦਾ ਦੇਣ ਲਈ ਰੱਖਿਆ ਗਿਆ ਸੀ।

 

Facebook Comments
Facebook Comment