• 5:48 am
Go Back

ਅੰਮ੍ਰਿਤਸਰ : ਪੰਜਾਬੀ ਦੀ ਇੱਕ ਕਹਾਵਤ ਹੈ ‘ਕਲਾ ਕਲੰਤਰ ਵੱਸੇ ਤੇ ਘੜਿਓਂ ਪਾਣੀ ਨੱਸੇ’। ਜਿਸਦਾ ਮਤਲਬ ਹੈ ਕਿ ਜਿੱਥੇ ਕਲੇਸ਼ ਰਹਿੰਦਾ ਹੈ ਉਸ ਘਰ ਦੇ ਘੜੇ ਦਾ ਪਾਣੀ ਵੀ ਉਥੋਂ ਦੌੜ੍ਹ ਜਾਂਦਾ ਹੈ। ਕੁਝ ਏਹੋ ਹੀ ਹਾਲ ਏਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੈ ਜਿਸਨੂੰ ਇੱਕ ਪਾਸੇ ਉਸਦੀਆਂ ਵਿਰੋਧੀ ਪਾਰਟੀਆਂ ਘੇਰੀ ਖੜ੍ਹੀਆਂ ਹਨ, ਇਸਦੇ ਆਗੂਆਂ ਵੱਡੇ ਅਤੇ ਛੋਟੇ ਬਾਦਲਾਂ ਤੇ ਸਰਕਾਰ ਪਰਚਾ ਦਰਜ ਕਰਨ ਨੂੰ ਫਿਰਦੀ ਹੈ ਉੱਥੇ ਦੂਜੇ ਪਾਸੇ ਇਸਦੇ ਆਪਣੇ ਟਕਸਾਲੀ ਆਗੂਆਂ ਨੇ ਲੰਮਾ ਸਮਾਂ ਮੋਨੀ ਬਾਬਾ ਬਣੇ ਰਹਿਣ ਤੋਂ ਬਾਅਦ ਆਖਰਕਾਰ ਆਪਣੀ ਚੁੱਪੀ ਤੋੜੀ ਹੈ ਤੇ ਇਸ ਵੇਲੇ ਹਾਲਾਤ ਇਹ ਹਨ ਕਿ ‘ਮੈਂ ਸਾਫ਼ ਸੁਥਰਾ ਹਾਂ ਤੇ ਕਸੂਰ ਪਾਰਟੀ ਆਗੂਆਂ ਦਾ ਹੈ’ ਇਹੋ ਜਿਹੇ ਇਲਜ਼ਾਮ ਲਾ ਕੇ ਅਸਤੀਫਿਆਂ ਦੀ ਰਾਜਨੀਤੀ ਭਾਰੂ ਹੈ ਤੇ ਇਸੇ ਤਹਿਤ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੀ ਪ੍ਰਧਾਨਗੀ ਛੱਡਣ ਦੀ ਗੱਲ ਆਖ ਦਿੱਤੀ ਹੈ।

ਇਸ ਸਬੰਧ ਵਿੱਚ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੋਈ ਵੀ ਵਿਅਕਤੀ ਜਾਂ ਜੱਥੇਬੰਦੀ ਪਾਰਟੀ ਤੋਂ ਵੱਡੀ ਨਹੀਂ ਹੈ ਇਸ ਲਈ ਉਹ ਇਹ ਸਾਫ਼ ਕਰ ਦੇਣਾ ਚਾਹੁੰਦੇ ਹਨ ਕਿ ਜੇਕਰ ਪਾਰਟੀ ਦੀ ਇੱਛਾ ਹੋਈ ਤਾਂ ਉਹ ਪ੍ਰਧਾਨਗੀ ਛੱਡਣ ਨੂੰ ਤਿਆਰ ਹਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੱਥੇਬੰਦੀ ਨੇ ਉਨ੍ਹਾਂ ਨੂੰ ਪ੍ਰਧਾਨਗੀ ਸੌਂਪ ਕੇ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਜੱਥੇਬੰਦੀ ਇਹ ਕਹੇਗੀ ਕਿ ਤੁਸੀਂ ਸੇਵਾਮੁਕਤ ਹੋ ਜਾਊ ਤੇ ਹੁਣ ਪ੍ਰਧਾਨਗੀ ਕਿਸੇ ਹੋਰ ਨੂੰ ਦੇਣੀ ਹੈ ਤਾਂ ਉਹ ਇਸ ਲਈ ਤਿਆਰ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਹਰ ਸਟੇਜ ਤੇ ਇਹ ਗੱਲ ਆਖੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਹੈ, ਅੱਜ ਪਾਰਟੀ ਨੇ ਉਨ੍ਹਾਂ ਨੂੰ ਜਿੰਮੇਵਾਰੀ ਦਿੱਤੀ ਹੈ ਜਿਸਨੂੰ ਉਨ੍ਹਾਂ ਨੇ ਤਨਦੇਹੀ ਨਾਲ ਨਿਭਾਇਆ ਹੈ ਤੇ ਜਦੋਂ ਤੱਕ ਜੱਥੇਬੰਦੀ ਹੁਕਮ ਕਰੇਗੀ ਉਹ ਇਸ ਜਿੰਮੇਵਾਰੀ ਨੂੰ ਨਿਭਾਉਂਦੇ ਰਹਿਣਗੇ ਤੇ ਜਦੋਂ ਪਾਰਟੀ ਨੇ ਕਿਸੇ ਹੋਰ ਨੂੰ ਪ੍ਰਧਾਨ ਬਣਾਉਣਾ ਚਾਹਿਆ ਤਾਂ ਉਹ ਆਪਣਾ ਅਹੁਦਾ ਤਿਆਗ ਦੇਣਗੇ।

