• 2:20 pm
Go Back

ਅੰਮ੍ਰਿਤਸਰ: ਡੇਰਾ ਬਾਬਾ ਨਾਨਕ ‘ਚ ਕਾਰਸੇਵਾ ਦੌਰਾਨ ਪਹਿਲੀ ਪਾਤਸ਼ਾਹੀ ਨਾਲ ਸਬੰਧਿਤ ਮਿਲੀਆਂ ਦੋ ਪੁਰਾਤਨ ਖੂਹੀਆਂ ਨੂੰ ਢਾਹੇ ਜਾਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸਮਰਪਿਤ ਜਥੇਬੰਦੀ ਸੰਗਤ ਲਾਂਘਾ ਕਰਤਾਰਪੁਰ ਦੇ ਮੁੱਖ ਸੇਵਾਦਾਰ ਸ: ਬੀ.ਐਸ. ਗੁਰਾਇਆ ਨੇ ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ (ਗੁਰਦਾਸਪੁਰ) ਦੀ ਚਲ ਰਹੀ ਕਾਰ ਸੇਵਾ ‘ਤੇ ਪੁਰਾਤਨ ਨਿਸ਼ਾਨੀਆਂ ਨੂੰ ਖ਼ਤਮ ਕੀਤੇ ਜਾਣ ਸਬੰਧੀ ਇਤਰਾਜ਼ ਪ੍ਰਗਟ ਕੀਤਾ ਹੈ।

ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਕਰਵਾਈ ਜਾ ਰਹੀ ਨਵਉਸਾਰੀ ਦੇ ਦੌਰਾਨ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਦੋ ਪੁਰਾਤਨ ਖੂਹਾਂ ਨੂੰ ਢਾਹੇ ਜਾਣ ਦਾ ਦੋਸ਼ ਲਗਾਉਂਦਿਆਂ ਦੱਸਿਆ ਕਿ ਉਕਤ ਢਾਹੇ ਗਏ ਖੂਹ ਉਸ ਸਰਜੀ ਖੂਹ ਨਾਲੋ ਜ਼ਿਆਦਾ ਪੁਰਾਤਨ ਹਨ ਜਿਸ ਨੂੰ ਸੰਵਾਰਨ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਕਤ ਕਾਰ ਸੇਵਾ ਦਾ ਵਿਰੋਧ ਹੋਣ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 7 ਜੂਨ ਨੂੰ ਕਾਰ ਸੇਵਾ ਸ਼ੁਰੂ ਕਰਵਾ ਦਿੱਤੀ ਗਈ। ਜਿਸ ਦੇ ਚੱਲਦਿਆਂ ਨਵੀਂ ਨੀਂਹ ਰੱਖਣ ਲਈ ਗੁਰਦੁਆਰਾ ਸਾਹਿਬ ਦੇ ਦੁਆਲੇ ਪੁੱਟੀ ਗਈ ਲਗਪਗ 10 ਫੁੱਟ ਚੌੜੀ ਤੇ 10 ਫੁੱਟ ਡੂੰਘੀ ਖਾਈ ‘ਚ ਅਨੇਕਾਂ ਪੁਰਾਤਨ ਢਾਂਚੇ ਮਿਲੇ ਹਨ। ਇਨ੍ਹਾਂ ‘ਚੋਂ ਇਕ ਖੂਹ ਤੇ ਇਕ ਖੂਹੀ ਵੀ ਨਿਕਲੀ ਹੈ ਜਿਨ੍ਹਾਂ ਨੂੰ ਸਾਲ 1973 ‘ਚ ਕਰਵਾਈ ਗਈ ਕਾਰ ਸੇਵਾ ਵੇਲੇ ਢੱਕ ਦਿੱਤਾ ਗਿਆ ਸੀ। ਸ੍ਰੀ ਕਰਤਾਰਪੁਰ ਸਾਹਿਬ ਦੀ ਸਥਾਪਨਾ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ ਟਿਕਾਣਾ ਡੇਰਾ ਬਾਬਾ ਨਾਨਕ ‘ਚ ਅਜਿਤੇ ਰੰਧਾਵੇ ਦੇ ਖੂਹ ‘ਤੇ ਹੁੰਦਾ ਸੀ।

ਗੁਰਾਇਆ ਨੇ ਉਕਤ ਪੁਰਾਤਨ ਖੂਹਾਂ ਦੀ ਸੰਭਾਲ ਕਰਨ ਦੀ ਬਜਾਏ ਉਨ੍ਹਾਂ ਨੂੰ ਢਾਹੇ ਜਾਣ ਦੀ ਕਾਰਵਾਈ ‘ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਅਜੇ ਵੀ ਉਪਰਾਲਾ ਕਰਕੇ ਇਨ੍ਹਾਂ ਨੂੰ ਸੰਭਾਲਿਆ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਦਾ ਤੀਸਰਾ ਪਵਿੱਤਰ ਸਮਾਧੀ ਅਸਥਾਨ ਹੈ ਅਤੇ ਉਕਤ ਦੇ ਇਲਾਵਾ ਦੋ (ਕਬਰ ਤੇ ਸਮਾਧ) ਅਸਥਾਨ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਸ੍ਰੀ ਕਰਤਾਰਪੁਰ ਸਾਹਿਬ ‘ਚ ਹਨ।
ਓਧਰ ਗੁਰਦੁਆਰੇ ‘ਚ ਚੱਲ ਰਹੀ ਕਾਰ ਸੇਵਾ ਦਾ ਦੌਰਾ ਕਰਨ ਉਪਰੰਤ ਪੁਰਾਤਤਵ ਵਿਭਾਗ ਦੇ ਸੇਵਾ ਮੁਕਤ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਹ ਦੋਵੇਂ ਖੂਹੀਆਂ ਛੋਟੀ ਇੱਟ ਦੀਆਂ ਬਣੀਆਂ ਹਨ ਪਰ ਇਨ੍ਹਾਂ ਦਾ ਸਿੱਖ ਇਤਿਹਾਸ ਜਾਂ ਗੁਰ-ਇਤਿਹਾਸ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਹਦੂਦ ‘ਚ ਸਥਾਪਿਤ ਪੁਰਾਤਨ ਖੂਹ, ਜੋ ਅਜਿਤੇ ਰੰਧਾਵੇ ਦੇ ਖੂਹ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਦੇ ਨਜ਼ਦੀਕ ਕੀਤੀ ਖੁਦਾਈ ਦੌਰਾਨ ਸੁਰਖੀ ਅਤੇ ਚੂਨੇ ਨਾਲ ਬਣਿਆ ਇਕ ਹੋਰ ਥੜ੍ਹਾ ਮਿਲਿਆ ਹੈ। ਇਹ ਥੜ੍ਹਾ ਖੂਹ ਨੂੰ ਮਜ਼ਬੂਤੀ ਦੇਣ ਲਈ ਬਣਾਇਆ ਗਿਆ ਹੋਵੇਗਾ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਇਸ ਥੜ੍ਹੇ ਦੀ ਕਾਰ ਸੇਵਾ ਕਰ ਰਹੀ ਸੰਪਰਦਾ ਨੂੰ ਇਸ ਥੜ੍ਹੇ ਨਾਲ ਕੋਈ ਛੇੜਛਾੜ ਨਾ ਕਰਨ ਵਾਸਤੇ ਅਪੀਲ ਕੀਤੀ ਗਈ ਹੈ।

Facebook Comments
Facebook Comment