• 4:43 am
Go Back

ਚੰਡੀਗੜ੍ਹ: ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ ‘ਚ ਆਈ ਕਾਂਗਰਸ ਸਰਕਾਰ ਦੇ ਮੰਤਰੀ ਹੁਣ ਨੌਕਰੀਆਂ ਤੇ ਲੱਗੇ ਹੋਏ ਮੁਲਾਜ਼ਮਾਂ ਦੀਆਂ ਨੌਕਰੀਆਂ ਖੋਹ ਕੇ ਉਹਨਾਂ ਨੂੰ ਘਰੋਂ ਘਰੀ ਬਿਠਾਉਣ ਦੀ ਤਿਆਰੀ ਵਿੱਚ ਹਨ। ਜੀ ਹਾਂ! ਇਸ ਦਾ ਐਲਾਨ ਵੀ ਹੋ ਚੁੱਕਾ ਹੈ ਤੇ ਇਹ ਐਲਾਨ ਕੀਤਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ, ਜਿਹਨਾਂ ਨੇ ਹੜਤਾਲੀ ਅਧਿਆਪਕਾਂ ਨੂੰ ਧਮਕਾਉਂਦਿਆਂ ਕਿਹਾ ਹੈ ਕਿ ਚੁੱਪ ਕਰਕੇ ਡਿਊਟੀ ‘ਤੇ ਆ ਜਾਓ, ਨਹੀਂ ਤਾਂ ਅਸੀਂ ਨੌਕਰੀਓਂ ਕੱਢਣ ਲੱਗਿਆਂ ਇਕ ਮਿੰਟ ਨਹੀਂ ਲਗਾਵਾਂਗੇ । ਸੋਨੀ ਅੱਜ ਇੱਥੇ ਆਰਿਅਨਜ਼ ਕਾਲਜ ਵਿਖੇ ਇਕ ਸਮਾਰੋਹ ਦੌਰਾਨ ਸ਼ਿਰਕਤ ਕਰਨ ਪਹੁੰਚੇ ਹੋਏ ਸਨ।
ਇਸ ਦੌਰਾਨ ਬੋਲਦਿਆਂ ਜਿਥੇ ਉਹਨਾਂ ਪ੍ਰਾਈਵੇਟ ਅਧਿਆਪਕਾਂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ, ਉਥੇ ਨਾਲ ਹੀ ਸਰਕਾਰੀ ਅਧਿਆਪਕਾਂ ਨੂੰ ਵੀ ਗੱਲਾਂ ਗੱਲਾਂ `ਚ ਸਬਕ ਲੈਣ ਦੀ ਨਸੀਹਤ ਦਿੱਤੀ। ਮੰਤਰੀ ਸਾਬ੍ਹ ਨੇ ਇਕ ਵਾਰ ਫੇਰ ਦਾਅਵਾ ਕੀਤਾ ਕਿ 99 ਫ਼ੀਸਦੀ ਸਰਕਾਰੀ ਅਧਿਆਪਕ ਸਿੱਖਿਆ ਵਿਭਾਗ ਦੀਆਂ ਨੀਤੀਆਂ ਨਾਲ ਸਹਿਮਤ ਨੇ, ਤੇ ਜਿਹੜੇ ਇਕ ਫ਼ੀਸਦੀ ਸਹਿਮਤ ਨਹੀਂ ਹਨ, ਉਹਨਾਂ ਨੂੰ ਵੀ ਸਹਿਮਤ ਕਰ ਲਿਆ ਜਾਵੇਗਾ ਤੇ ਜੇਕਰ ਉਹ ਫੇਰ ਵੀ ਸਹਿਮਤ ਨਾ ਹੋਏ, ਤਾਂ ਸਰਕਾਰ ਕੋਲ ਹੋਰ ਵੀ ਬਹੁਤ ਕਾਨੂੰਨੀ ਢੰਗ ਤਰੀਕੇ ਹਨ। ਮੰਤਰੀ ਸਾਬ੍ਹ ਨੇ ਇਹਨਾਂ ਕਾਨੂੰਨੀ ਢੰਗ ਤਰੀਕਿਆਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਇਹਨਾਂ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਹੁਣ ਤੱਕ ਜਿੰਨੀਆਂ ਵੀ ਪਾਰਟੀਆਂ ਚੋਣਾਂ ਮੌਕੇ ਜਿੱਤ ਦੀ ਚਾਹ ਨਾਲ, ਜਨਤਾ ਦੀ ਕਚਹਿਰੀ ਵਿੱਚ ਗਈਆਂ ਨੇ, ਉਹਨਾਂ ਦਾ ਇਕੋ ਹੀ ਦਾਅਵਾ ਹੁੰਦੈ, ਕਿ ਸੂਬੇ ‘ਚ ਬੇਰੁਜ਼ਗਾਰੀ ਵੱਧ ਰਹੀ ਹੈ ਤੇ ਸਰਕਾਰਾਂ ਸੁੱਤੀਆਂ ਪਈਆਂ ਹਨ। ਪਰ ਜਿਸ ਤਰ੍ਹਾਂ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ `ਚ ਆਈ ਕਾਂਗਰਸ ਸਰਕਾਰ ਦੇ ਇਸ ਮੰਤਰੀ ਨੇ ਨੌਕਰੀ `ਤੇ ਲੱਗੇ ਅਧਿਆਪਕਾਂ ਨੂੰ ਘਰ ਬਿਠਾਉਣ ਦਾ ਐਲਾਨ ਕਰਕੇ ਲੋਕਾਂ ਤੋਂ ਨੌਕਰੀਆਂ ਖੋਹਣ ਦੀ ਸ਼ੁਰੂਆਤ ਕੀਤੀ ਹੈ ਉਸ ਨਾਲ ਚੋਣਾਂ ਦੇ ਇਸ ਸਾਲ ਚ ਕਾਂਗਰਸ ਪਾਰਟੀ ਮੁਸੀਬਤ ‘ਚ ਪੈ ਸਕਦੀ ਹੈ ਕਿਉਂਕਿ ਪੰਜਾਬ ਦੇ ਇਤਿਹਾਸ `ਚ ਇਹ ਆਪਣੇ ਆਪ ਦਾ ਪਹਿਲਾ ਮਾਮਲਾ ਹੈ ਜਦੋਂ ਸਰਕਾਰ ਲੱਗੇ ਹੋਏ ਲੋਕਾਂ ਨੂੰ ਸਿਰਫ ਇਸ ਲਈ ਨੌਕਰਿਓਂ ਕੱਢੇਗੀ ਕਿਉਂਕਿ ਉਹ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਅਜਿਹੇ ਵਿੱਚ ਮੰਤਰੀ ਸਾਬ੍ਹ ਵੱਲੋਂ ਦਿੱਤੀ ਗਈ ਇਸ ਧਮਕੀ ਨੂੰ ਅਧਿਆਪਕ ਕਿਸ ਢੰਗ ਨਾਲ ਲ਼ੈਂਦੇ ਨੇ ਤੇ ਇਹ ਇੱਕ ਬਿਆਨ ਨੂੰ ਮੌਕੇ ਦੀ ਤਾਕ ਚ ਬੈਠੀਆਂ ਸਰਕਾਰ ਵਿਰੋਧੀ ਪਾਰਟੀਆਂ ਕਿਸ ਢੰਗ ਨਾਲ ਲੈਂਦੀਆਂ ਨੇ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ।

Facebook Comments
Facebook Comment