• 10:46 am
Go Back

ਨਾਭਾ : ਤੁਸੀਂ ਕੀੜੀ ਵੱਲੋਂ ਹਾਥੀ ਦੀ ਸੁੰਢ ‘ਚ ਵੜ ਕੇ ਹਾਥੀ ਮਾਰਨ ਦੀ ਕਹਾਵਤ ਤਾਂ ਕਈ ਵਾਰ ਸੁਣੀ ਹੋਣੀ, ਪਰ ਕੀ ਕਦੇ ਕਿਸੇ ਭਰਿੰਡ ਦੰਦੀ ਵੱਢਣ ਨਾਲ ਬੰਦਾ ਮਰਨ ਦੀ ਗੱਲ ਸੁਣੀ ਹੈ? ਜੀ ਹਾਂ, ਇਹ ਸੱਚੀ ਗੱਲ ਹੈ ਤੇ ਇਹ ਘਟਨਾ ਵਾਪਰੀ ਹੈ ਇੱਥੋਂ ਦੇ ਮੁਹੱਲਾ ਜੱਟਾਂ ਵਾਲਾ ਦੇ ਵਸਨੀਕ ਅਮ੍ਰਿਤਪਾਲ ਸ਼ਰਮਾਂ ਨਾਮ ਦੇ ਇੱਕ 33 ਸਾਲਾ ਨੌਜਵਾਨ ਨਾਲ। ਜਿਸ ਨੂੰ ਇੱਕ ਪੀਲੇ ਰੰਗ ਦੀ ਭਰਿੰਡ ਨੇ ਦੰਦੀ ਵੱਢ ਲਈ ਤੇ ਦੇਖਦੇ ਹੀ ਦੇਖਦੇ ਅਮ੍ਰਿਤਪਾਲ ਤੜਫ ਕੇ ਜਾਨ ਗਵਾ ਗਿਆ। ਇਲਾਕੇ ਵਿੱਚ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਸ਼ਹਿਰ ਵਾਸੀਆਂ ਵਿੱਚ ਭਰਿੰਡਾ ਦੀ ਇੰਨੀ ਦਹਿਸ਼ਤ ਪੈ ਗਈ ਹੈ ਕਿ ਹਰ ਪਾਸੇ ਕੋਈ ਨਾ ਕੋਈ ਡੰਡੇ ਅੱਗੇ ਤੇਲ ਵਾਲਾ ਕੱਪੜਾ ਬੰਨ੍ਹ ਕੇ ਉਸ ਨੂੰ ਅੱਗ ਲਾ ਭਰਿੰਡਾ ਦੇ ਛੱਤੇ ਫੂਕਦਾ ਦਿਖਾਈ ਦੇ ਜਾਂਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਭਰਿੰਡ ਨੇ ਅਮ੍ਰਿਤਪਾਲ ਸ਼ਰਮਾਂ ਦੀ ਗਰਦਨ ‘ਤੇ ਦੰਦੀ ਵੱਢੀ ਸੀ ਤੇ ਪਰਿਵਾਰਕ ਮੈਂਬਰਾਂ ਮੁਤਾਬਕ ਅਮ੍ਰਿਤਪਾਲ ਨੂੰ ਪਹਿਲਾਂ ਹੀ ਐਲਰਜੀ ਬਹੁਤ ਜਲਦੀ ਘੇਰ ਲੈਂਦੀ ਸੀ ਤੇ ਉਹ ਬੇਹੋਸ਼ ਵੀ ਹੋ ਜਾਂਦਾ ਸੀ। ਲਿਹਾਜਾ ਜਿਉਂ ਹੀ ਭਰਿੰਡ ਨੇ ਅਮ੍ਰਿਤਪਾਲ ਦੀ ਗਰਦਨ ‘ਤੇ ਦੰਦੀ ਵੱਢੀ, ਤਾਂ ਸੂਤਰਾਂ  ਅਨੁਸਾਰ ਉਸ ਦੀ ਗਰਦਨ ਨੇ ਸੁੱਜ ਕੇ ਸਾਹ ਵਾਲੀ ਨਾਲੀ ਨੂੰ ਬੰਦ ਕਰ ਦਿੱਤਾ ਤੇ ਇੰਝ ਸਾਹ ਨਾ ਆਉਣ ਕਾਰਨ ਅਮ੍ਰਿਤਪਾਲ ਦੀ ਦਮ ਘੁਟਣ ਨਾਲ ਮੌਤ ਹੋ ਗਈ। ਅਮ੍ਰਿਤਪਾਲ ਲੁਧਿਆਣਾ ਦੀ ਇੰਡਸ ਟਾਵਰ ਕੰਪਨੀ ਵਿੱਚ ਸਪੋਰਟ ਇੰਜਨੀਅਰ ਦੇ ਆਹੁਦੇ ‘ਤੇ ਤੈਨਾਤ ਸੀ, ਤੇ ਪਤਾ ਲੱਗਾ ਹੈ ਕਿ ਜਦੋਂ ਉਸ ਨੂੰ ਭਰਿੰਡ ਲੜੀ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਪਰ ਇਸ ਸਮੇਂ ਦੌਰਾਨ ਭਰਿੰਡ ਦੇ ਡੰਗ ਨੇ ਇੰਨੀ ਤੇਜੀ ਨਾਲ ਆਪਣਾ ਕੰਮ ਕੀਤਾ ਕਿ ਉਸ ਦੀ ਗਰਦਨ ‘ਤੇ ਮਿੰਟਾਂ ਵਿੱਚ ਹੀ ਸੋਜਾ ਆ ਗਿਆ। ਜਿਸ ਨੇ ਵਧ ਕੇ ਉਸ ਦੀ ਮੌਤ ਦੇ ਕਾਰਨ ਦਾ ਰੂਪ ਧਾਰਨ ਕਰ ਲਿਆ। ਸੂਤਰਾਂ ਅਨੁਸਾਰ ਜੇਕਰ ਅਮ੍ਰਿਤਪਾਲ ਨੂੰ ਸਮੇਂ ਸਿਰ ਐਂਟੀ ਐਲਰਜੀ ਟੀਕਾ ਲੱਗ ਜਾਂਦਾ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਸੀ। ਹੁਣ ਹਾਲਾਤ ਇਹ ਹਨ ਕਿ ਸ਼ਹਿਰ ਅੰਦਰ ਲੋਕ ਭਰਿੰਡਾ ਦੇ ਦੁਸ਼ਮਣ ਬਣ ਗਏ ਹਨ ਤੇ ਮਾਵਾਂ ਡਰਦੇ ਮਾਰੇ ਆਪਣੇ ਬੱਚਿਆਂ ਨੂੰ ਭਰਿੰਡਾ ਦੇ ਕਹਿਰ ਤੋਂ ਬਚਾਉਣ ਲਈ ਚਿੰਤਾ ਵਿੱਚ ਡੁੱਬੀਆਂ ਹੋਈਆਂ ਹਨ।

Facebook Comments
Facebook Comment