• 2:44 am
Go Back

ਢਾਕਾ- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ‘ਚ ਹਾਈ ਕੋਰਟ ਤੋਂ ਮਿਲੀ ਜ਼ਮਾਨਤ ‘ਤੇ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰੋਕ ਲਗਾ ਦਿੱਤੀ। ਇਸ ਨਾਲ ਜੇਲ੍ਹ ‘ਚ ਬੰਦ ਜ਼ਿਆ ਦੀ ਰਿਹਾਈ ਅਟਕਣ ਦੇ ਨਾਲ ਹੀ ਉਨ੍ਹਾਂ ਦੀ ਸਿਆਸੀ ਉਮੀਦਾਂ ਨੂੰ ਵੀ ਤਗੜਾ ਝਟਕਾ ਲੱਗਾ ਹੈ। ਬੰਗਲਾਦੇਸ਼ ‘ਚ ਇਸੇ ਸਾਲ ਆਮ ਚੋਣਾਂ ਹੋਣੀਆਂ ਹਨ। ਜ਼ਿਆ (72) ਨੂੰ 8 ਫਰਵਰੀ ਨੂੰ ਆਪਣੇ ਪਤੀ ਅਤੇ ਬੰਗਲਾਦੇਸ਼ ਦੇ ਸਾਬਕਾ ਫ਼ੌਜੀ ਸ਼ਾਸਕ ਜ਼ਿਆਉਰ ਰਹਿਮਾਨ ਦੇ ਨਾਂ ‘ਤੇ ਬਣੇ ਟਰੱਸਟ ਨੂੰ ਵਿਦੇਸ਼ ਤੋਂ ਮਿਲੇ ਚੰਦੇ ‘ਚ ਹੇਰਾਫੇਰੀ ਕਰਨ ਦੇ ਦੋਸ਼ ‘ਚ ਪੰਜ ਸਾਲ ਦੀ ਸਜ਼ਾ ਹੋਈ ਸੀ। ਦੋਸ਼ ਹੈ ਕਿ ਉਨ੍ਹਾਂ ਨੇ ਜ਼ਿਆ ਅਨਾਥ ਆਸ਼ਰਮ ਟਰੱਸਟ ਦੇ ਚੰਦੇ ‘ਚ ਢਾਈ ਲੱਖ ਡਾਲਰ (ਕਰੀਬ 1.62 ਕਰੋੜ ਰੁਪਏ) ਦੀ ਹੇਰਾਫੇਰੀ ਕੀਤੀ। ਇਸੇ ਮਾਮਲੇ ‘ਚ ਉਨ੍ਹਾਂ ਦੇ ਬੇਟੇ ਤਾਰਿਕ ਰਹਿਮਾਨ ਅਤੇ ਚਾਰ ਹੋਰ ਲੋਕਾਂ ਨੂੰ ਦਸ-ਦਸ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਹਾਈ ਕੋਰਟ ਨੇ 12 ਮਾਰਚ ਨੂੰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੀ ਨੇਤਾ ਜ਼ਿਆ ਨੂੰ ਚਾਰ ਮਹੀਨੇ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਭ੍ਰਿਸ਼ਟਾਚਾਰ ਰੋਕੂ ਕਮਿਸ਼ਨ (ਏਸੀਸੀ) ਦੇ ਵਕੀਲ ਖੁਰਸ਼ੀਦ ਆਲਮ ਖ਼ਾਨ ਮੁਤਾਬਕ, ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸਈਅਦ ਮਹਿਮੂਦ ਹੁਸੈਨ ਦੀ ਅਗਵਾਈ ਵਾਲੇ ਪੂਰਨ ਬੈਂਚ ਨੇ ਹਾਈ ਕੋਰਟ ਦੇ ਫੈਸਲੇ ‘ਤੇ 8 ਮਈ ਤਕ ਰੋਕ ਲਗਾ ਦਿੱਤੀ ਹੈ। ਹੁਣ 8 ਮਈ ਤੋਂ ਪਹਿਲਾਂ ਜ਼ਿਆ ਜੇਲ੍ਹ ਤੋਂ ਰਿਹਾਅ ਨਹੀਂ ਹੋ ਸਕਣਗੇ। ਸੁਪਰੀਮ ਕੋਰਟ ਨੇ ਏਸੀਸੀ ਅਤੇ ਸਰਕਾਰ ਨੂੰ ਇਸ ਕੇਸ ‘ਚ ਦੋ ਹਫ਼ਤੇ ਅੰਦਰ ਆਪਣਾ ਪੱਖ ਰੱਖਣ ਲਈ ਕਿਹਾ ਹੈ।

Facebook Comments
Facebook Comment