• 11:51 am
Go Back

ਤੇਜ਼ੀ ਨਾਲ ਬਦਲ ਰਹੇ ਮੁਹਾਂਦਰੇ ਨੂੰ ਬੜੇ ਗੌਰ ਨਾਲ ਵੇਖਣ ਵਾਲੇ ਲੋਕਾਂ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ

– ਕੁਲਵੰਤ ਸਿੰਘ

ਚੰਡੀਗੜ੍ਹ : ਇਨ੍ਹੀਂ ਦਿਨੀਂ ਜੇਕਰ ਪੰਜਾਬ ਦਾ ਕੋਈ ਆਗੂ ਬੜੀ ਤੇਜ਼ੀ ਨਾਲ ਸਿੱਖ ਸੰਗਤ ਵਿੱਚ ਹਰਮਨ ਪਿਆਰਾ ਹੁੰਦਾ ਜਾ ਰਿਹਾ ਹੈ ਤਾਂ ਉਹ ਹਨ ਆਮ ਆਦਮੀ ਪਾਰਟੀ ਦੇ ਬਾਗੀ ਧੜੇ ਵਾਲੇ ਆਗੂ ਸੁਖਪਾਲ ਸਿੰਘ ਖਹਿਰਾ। ਕੁਝ ਸਮਾਂ ਪਹਿਲਾਂ ਖਹਿਰਾ ਦੇ ਵਿਰੋਧੀਆਂ ਵਲੋਂ ਇਹ ਕਹਿ ਕੇ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ ਕਿ ਇਹ ਸਭ ਸੋਸ਼ਲ ਮੀਡੀਆ ਦੀ ਕਰਾਮਾਤ ਹੈ ਤੇ ਖਹਿਰਾ ਨੂੰ ਸਿਰਫ਼ ਸੋਸ਼ਲ ਮੀਡੀਆ ਵਲੋਂ ਬਣਾਇਆ ਗਿਆ ਆਗੂ ਹੀ ਕਿਹਾ ਜਾ ਸਕਦਾ ਹੈ ਪਰ ਜਿਸ ਤਰ੍ਹਾਂ ਪਹਿਲਾਂ 7 ਅਕਤੂਬਰ ਵਾਲੇ ਦਿਨ ਕੋਟਕਪੁਰਾ ਤੋਂ ਬਰਗਾੜੀ ਮਾਰਚ ਅਤੇ ਉਸ ਤੋਂ ਬਾਅਦ 14 ਅਕਤੂਬਰ ਨੂੰ ਬਰਗਾੜੀ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕੀਤੇ ਗਏ ਸਮਾਗਮ ਵਿੱਚ ਖਹਿਰਾ ਵਲੋਂ ਦਿੱਤੇ ਗਏ ਸੱਦੇ ਤੇ ਉਨ੍ਹਾਂ ਦੀਆਂ ਹਮਖਿਆਲੀ ਪਾਰਟੀਆਂ ਨੇ ਹੁੰਗਾਰਾ ਭਰਿਆ ਤੇ ਬਰਗਾੜੀ ਵਿੱਚ ਉਹ ਸਾਰੇ ਲੋਕ ਭਾਰੀ ਇਕੱਠ ਕਰਨ ਵਿੱਚ ਕਾਮਯਾਬ ਰਹੇ ਉਸਨੂੰ ਦੇਖਦਿਆਂ ਖਹਿਰਾ ਦੇ ਵਿਰੋਧੀਆਂ ਵਲੋਂ ਕੀਤੇ ਜਾ ਰਹੇ ਉਕਤ ਦਾਅਵਿਆਂ ਦੀ ਫੂਕ ਨਿਕਲ ਗਈ ਹੈ।

