• 11:30 am
Go Back

ਕਿਹਾ ਮੇਰੀ ਰਿਹਾਈ ਲਈ ਯਤਨ ਨਾ ਕਰੋ ਤੇ ਨਾ ਹੀ ਆਪਣੇ ਨਾਲ ਮੇਰਾ ਨਾਮ ਜੋੜੋ, ਮੇਰਾ ਇੰਨਾਂ ਸਾਜਿਸ਼ਾਂ ਨਾਲ ਕੋਈ ਸਬੰਧ ਨਹੀਂ

ਪਟਿਆਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਅੰਤ ਸਿੰਘ ਕਤਲ ਕਾਂਡ ਵਿੱਚ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਸਜਾ
ਭੁਗਤ ਰਹੇ ਬਲਵੰਤ ਸਿੱਘ ਰਾਜੋਆਣਾ ਨੇ ਇੱਕ ਚਿੱਠੀ ਲਿਖ ਕੇ ਜਿੱਥੇ ਮੁਤਬਾਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਏਜੰਸੀਆਂ ਦਾ ਹੱਥ-ਠੋਕਾ ਦੱਸਿਆ ਹੈ, ਉੱਥੇ ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਹਵਾਰਾ ਵੱਲੋਂ ਬਣਾਈ ਗਈ 5 ਮੈਂਬਰੀ ਕਮੇਟੀ ਨੇ ਉਨ੍ਹਾ ਦੀ ਰਿਹਾਈ ਲਈ ਯਤਨ ਕਰਨ ਸਬੰਧੀ ਜਿਹੜੇ ਧਰਨੇ ਮੁਜ਼ਾਹਰੇ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ ਉਸ ਦਾ ਉੁਹ ਵਿਰੋਧ ਕਰਦੇ ਹਨ । ਰਾਜੋਆਣਾ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਆਪਣੇ ਕਿਸੇ ਵੀ ਪ੍ਰੋਗਰਾਮ ਵਿੱਚ ਉਨ੍ਹਾਂ ਦਾ ਨਾਮ ਨਾ ਲਵੇ ਕਿਉਂਕਿ ਉਨ੍ਹਾਂ ਦਾ ਅਜਿਹੀ ਕਿਸੇ ਸਾਜ਼ਿਸ ਨਾਲ ਕੋਈ ਸਬੰਧ ਨਹੀਂ ਹੈ।

ਆਪਣੀ ਇਸ ਚਿੱਠੀ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸਾਲ 2015 ਨੂੰ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਹੋਈ ਬੇਅਦਬੀ ਤੋਂ ਬਾਅਦ ਸਰਬੱਤ ਖਾਲਸਾ ਦੀ ਆੜ ਵਿੱਚ ਕਾਂਗਰਸੀਆਂ ਅਤੇ ਏਜੰਸੀਆਂ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਉਨ੍ਹਾਂ ਦੀ ਰਿਹਾਈ ਲਈ ਯਤਨ ਕਰਨ ਅਤੇ ਧਰਨੇ ਦੇਣ ਦੀਆਂ ਜੋ ਖ਼ਬਰਾਂ ਸਾਹਮਣੇ ਆਈਆਂ ਹਨ ਉਨ੍ਹਾਂ ਬਾਰੇ ਉਹ ਇਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਕਥਿਤ ਅਖੌਤੀ ਜਥੇਦਾਰ ਜੱਥੇਦਾਰ ਜਗਤਾਰ ਸਿੰਘ ਹਵਾਰਾ 2015 ਤੋਂ ਹੀ ਏਜੰਸੀਆਂ ਦਾ ਹੱਥ ਠੋਕਾ ਬਣ ਕੇ ਖਾਲਸਾ ਪੰਥ ਨੂੰ ਗੁੰਮਰਾਹ ਕਰਨ ਦਾ ਯਤਨ ਅਤੇ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਅਮਰ ਸਿੰਘ ਚਾਹਲ ਅਤੇ ਜਸਪਾਲ ਸਿੰਘ ਹੇਰਾਂ ਵਰਗੇ ਲੋਕਾਂ ਨੂੰ ਏਜੰਸੀਆਂ ਦੇ ਕਰਿੰਦੇ ਦੱਸਦਿਆਂ ਕਿਹਾ ਕਿ ਇਨ੍ਹਾਂ ਨੂੰ ਪੰਥਕ ਆਗੂ ਬਨਾਉਣ ਦੀ ਕੋਸ਼ਿਸ਼ ਸਿਰਫ ਜਗਤਾਰ ਸਿੰਘ ਹਵਾਰੇ ਵਰਗਾ ਸ਼ੈਤਾਨੀ ਦਿਮਾਗ ਦਾ ਬੰਦਾ ਹੀ ਕਰ ਸਕਦਾ ਹੈ । ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਵਰਲਡ ਸਿੱਖ ਪਾਰਲੀਮੈਂਟ ਅਤੇ ਪੰਥਕ ਅਸੈਂਬਲੀ ਬਣਾ ਕੇ ਏਜੰਸੀਆਂ ਦੇ ਕਰਿੰਦਿਆਂ ਨੂੰ ਪੰਥਕ ਆਗੂ ਬਨਾਉਣ ਦੀ ਕੋਸ਼ਿਸ਼ ਕਰਨਾ ਜਗਤਾਰ ਸਿੰਘ ਹਵਾਰੇ ਵੱਲੋਂ ਕੀਤੇ ਗਏ ਉਹ ਪਾਪ ਹਨ ਜਿਸ ਦਾ ਫਲ ਸਾਡੀ ਸਿੱਖ ਕੌਮ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਇਨ੍ਹਾਂ ਲੋਕਾਂ ਹੱਥੋਂ ਗੁੰਮਰਾਹ ਹੋ ਕੇ ਭੋਗਣਾ ਪਵੇਗਾ ।