ਇਸ ਮੌਕੇ ਜਦੋਂ ਪੱਤਰਕਾਰਾਂ ਨੇ ਸੁਖਬੀਰ ਬਾਦਲ ਦਾ ਧਿਆਨ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾ. ਰਤਨ ਸਿੰਘ ਅਜਨਾਲਾ ਵਲੋਂ ਸੌਦਾ ਸਾਧ ਨੂੰ ਮਾਫ਼ੀ ਦਿੱਤੇ ਜਾਣ ਸਮੇਤ ਹੋਰ ਮੁੱਦਿਆਂ ਤੇ ਦਿੱਤੇ ਜਾ ਰਹੇ ਬਗਾਵਤੀ ਬਿਆਨਾਂ ਵੱਲ ਦੁਆਇਆ ਤਾਂ ਉਨ੍ਹਾਂ ਕਿਹਾ ਕਿ ਇਹ ਟਕਸਾਲੀ ਆਗੂ ਮੇਰੇ ਬਜ਼ੁਰਗ ਹਨ, ਮੈਂ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ ਤੇ ਇਸ ਲਈ ਇਹ ਲੋਕ ਕੀ ਕਹਿ ਰਹੇ ਹਨ ਉਹ ਇਸ ਸਬੰਧੀ ਕੋਈ ਗੱਲ ਵੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਪਾਰਟੀ ਦੇ ਬਜ਼ੁਰਗ ਹਨ ਤੇ ਮੈਨੂੰ ਪਾਰਟੀ ਦੀ ਪ੍ਰਧਾਨਗੀ ਸੌਂਪੀ ਗਈ ਹੈ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਵੱਡੇ ਬਾਦਲ ਕੋਲ ਜਾ ਸਕਦੇ ਹਨ ਜਾਂ ਮੇਰੇ ਕੋਲ ਆ ਜਾਣ ਨਹੀਂ ਤਾਂ ਮੈਨੂੰ ਵੀ ਉਨ੍ਹਾਂ ਕੋਲ ਜਾਣ ਤੇ ਕੋਈ ਇਤਰਾਜ਼ ਨਹੀਂ ਹੈ। ਸੁਖਬੀਰ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਇੱਕ ਪਰਿਵਾਰ ਹੈ ਤੇ ਇਹ ਟਕਸਾਲੀ ਆਗੂ ਉਸ ਪਰਿਵਾਰ ਦੇ ਬਜ਼ੁਰਗ ਹਨ ਜਿਨ੍ਹਾਂ ਦੇ ਉਹ ਪੈਰੀ ਹੱਥ ਲਾਉਂਦੇ ਹਨ।

ਉਕਤ ਸਾਰੀਆਂ ਗੱਲਾਂ ਦਾ ਨਿਚੋੜ ਹੈ ਕਿ ਇਸ ਵੇਲੇ ਸੁਖਬੀਰ ਸਿੰਘ ਬਾਦਲ ਇਸ ਹਾਲਤ ਵਿਚ ਨਹੀਂ ਹਨ ਕਿ ਉਹ ਚਾਰੇ ਪਾਸੇ ਸਿਆਸੀ ਮੋਰਚੇ ਖੋਲ੍ਹ ਕੇ ਅੰਦਰਲੇ ਅਤੇ ਬਾਹਰਲੇ ਕਲੇਸ਼ਾਂ ਦਾ ਮੁਕਾਬਲਾ ਕਰ ਸਕਣ। ਇਸ ਲਈ ਜਿਹੜੇ ਸੁਖਬੀਰ ਕੱਲ ਤੱਕ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਅਸਤੀਫਾ ਦੇਣ ਤੇ ਇਹ ਕਹਿ ਰਹੇ ਸਨ ਕਿ ਇਨ੍ਹਾਂ ਆਗੂਆਂ ਨੇ ਅਸਤੀਫਾ ਤਾਂ ਦਿੱਤਾ ਹੈ ਕਿਉਂਕਿ ਇਹ ਲੋਕ ਨੌਜਵਾਨ ਪੀੜ੍ਹੀ ਨੂੰ ਪਾਰਟੀ ਦੀ ਅਗਵਾਈ ਕਰਨ ਦੇਣ ਲਈ ਅੱਗੇ ਆਉਣ ਦਾ ਮੌਕਾ ਦੇਣਾ ਚਾਹੁੰਦੇ ਹਨ। ਜਿਹੜੇ ਸੁਖਬੀਰ ਅੰਮ੍ਰਿਤਸਰ ਰੇਲ ਹਾਦਸੇ ਮੌਕੇ ਪੀੜਤਾਂ ਨੂੰ ਮਿਲਣ ਗਏ ਡਾ. ਰਤਨ ਸਿੰਘ ਅਜਨਾਲਾ ਦੇ ਘਰ ਜਾਏ ਬਿਨਾਂ ਬਾਹਰੋਂ ਬਾਹਰ ਹੀ ਨਿਕਲ ਗਏ ਸਨ, ਉਹੀ ਸੁਖਬੀਰ ਅੱਜ ਇਨ੍ਹਾਂ ਟਕਸਾਲੀਆਂ ਵਲੋਂ ਅਪਣਾਏ ਗਏ ਬਗਾਵਤੀ ਸੁਰਾਂ ਤੋਂ ਬਾਅਦ ਬਜ਼ੁਰਗ ਬਜ਼ੁਰਗ ਕਹਿ ਕੇ ਮਨਾਉਣ ਲਈ ਇਨ੍ਹਾਂ ਦੇ ਘਰ ਤੱਕ ਜਾਣ ਦੀਆਂ ਗੱਲਾਂ ਕਰਨ ਲੱਗ ਪਏ ਹਨ।

Facebook Comments
Facebook Comment