• 12:56 pm
Go Back

ਗੁਰਦਾਸਪੁਰ : ਪੰਜਾਬ ਦੇ ਹਲਕਾ ਗੁਰਦਾਸਪੁਰ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਤੇ ਫਿਲਮ ਅਦਾਕਾਰ ਸੰਨੀ ਦਿਓਲ ਅੱਜ ਹੋਏ ਇੱਕ ਸੜਕ ਹਾਦਸੇ ਦੌਰਾਨ ਉਸ ਵੇਲੇ ਵਾਲ ਵਾਲ ਬਚ ਗਏ, ਜਦੋਂ ਉਨ੍ਹਾਂ ਦੇ ਕਾਫਲੇ ਦੀਆਂ ਗੱਡੀਆਂ ਦੂਜੇ ਪਾਸਿਓਂ ਆਉਂਦੀ ਇੱਕ ਗੱਡੀ ਨਾਲ ਟਕਰਾ ਗਈਆਂ। ਸੰਨੀ ਦਿਓਲ ਦੀ ਗੱਡੀ ਨਾਲ ਟਕਰਾਈ ਇਹ ਸਾਹਮਣੇ ਆਉਂਦੀ ਗੱਡੀ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਹਾਦਸੇ ਵਿੱਚ ਸੰਨੀ ਦੀ ਗੱਡੀ ਦਾ ਟਾਇਰ ਪਾਟ ਗਿਆ। ਧਮਾਕੇ ਦੀ ਅਵਾਜ਼ ਤੋਂ ਬਾਅਦ ਟਾਇਰ ‘ਚੋਂ ਨਿੱਕਲਦੀ ਹਵਾ ਵਾਲੀ ਫੁਸ ਫੁਸ ਫੁਸ ਦੀ ਅਵਾਜ਼ ਉਸ ਵੇਲੇ ਦਬ ਕੇ ਰਹਿ ਗਈ, ਜਦੋਂ ਪਿੱਛੋਂ ਆਉਂਦੀਆਂ ਕਾਫਲੇ ਦੀਆਂ ਗੱਡੀਆਂ ਸੰਨੀ ਦਿਓਲ ਦੀ ਗੱਡੀ ਵਿੱਚ ਆਣ ਵੱਜੀਆਂ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਹੋਣੋਂ ਬਚ ਗਿਆ।

ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸੰਨੀ ਦਿਓਲ ਆਪਣੇ ਗੱਡੀਆਂ ਦੇ ਕਾਫਲੇ ਨਾਲ ਗੁਰਦਾਸਪੁਰ ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਪੈਂਦੇ ਪਿੰਡ ਸੋਹਲ ਨੇੜਿਓਂ ਲੰਘ ਰਹੇ ਸਨ। ਸੂਤਰਾਂ ਅਨੁਸਾਰ ਇਸ ਦੌਰਾਨ ਗਲਤ ਪਾਸੇ ਵੱਲੋਂ ਆਉਂਦੀ ਇੱਕ ਗੱਡੀ ਸੰਨੀ ਦਿਓਲ ਦੀ ਗੱਡੀ ਨਾਲ ਟਕਰਾਅ ਗਈ ਤੇ ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ, ਇੱਕ ਧਮਾਕੇ ਦੇ ਨਾਲ ਸੰਨੀ ਦੀ ਗੱਡੀ ਦਾ ਟਾਇਰ ਫਟ ਗਿਆ ਤੇ ਕਾਫਲੇ ਦੇ ਨਾਲ ਆ ਰਹੀਆਂ ਬਾਕੀ ਗੱਡੀਆਂ ਨੇ ਸੜਕ ਘਸਾ ਦੇਣ ਦੇ ਅੰਦਾਜ ਵਿੱਚ ਇੰਨੀ ਜੋਰ ਦੀ ਬ੍ਰੇਕ ਮਾਰੀ ਕਿ ਸੜਕ ਦੇ ਨਾਲ ਨਾਲ ਗੱਡੀ ਦੇ ਟਾਇਰਾਂ ਦੀਆਂ ਵੀ ਚੀਕਾਂ ਨਿੱਕਲ ਗਈਆਂ। ਚਾਰੇ ਪਾਸੇ ਹਫੜਾ ਦਫੜੀ ਮੱਚ ਗਈ ਤੇ ਕਾਫਲੇ ਦੇ ਨਾਲ ਚੱਲ ਰਹੇ ਲੋਕਾਂ ਨੇ ਉਸ ਵੇਲੇ ਸੁਖ ਦਾ ਸਾਹ ਲਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸੰਨੀ ਦਿਓਲ ਬਿਲਕੁਲ ਸੁਰੱਖਿਅਤ ਹਨ। ਪੁਲਿਸ ਇਸ ਹਾਦਸੇ ਦੀ ਡੁੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਇਹ ਘਟਨਾ ਕਿਵੇਂ ਅਤੇ ਕਿਉਂ ਵਾਪਰੀ ਹੈ।

Facebook Comments
Facebook Comment