ਰਾਜੋਆਣਾ ਨੇ ਚਿੱਠੀ ਵਿੱਚ ਕਿਹਾ ਹੈ ਕਿ ਉਨ੍ਹਾਂ ਦਾ ਇਸ ਪੰਜ ਮੈਂਬਰੀ ਕਮੇਟੀ ਨੂੰ ਅਤੇ ਇਨ੍ਹਾਂ ਦੇ ਕਰਤਾ ਧਰਤਾ ਜੋ ਵੀ ਹਨ ਉਨ੍ਹਾਂ ਨੂੰ ਇਹੀ ਕਹਿਣਾ ਹੈ ਕਿ ਉਹ ਲੋਕ ਉਨ੍ਹਾਂ ਦੀ ਰਿਹਾਈ ਲਈ ਕੋਈ ਯਤਨ ਨਾ ਕਰਨ ਅਤੇ ਨਾ ਹੀ ਆਪਣੇ ਕਿਸੇ ਪ੍ਰੋਗਰਾਮ ਵਿੱਚ ਉਨ੍ਹਾਂ ਦਾ ਨਾਮ ਹੀ ਲੈਣ ਕਿਉਂਕਿ ਉਨ੍ਹਾਂ (ਰਾਜੋਆਣਾ) ਦਾ ਇੰਨਾਂ ਸਾਜਿਸ਼ਾਂ ਨਾਲ ਅਤੇ ਉਨ੍ਹਾਂ ਵਰਗੇ ਸਾਜਿਸ਼ੀ ਲੋਕਾਂ ਨਾਲ ਨਾ ਹੀ ਕੱਲ੍ਹ ਕੋਈ ਸਬੰਧ ਸੀ ਅਤੇ ਨਾ ਹੀ ਅੱਗੇ ਹੋਵੇਗਾ ।ਹਾਂ ਜੇਕਰ ਲੋਕਾਂ ਨੇ ਧਰਨਾ ਦੇਣਾ ਹੀ ਹੈ ਤਾਂ ਉਸ ਵਿਅਕਤੀ ਲਈ ਦਿੱਤਾ ਜਾਵੇ ਜਿਸ ਨੂੰ ਜੇਲ੍ਹ ਵਿੱਚ ਨਾ ਹੀ ਸੂਰਜ ਦੀ ਟਿੱਕੀ ਦਿੱਸਦੀ ਹੈ, ਨਾ ਹੀ ਉਸ ਨੂੰ ਬੈਠਣ ਦੀ ਇਜਾਜ਼ਤ ਹੈ,ਜਿਸ ਨੂੰ ਸਾਰਾ ਦਿਨ ਬੇੜੀਆਂ ਵਿੱਚ ਜਕੜ ਕੇ ਰੱਖਿਆ ਜਾਂਦਾ ਹੈ । ਰਾਜੋਆਣਾ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਕੋਈ ਸਮੱਸਿਆ ਨਹੀਂ ਹੈ ।