ਅੱਜ ਸੁਖਪਾਲ ਖਹਿਰਾ ਨਾਲ ਜੁੜੀਆਂ ਜਿੰਨੀਆਂ ਵੀ ਖਬਰਾਂ ਸੋਸ਼ਲ ਮੀਡੀਆ ਤੇ ਪੈ ਰਹੀਆਂ ਹਨ ਉਸ ਉੱਤੇ ਦੁਨੀਆਂ ਭਰ ਦੇ ਪੰਜਾਬੀਆਂ ਤੇ ਖਾਸ ਕਰ ਗਰਮਖਿਆਲੀ ਸਿੱਖਾਂ ਵਲੋਂ ਜਿਸ ਤਰ੍ਹਾਂ ਖਹਿਰਾ ਦੇ ਹੱਕ ਵਿੱਚ ਕੁਮੈਂਟ ਕੀਤੇ ਜਾ ਰਹੇ ਹਨ ਉਸ ਨੂੰ ਦੇਖਦਿਆਂ ਹੁਣ ਇਹ ਕਿਆਸ ਲਾਏ ਜਾ ਰਹੇ ਹਨ ਕਿ ਸੁਖਪਾਲ ਖਹਿਰਾ ਆਉਣ ਵਾਲੇ ਸਮੇਂ ਵਿੱਚ ਬਹੁਤ ਜਲਦ ਗੁਰੂ ਵਾਲੇ ਬਣਨ ਜਾ ਰਹੇ ਹਨ। ਅਜਿਹਾ ਇਸ ਲਈ ਵੀ ਕਿਹਾ ਜਾ ਰਿਹਾ ਹੈ ਕਿਉਂਕਿ 7 ਅਕਤੂਬਰ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਸੁਖਪਾਲ ਖਹਿਰਾ ਦੇ ਚਿਹਰੇ ਦਾ ਮੁਹਾਂਦਰਾ ਵੀ ਬਦਲਦਾ ਜਾ ਰਿਹਾ ਹੈ। ਸੁਖਪਾਲ ਖਹਿਰਾ ਨੂੰ ਪਿਆਰ ਕਰਨ ਵਾਲੇ ਅਤੇ ਉਨ੍ਹਾਂ ਨੂੰ ਬਹੁਤ ਗੌਰ ਨਾਲ ਵੇਖਣ ਵਾਲੇ ਲੋਕਾਂ ਅਨੁਸਾਰ ਇਨ੍ਹੀਂ ਦਿਨੀਂ ਖਹਿਰਾ ਵਲੋਂ ਦਾੜ੍ਹੀ ਵਧਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਵਲੋਂ ਦਾੜ੍ਹੀ ਤੇ ਰੰਗ ਲਗਾ ਕੇ ਉਸ ਨੂੰ ਕਾਲਾ ਕਰਨਾ ਵੀ ਛੱਡ ਦਿੱਤਾ ਗਿਆ ਹੈ।

ਹੁਣ ਜੇਕਰ ਇਸ ਗੱਲ ਦੀ ਸਿਆਸੀ ਪਹਿਲੂ ਵਾਲੀ ਚੱਕਰੀ ਘੁਮਾਈਏ ਤਾਂ ਇਸ ਚੱਕਰੀ ਦੇ ਰੁਕਣ ਤੇ ਸਾਨੂੰ ਪਤਾ ਲੱਗੇਗਾ ਕਿ ਪੰਜਾਬ ਦੀ ਸਿਆਸਤ ਸਿੱਖ ਲੀਡਰਾਂ ਦੇ ਆਲੇ ਦੁਆਲੇ ਘੁੰਮਦੀ ਰਹੀ ਹੈ। ਇਸ ਵਿੱਚ ਭਾਵੇਂ ਪ੍ਰਕਾਸ਼ ਸਿੰਘ ਬਾਦਲ ਨੂੰ ਦੇਖਿਆ ਜਾਵੇ ਤਾਂ ਉਹ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ ਤੇ ਪੂਰੇ ਸਿੱਖੀ ਸਰੂਪ ਵਿੱਚ ਹਨ। ਕੈਪਟਨ ਅਮਰਿੰਦਰ ਸਿੰਘ ਦੋ ਵਾਰ ਪੰਜਾਬ ਦੀ ਸੱਤਾ ਤੇ ਕਾਬਜ਼ ਹੋਏ ਹਨ ਤੇ ਉਹ ਵੀ ਪੂਰੇ ਸਿੱਖੀ ਸਰੂਪ ਵਿੱਚ ਹਨ। ਸੁਖਬੀਰ ਬਾਦਲ ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਪਰ ਵਿੱਚ-ਵਿੱਚ ਰਹਿ ਰਹਿ ਕੇ ਉਨ੍ਹਾਂ ਨੂੰ ਸਿਆਸੀ ਚੂੰਡੀਆਂ ਵੱਢੀਆਂ ਜਾਂਦੀਆਂ ਹਨ ਕਿ ਸਿੱਖਾਂ ਦੀ ਪਾਰਟੀ ਦੀ ਨੁਮਾਇੰਦਗੀ ਕਰਨ ਵਾਲੇ ਸੁਖਬੀਰ ਨੇ ਆਪ ਖੁਦ ਅੰਮ੍ਰਿਤ ਛੱਕ ਕੇ ਭੰਗ ਕਰ ਦਿੱਤਾ ਹੈ। ਇਸਦੇ ਪਿੱਛੇ ਕਹਾਣੀ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੈ ਤੇ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜੱਥੇਬੰਦੀ ਮੰਨੀ ਜਾਂਦੀ ਹੈ। ਸ਼ਾਇਦ ਇਸੇ ਲਈ ਪੰਥ ਖਤਰੇ ਵਿੱਚ ਹੈ, ਦੀ ਦੁਹਾਈ ਦੇ ਕੇ ਪ੍ਰਕਾਸ਼ ਸਿੰਘ ਬਾਦਲ ਹੁਣ ਤੱਕ ਪੰਜ ਵਾਰ ਸੱਤਾ ’ਤੇ ਕਾਬਜ਼ ਵੀ ਰਹੇ ਹਨ।