ਬਲਵੰਤ ਸਿੰਘ ਰਾਜੋਆਣਾ ਨੇ ਅੱਗੇ ਦੋਸ਼ ਲਾਇਆ ਕਿ, ਜਗਤਾਰ ਸਿੰਘ ਹਵਾਰੇ ਨੇ ਆਪਣੇ ਪਰਿਵਾਰ ਨੂੰ ਅਮਰੀਕਾ ਵਿੱਚ ਸੈੱਟ ਕੀਤਾ ਹੋਇਆ ਹੈ ਅਤੇ ਇੱਥੇ ਹੋਰ ਮਾਵਾਂ ਦੇ ਪੁੱਤਾਂ ਨੂੰ ਗੁੰਮਰਾਹ ਕਰਨ ਦੀਆਂ ਹਰ ਰੋਜ਼ ਨਵੀਆਂ- ਨਵੀਆਂ ਸਾਜਿਸ਼ਾਂ ਕਰ ਰਿਹਾ ਹੈ ।

ਰਾਜੋਆਣਾ ਨੇ ਅੱਗੇ ਦੋਸ਼ ਲਾਇਆ ਕਿ ਉਨ੍ਹਾਂ ਦਾ ਸਮੁੱਚੇ ਖਾਲਸਾ ਪੰਥ ਨੂੰ ਅਤੇ ਖ਼ਾਸ ਕਰਕੇ ਨੌਜਵਾਨਾਂ ਨੂੰ ਇਹੀ ਕਹਿਣਾ ਹੈ ਕਿ ਇਨ੍ਹਾਂ ਸਾਜਿਸ਼ੀ ਲੋਕਾਂ ਤੋਂ ਸੁਚੇਤ ਰਿਹਾ ਜਾਵੇ ।ਕਿਉਂਕਿ ਇਹ ਲੋਕ ਵੱਖ-ਵੱਖ ਮਾਖੌਟੇ ਪਾ ਕੇ, ਵੱਖ-ਵੱਖ ਚਿਹਰਿਆਂ ਨੂੰ ਅੱਗੇ ਕਰਕੇ ਪਿਛਲੇ 34 ਸਾਲਾਂ ਤੋਂ ਖਾਲਸਾ ਪੰਥ ਨੂੰ ਧੋਖਾ ਦੇ ਕੇ ਦੁਸ਼ਮਣੀ ਹਿੱਤਾਂ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।

ਰਾਜੋਆਣਾ ਅਨੁਸਾਰ ਉਨ੍ਹਾਂ ਦਾ ਜੀਵਨ ਖਾਲਸਾ ਪੰਥ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਹੈ । ਉਨ੍ਹਾਂ ਨੇ ਆਪਣਾ ਸਾਰਾ ਸ਼ੰਘਰਸ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਕੀਤਾ ਹੋਇਆ ਹੈ ਤੇ ਉਨ੍ਹਾਂ ਦੀ ਸਜ਼ਾ ਨਾਲ ਸਬੰਧਤ ਆਉਣ ਵਾਲਾ ਫੈਸਲਾ ਜੋ ਵੀ ਹੋਵੇਗਾ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ ।ਪਰ ਪੰਥਕ ਅਤੇ ਸ਼ੰਘਰਸੀ ਮਾਖੌਟੇ ਵਿੱਚ ਵਿਚਰਦੇ ਧੋਖੇਬਾਜ਼ ਲੋਕਾਂ ਨਾਲ ਚੱਲਣਾ, ਇਨ੍ਹਾਂ ਨਾਲ ਕੋਈ ਵੀ ਸਬੰਧ ਰੱਖਣਾ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ ।ਕਿਉਂਕਿ ਰਾਜੋਆਣਾ ਅਨੁਸਾਰ ਇਨ੍ਹਾਂ ਸਾਜਿਸ਼ੀ ਲੋਕਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਖਾਲਸਾ ਪੰਥ ਨੂੰ ਕਮਜ਼ੋਰ ਕਰਕੇ ਦੁਸ਼ਮਣੀ ਤਾਕਤਾਂ ਨੂੰ ਇਸ ਧਰਤੀ ਤੇ ਸਥਾਪਤ ਕਰਨਾ ਹੈ । ਜੋ ਕਿ ਰਾਜੋਆਣਾ ਨੂੰ ਕਿਸੇ ਵੀ ਕੀਮਤ ਤੇ ਮਨਜ਼ੂਰ ਨਹੀਂ ਹੈ ਕਿਉਂਕਿ ਉਹ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਦੇਖਣਾ ਚਾਹੁੰਦਾ ਹਨ, ਦੁਸ਼ਮਣੀ ਤਾਕਤਾਂ ਨੂੰ ਇਸ ਧਰਤੀ ਤੋਂ ਖ਼ਤਮ ਕਰਨਾ ਚਾਹੁੰਦਾ ਹਨ ।ਇਹੀ ਉਨ੍ਹਾਂ ਦੇ ਜੀਵਨ ਦਾ ਅਤੇ ਸ਼ੰਘਰਸ ਦਾ ਮਨੋਰਥ ਹੈ ।

 

Facebook Comments
Facebook Comment