ਕੁੱਲ ਮਿਲਾ ਕੇ ਇਨ੍ਹਾਂ ਗੱਲਾਂ ਦਾ ਨਤੀਜਾ ਇਹ ਨਿਕਲਦਾ ਹੈ ਕਿ ਪੰਜਾਬ ਦੀ ਸਿਆਸਤ ਪੂਰਨ ਸਿੱਖੀ ਸਰੂਪ ਵਾਲਾ ਲੀਡਰ ਭਾਲਦੀ ਹੈ, ਤੇ ਕਿਉਂਕਿ ਸੁਖਪਾਲ ਖਹਿਰਾ ਬੜੀ ਤੇਜ਼ੀ ਨਾਲ ਪੰਜਾਬ ਦੀ ਸਿਆਸਤ ਉੱਤੇ ਛਾਂਦੇ ਜਾ ਰਹੇ ਹਨ, ਸਿੱਖ ਜੱਥੇਬੰਦੀਆਂ ਨਾਲ ਸਟੇਜਾਂ ਵੀ ਸਾਂਝੀਆਂ ਕਰ ਰਹੇ ਹਨ ਤੇ ਦੁਨੀਆਂ ਭਰ ’ਚ ਬੈਠੇ ਨਰਮ ਅਤੇ ਗਰਮ ਖਿਆਲੀ ਸਿੱਖ ਖਹਿਰਾ ਦੀਆਂ ਨੀਤੀਆਂ ਨਾਲ ਸਹਿਮਤ ਹਨ ਇਸ ਲਈ ਖਹਿਰਾ ਉੱਤੇ ਇਹ ਦਬਾਅ ਬਣਦਾ ਜਾ ਰਿਹਾ ਹੈ ਕਿ ਉਹ ਇਨ੍ਹਾਂ ਜੱਥੇਬੰਦੀਆਂ ਨੂੰ ਨਾਲ ਜੋੜ ਕੇ ਰੱਖਣ ਲਈ ਪੂਰਨ ਸਿੱਖੀ ਸਰੂਪ ਵਿੱਚ ਆਉਣ ਅਤੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ। ਵੈਸੇ ਇਸ ਸਬੰਧ ਵਿੱਚ ਮੀਡੀਆ ਦੇ ਇੱਕ ਹਲਕੇ ਵਲੋਂ ਸੁਖਪਾਲ ਖਹਿਰਾ ਨੂੰ ਗੁਰੂ ਵਾਲਾ ਬਣਨ ਸਬੰਧੀ ਸਵਾਲ ਵੀ ਕੀਤਾ ਗਿਆ ਸੀ ਜਿਸਦਾ ਖਹਿਰਾ ਨੇ ਇਹ ਕਹਿੰਦਿਆਂ ਅੱਗੋਂ ਸਵਾਲ ਕਰ ਦਿੱਤਾ ਕਿ ਕੀ ਇਸ ਨਾਲ ਕਿਸੇ ਨੂੰ ਕੋਈ ਇਤਰਾਜ਼ ਹੈ?

ਇੱਕ ਲਾਈਨ ਦੇ ਇਸ ਉੱਤਰ ਨੇ ਲੋਕਾਂ ਨੂੰ ਸੁਖਪਾਲ ਖਹਿਰਾ ਦੇ ਤੇਜ਼ੀ ਨਾਲ ਬਦਲ ਰਹੇ ਮੁਹਾਂਦਰੇ ਵੱਲ ਬੜੀ ਗੌਰ ਨਾਲ ਦੇਖਣ ਲਈ ਮਜ਼ਬੂਰ ਕਰ ਦਿੱਤਾ ਹੈ। ਹੁਣ ਇਸਨੂੰ ਆਉਣ ਵਾਲੀਆਂ 2019 ਦੀਆਂ ਵੋਟਾਂ ਦੀ ਤਿਆਰੀ ਕਹਿ ਲਵੋ ਜਾਂ ਬਰਗਾੜੀ ਅਤੇ ਕੋਟਕਪੁਰਾ ਰੋਸ ਮਾਰਚ ਦੇ ਇਕੱਠ ਵਿੱਚ ਸਿੱਖ ਸੰਗਤ ਦਾ ਅਸਰ। ਪਰ ਜੇਕਰ ਸੁਖਪਾਲ ਖਹਿਰਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਦੇ ਹਨ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਨਾ ਸਿਰਫ਼ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦੇਣਗੇ ਬਲਕਿ ਵੱਡੀ ਤਦਾਦ ਵਿੱਚ ਸਿੱਖ ਵੋਟ ਉਨ੍ਹਾਂ ਨਾਲ ਹੋਰ ਜੁਣਨ ਦੀ ਸੰਭਾਵਨਾ ਵੱਧ ਜਾਵੇਗੀ।

Facebook Comments
Facebook Comment